-moz-user-select:none; -webkit-user-select:none; -khtml-user-select:none; -ms-user-select:none; user-select:none;

Sunday, July 7, 2013

ਛੁਟਕਾਰਾ



 ਜਸਬੀਰ ਢੰਡ

ਮਾਂ ਬਿਆਸੀਆਂ ਸਾਲਾਂ ਦੀ ਹੋ ਗਈ ਹੈ। ਕਈ ਵਾਰ ਮੌਤ ਦੇ ਮੂੰਹੋਂ ਹੇ ਕੋ ਬਚੀ ਹੈ। ਹੁਣ ਹਾਲਤ ਖਸਤਾ ਹੀ ਹੈ।
ਦਿੱਲੀ ਵਾਲੇ ਮਾਮੇ ਨੂੰ ਗੁਜ਼ਰਿਆਂ ਕਈ ਸਾਲ ਹੋ ਗਏ ਹਨ। ਮਾਮੀ ਵਿਦਿਆਵਤੀ ਮਾਮੇ ਦੀ ਪੈਨਸ਼ਨ ਨਾਲ ਗੁਜ਼ਾਰਾ ਕਰੀ ਜਾਂਦੀ ਹੈ। ਦੋ ਮੁੰਡੇ ਹਨ, ਪਰ ਦੋਹਾਂ ਦੀ ਆਪਸ ਵਿਚ ਅਣਬਣ ਰਹਿੰਦੀ ਹੈ। ਮਾਮਾ ਜਿਉਂਦੇ ਜੀਅ ਅੱਧਾ-ਅੱਧਾ ਮਕਾਨ ਦੋਹਾਂ ਮੁੰਡਿਆਂ ਦੇ ਨਾਂ ਲਗਵਾ ਗਿਆ ਸੀ। ਛੋਟਾ, ਕਸਟਮ ਅਫਸਰ ਤਾਂ ਉਦੋਂ ਹੀ ਆਪਣੇ ਹਿੱਸੇ ਦਾ ਮਕਾਨ ਕਿਰਾਏ ਉੱਤੇ ਦੇ ਕੇ ਅੱਡ ਪਟੇਲ ਨਗਰ ਰਹਿਣ ਲੱਗ ਪਿਆ ਸੀ।
ਪਿਛਲੇ ਸਾਲ ਮਾਮੀ ਗੁਸਲਖਾਨੇ ਵਿਚ ਤਿਲਕ ਕੇ ਡਿੱਗ ਪਈ ਸੀ ਤੇ ਚੂਲਾ ਟੁੱਟ ਜਾਣ ਕਾਰਨ ਮੰਜੇ ਜੋਗੀ ਰਹਿ ਗਈ ਸੀ। ਛੋਟੇ, ਕਸਟਮ ਅਫਸਰ ਨੇ ਤਾਂ ਇਹ ਆਖਕੇ ਮਾਮੀ ਨੂੰ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸਦੇ ਬੱਚੇ ਛੋਟੇ ਹਨ, ਇਨਫੈਕਸ਼ਨ ਦਾ ਡਰ ਹੈ। ਵੱਡੇ ਨੇ ਮਾਮੀ ਨੂੰ  ਮਿਲਦੀ ਪੈਨਸ਼ਨ ਵਿੱਚੋਂ ਹਜ਼ਾਰ ਰੁਪਏ ਮਹੀਨੇ ਉੱਤੇ ਮਾਈ ਰੱਖ ਦਿੱਤੀ ਸੀ। ਉਹੀ ਚੌਵੀ ਘੰਟੇ ਮਾਮੀ ਨੂੰ ਸਾਂਭਦੀ। ਆਪ ਉਹਨਾਂ ਨੂੰ ਕੰਮਾਂ-ਧੰਦਿਆਂ ਵਿੱਚੋਂ ਵਿਹਲ ਘੱਟ ਹੀ ਮਿਲਦੀ ਸੀ।
ਮੈਂ ਕੱਲ੍ਹ ਹਨੇਰੇ ਹੋਏ ਬਜ਼ਾਰੋਂ ਆਇਆਂ ਤਾਂ ਮੁੰਡੇ ਨੇ ਕਿਹਾ, ਡੈਡੀ, ਦਿੱਲੀ ਤੋਂ ਫੋਨ ਆਇਆ ਸੀ। ਤੁਹਾਡੀ ਮਾਮੀ ਵਿਦਿਆਵਤੀ ਸੁਰਗਵਾਸ ਹੋ ਗਈ।
ਮਾਤਾ ਨੂੰ ਤਾਂ ਨਹੀਂ ਦੱਸਿਆ?ਮੈਂ ਮੁੰਡੇ ਨੂੰ ਪੁੱਛਿਆ।
ਮੈਨੂੰ ਡਰ ਸੀ ਕਿ ਮਾਤਾ ਲਈ ਇਹ ਸਦਮਾ ਝੱਲਣਾ ਔਖਾ ਹੋਵੇਗਾ। ਤੀਵੀਆਂ ਭਾਵੇਂ ਬੁੱਢੀਆਂ ਹੋ ਜਾਣ, ਪਰ ਪੇਕਿਆਂ ਵੱਲੋਂ ਭਰਾ-ਭਰਜਾਈਆਂ ਦਾ ਮੋਹ, ਫ਼ਿਕਰ ਕਰਦੀਆਂ ਰਹਿੰਦੀਆਂ ਹਨ। ਐਵੇਂ ਸੁਣ ਕੇ ਵਿਰਲਾਪ ਕਰੇਗੀ।
ਮਾਤਾ ਨੂੰ ਤਾਂ ਦੱਸ ਦਿੱਤਾ।ਮੁੰਡੇ ਨੇ ਜਿਵੇਂ ਸਰਸਰੀ ਜਿਹੇ ਕਿਹਾ।
ਫੇਰ? ਮਾਤਾ ਰੋਈ ਕੁਰਲਾਈ ਨੀਂ?
ਨਾਂ…ਹ! ਉਹ ਤਾਂ ਕਹਿੰਦੀ, ‘ਚਲੋ! ਛੁੱਟ ਗਈ ਦੋਜਖ ਤੋਂ’…!
ਮੇਰੇ ਸਿਰ ਤੋਂ ਜਿਵੇਂ ਬੋਝ ਜਿਹਾ ਉੱਤਰ ਗਿਆ।
ਮਾਂ ਦੇ ਕਮਰੇ ਵਿਚ ਗਿਆ ਤਾਂ ਉਹ ਹਨੇਰੇ ਵਿਚ ਹੀ ਪਈ ਹੋਈ ਸੀ, ਬੇਅਵਾਜ਼। ਲਾਈਟ ਜਗਾਈ ਤਾਂ ਵੇਖਿਆ, ਉਹ ਮੂੰਹ ਸਿਰ ਵਲ੍ਹੇਟੀ ਪਈ ਹੌਲੀ-ਹੌਲੀ ਸੁਬਕ ਰਹੀ ਸੀ। ਸਰ੍ਹਾਣੇ ਦਾ ਇਕ ਪਾਸਾ ਗਿੱਲਾ ਸੀ।
                                    -0-
                                                                                                            
                                                                           




No comments: