-moz-user-select:none; -webkit-user-select:none; -khtml-user-select:none; -ms-user-select:none; user-select:none;

Saturday, August 17, 2013

ਹਵਾ ਦੇ ਬੁੱਲੇ



ਗੁਰਚਰਨ ਚੌਹਾਨ

ਵਿਦੇਸ਼ੋਂ ਪਰਤਿਆ ਸ਼ੇਖਰ ਭਾਵੁਕ ਹੁੰਦਿਆਂ ਦਿੱਲੀਓਂ ਦੂਜੇ ਦਰਜੇ ਦੇ ਡੱਬੇ ਵਿੱਚ ਸਵਾਰ ਹੋ ਗਿਆ। ਦੂਜੇ ਦਰਜੇ ਦੇ ਡੱਬੇ ਅੰਦਰ ਹੁੰਮਸ ਸੀ ਤੇ ਅੱਤ ਦੀ ਗਰਮੀ। ਦੋ ਕੁ ਸਟੇਸ਼ਨ ਲੰਘ ਟੀ.ਟੀ. ਨਾਲ ਸੰਪਰਕ ਕਰਕੇ ਉਹ ਪਹਿਲੇ ਦਰਜੇ ਦੇ ਡੱਬੇ ਵਿੱਚ ਜਾ ਬੈਠਾ। ਏ.ਸੀ. ਡੱਬੇ ਵਿੱਚ ਬੈਠਦਿਆਂ ਉਸ ਨੂੰ ਇੱਕ ਵਾਰ ਤਾਂ ਜਾਪਿਆ, ਜਿਵੇਂ ਉਹ ਨਰਕ ਵਿੱਚੋਂ ਨਿਕਲ ਕੇ ਸਵਰਗ ਵਿੱਚ ਆ ਬੈਠਾ ਹੋਵੇ।
ਦੋ ਕੁ ਸਟੇਸ਼ਨ ਲੰਘਣ ਬਾਦ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉੱਥੇ ਹੋਰ ਹੀ ਤਰ੍ਹਾਂ ਦੀ ਹੁੰਮਸ ਸੀ, ਚੁੱਪ-ਚੁਪੀਤੇ ਅਖ਼ਬਾਰ ਪੜ੍ਹ ਰਹੇ ਲੋਕ, ਆਪਣੇ ਆਪ ਵਿੱਚ ਮਸਤ ਇੱਕ ਦੂਜੇ ਨੂੰ ਘੂਰ ਰਹੇ ਲੋਕ, ਇੱਕ ਬੋਝਲ ਜਿਹਾ ਵਾਤਾਵਰਣ ਚਾਰ ਚੁਫੇਰੇ, ਉਸ ਦੇ ਕੰਨ ਤਾਂ ਤਰਸ ਰਹੇ ਸਨ, ਉਸਦੀ ਮਾਂ ਬੋਲੀ ਦੇ ਮਿਸ਼ਰੀ ਵਰਗੇ ਮਿੱਠੇ ਸੁਣਨ ਨੂੰ। ਉਸ ਨੂੰ ਜਾਪਿਆ, ਜਿਵੇਂ ਉਹ ਏ.ਸੀ. ਡੱਬੇ ਵਿੱਚ ਨਹੀਂ, ਮੁੜ ਵਿਦੇਸ਼ ਵਿੱਚ ਜਾ ਬੈਠਾ ਹੋਵੇ।
ਕੋਈ ਸਟੇਸ਼ਨ ਆਇਆ। ਗੱਡੀ ਰੁਕੀ। ਉਹ ਪਹਿਲੇ ਦਰਜੇ ਵਿੱਚੋਂ ਛਾਲ ਮਾਰ ਦੂਜੇ ਦਰਜੇ ਦੇ ਡੱਬੇ ਵਿੱਚ ਜਾ ਬੈਠਾ। ਉਸ ਦੀ ਸ਼ਖਸੀਅਤ ਦੀ ਦਿੱਖ ਨੂੰ ਵੇਖਦਿਆਂ, ਇੱਕ ਬਾਰੀ ਨਾਲ ਬੈਠੇ ਅਧਖੜ ਪੇਂਡੂ ਮੁਸਾਫਰ ਨੇ ਆਪਣੇ ਝੋਲੇ ਵਿੱਚੋਂ ਇੱਕ ਬੁੱਕ ਮੂੰਗਫਲੀਆਂ ਦਾ ਉਸ ਵੱਲ ਵਧਾਇਆ। ਉਸ ਨੇ ਮੂੰਗਫਲੀਆਂ ਦੋਹਾਂ ਹੱਥਾਂ ਦਾ ਬੁੱਕ ਬਣਾ ਪ੍ਰਸ਼ਾਦ ਵਾਂਗ ਲੈ ਲਈਆਂ। ਆਸੇ ਪਾਸੇ ਬੈਠੀਆਂ ਸਵਾਰੀਆਂ ਮੂੰਗਫਲੀਆਂ ਪਹਿਲਾਂ ਹੀ ਖਾ ਰਹੀਆਂ ਸਨ। ਉਸ ਅਨੁਮਾਨ ਲਾਇਆ, ਇਹ ਇਸ ਪੇਂਡੂ ਵੱਲੋਂ ਉਨ੍ਹਾਂ ਨੂੰ ਵੰਡਿਆ ਗਿਆ ਪ੍ਰਸ਼ਾਦ ਸੀ।
ਸੀਟ ਉੱਤੇ ਬੈਠ, ਬਾਰੀ ਵਿੱਚ ਕੁਹਣੀ ਰੱਖ, ਸ਼ਰਟ ਦਾ ਕਾਲਰ ਧੌਣ ਤੋਂ ਪਿਛਾਂਹ ਸੁੱਟਦਿਆਂ, ਉਸਨੇ ਮਹਿਸੂਸ ਕੀਤਾ ਹਵਾ ਦੇ ਬੁੱਲੇ ਉਸ ਦੀ ਗਰਦਨ ਦੁਆਲੇ ਸਪਰਸ਼ ਕਰ ਰਹੇ ਸਨ।
                                      -0-

No comments: