-moz-user-select:none; -webkit-user-select:none; -khtml-user-select:none; -ms-user-select:none; user-select:none;

Sunday, July 14, 2013

ਸਾਈਕਲ ਵਾਲਾ ਮੁੰਡਾ



ਹਰਦੇਵ ਚੌਹਾਨ

ਨਾ ਚਾਹੁੰਦਿਆਂ ਵੀ, ਵਾਲੀਆ ਮਾਸਟਰ ਲੇਟ ਹੋ ਗਿਆ ਸੀ। ਪੂਰੇ ਨੌਂ ਵਜੇ ਬੱਸ ਨੇ ਉਸਨੂੰ ਸਕੂਲ ਵਾਲੇ ਅੱਡੇ ਤੇ ਉਤਾਰਿਆ ਸੀ। ਬੱਸ ਚੋਂ ਉਤਰਦਿਆਂ ਸਾਰ ਹੀ ਉਹ ਟਾਂਗਿਆਂ ਵਾਲੇ ਅੱਡੇ ਵੱਲ ਹੋ ਤੁਰਿਆ। ਆਪਣੇ ਨੇਮ ਅਨੁਸਾਰ, ਟਾਂਗੇ ਵਾਲਾ ਵੀ ਭੈਣਜੀਆਂ ਨੂੰ ਲੈ ਕੇ ਜਾ ਚੁੱਕਾ ਸੀ। ਹਿਸਾਬ ਵਾਲੇ ਮਾਸਟਰ ਬਲਵਿੰਦਰ ਪਾਲ ਨੂੰ ਉੱਥੇ ਵੇਖਕੇ ਉਸਨੂੰ ਕੁਝ ਹੌਂਸਲਾ ਤਾਂ ਹੋਇਆ, ਪਰ ਮੁੱਖ-ਅਧਿਆਪਕਾ ਨੂੰ ਲੈ ਕੇ ਉਸਦਾ ਡਰ ਬਰਕਰਾਰ ਸੀ, ਜਿਸ ਵਿੱਚ ਛੁੱਟੀ ਵੀ ਕੱਟੀ ਜਾਣੀ ਸੀ ਤੇ ਝਿੜਕਾਂ ਵੀ ਪੈਣੀਆਂ ਸਨ।
ਘੜੀ ਨੂੰ ਵੇਖਦਿਆਂ ਵਾਲੀਆ ਮਾਸਟਰ ਨੇ ਬਲਵਿੰਦਰ ਪਾਲ ਨੂੰ ਕਿਹਾ, ਤਿੰਨ-ਚਾਰ ਕਿਲੋਮੀਟਰ ਦਾ ਪੈਂਡਾ ਤਹਿ ਕਰਨ ਲਈ ਪੰਝੀ-ਤੀਹ ਮਿੰਟ ਤਾਂ ਬਰਬਾਦ ਹੋ ਹੀ ਜਾਣਗੇ
ਸਾਹਮਣਿਉਂ ਸਾਈਕਲ ਤੇ ਆ ਰਹੇ ਇੱਕ ਮੁੰਡੇ ਨੂੰ ਵੇਖਕੇ ਬਲਵਿੰਦਰ ਪਾਲ ਨੇ ਵਾਲੀਆ ਮਾਸਟਰ ਦੇ ਮੋਢੇ ਤੇ ਥਪਕੀ ਮਾਰਦਿਆਂ ਕਿਹਾ, ਬਣ ਗਈ ਗੱਲ, ਅਸੀਂ ਮੁੰਡੇ ਦਾ ਸਾਈਕਲ ਲੈ ਕੇ ਦਸ ਮਿੰਟਾਂ ਵਿੱਚ ਸਕੂਲ ਪਹੁੰਚ ਜਾਵਾਂਗੇ। ਮੁੰਡਾ ਆਪੇ ਤੁਰ ਕੇ ਆ ਜਾਵੇਗਾ।
ਮੁੰਡੇ ਨੂੰ ਰੁਕਣ ਦਾ ਇਸ਼ਾਰਾ ਕਰਕੇ ਮਾਸਟਰ ਬਲਵਿੰਦਰ ਪਾਲ ਸਾਈਕਲ ਫੜ੍ਹਨ ਲਈ ਅੱਗੇ ਵਧਿਆ, ਪਰ ਮੁੰਡੇ ਨੇ ਉਸ ਵੱਲ ਵੇਖਿਆ, ਘੰਟੀ ਵਜਾਈ ਤੇ ਬਾਂਹ ਖੜੀ ਕਰਕੇ ਬਿਨਾਂ ਰੁਕਿਆਂ ਇਹ ਕਹਿੰਦਾ ਹੋਇਆ ਅੱਗੇ ਲੰਘ ਗਿਆ, ਮਾਸਟਰ ਜੀ, ਹੁਣ ਮੈਂ ਸਕੂਲੋਂ ਹਟ ਗਿਆ
ਹੱਕੇ-ਬੱਕੇ ਖੜੇ ਮਾਸਟਰਾਂ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਾਈਕਲ ਵਾਲਾ ਮੁੰਡਾ ਉਹਨਾਂ ਦੇ ਪੈਰਾਂ ਹੇਠਲੀ ਜ਼ਮੀਨ ਨੂੰ ਸਮੇਟ ਕੇ ਲੈ ਗਿਆ ਹੋਵੇ।
                                      -0-

No comments: