-moz-user-select:none; -webkit-user-select:none; -khtml-user-select:none; -ms-user-select:none; user-select:none;

Monday, July 1, 2013

ਜਸ਼ਨ



ਬਿਕਰਮਜੀਤ ਨੂਰ

ਪ੍ਰਿੰਸੀਪਲ ਵੱਲੋਂ ਜਿਸ ਤਰ੍ਹਾਂ ਦਾ ਰੁਖ ਅਖਤਿਆਰ ਕੀਤਾ ਗਿਆ ਸੀ, ਮਨਜੀਤ ਦੇ ਦਿਮਾਗ ਵਿੱਚੋਂ ਨਿਕਲ ਹੀ ਨਹੀਂ ਰਿਹਾ ਸੀ। ਉਸ ਨੇ ਕੁਝ ਗਲਤ ਵੀ ਤਾਂ ਨਹੀਂ ਸੀ ਕੀਤਾ। ਪਿਛਲੇ ਚਾਰ ਸਾਲ ਤੋਂ ਉਹ ‘ਮਾਪੇ-ਅਧਿਆਪਕ ਸਭਾ’ ਫੰਡ ਵਿੱਚੋਂ ਦੋ ਹਜ਼ਾਰ ਰੁਪਏ ਮਹੀਨਾ ’ਤੇ ਇਸ ਸਕੂਲ ਦੇ ਬੱਚਿਆਂ ਨੂੰ ਸਖਤ ਮਿਹਨਤ ਨਾਲ ਪੜ੍ਹਾ ਰਹੀ ਸੀ।
ਨਵਾਂ ਤਨਖਾਹ ਕਮਿਸ਼ਨ ਲਾਗੂ ਹੋ ਜਾਣ ਨਾਲ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਬੇਤਹਾਸ਼ਾ ਵਾਧਾ ਹੋ ਗਿਆ ਸੀ। ਇੱਕੋ ਵਾਰੀ ਛੇ-ਛੇ, ਸੱਤ-ਸੱਤ ਹਜ਼ਾਰ ਦਾ ਫਾਇਦਾ ਅਤੇ ਬਕਾਇਆ ਅੱਡ ਬਣਦਾ ਸੀ। ਪ੍ਰਿੰਸੀਪਲ ਦੀ ਤਨਖਾਹ ਤਾਂ ਪੰਜਾਹ ਹਜ਼ਾਰ ਰੁਪਏ ਦੇ ਨੇੜੇ ਜਾ ਪਹੁੰਚੀ ਸੀ। ਸਕੂਲ ਵਿਚ ਸਾਂਝੇ ਤੌਰ ’ਤੇ ਜਸ਼ਨ ਮਨਾਇਆ ਗਿਆ ਸੀ। ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ ਸੀ। ਗਿੱਧੇ ਸਮੇਤ ਬੱਚਿਆਂ ਦੀਆਂ ਹੋਰ ਬਹੁਤ ਸਾਰੀਆਂ ਆਈਟਮਾਂ ਮਨਜੀਤ ਨੇ ਹੀ ਤਿਆਰ ਕਰਵਾਈਆਂ ਸਨ। ਉਹ ਖੁਦ ਆਪਣੇ ਸਕੂਲ ਦੇ ਸਮੇਂ ਦੌਰਾਨ ਅਜਿਹੀਆਂ ਸਭਿਆਚਾਰਕ ਸਰਗਰਮੀਆਂ ਵਿਚ ਮੋਹਰੀ ਰਹਿ ਚੁੱਕੀ ਸੀ।
ਲੰਮਾ ਸਮਾਂ ਪ੍ਰੋਗਰਾਮ ਚੱਲਿਆ। ਨਾਲੋ-ਨਾਲ ਚਾਹ-ਪਾਣੀ, ਠੰਡਾ-ਮਿੱਠਾ ਵੀ ਚਲਦਾ ਰਿਹਾ। ਅੰਤ ਉੱਤੇ ਪ੍ਰਿੰਸੀਪਲ ਨੇ ਆਪਣੇ ਵਿਚਾਰ ਰੱਖੇ ਸਨ। ਉਸ ਨੇ ਮਨਜੀਤ ਦੀ ਅੱਜ ਦੀ ਸਮੁੱਚੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਸੀ। ਖੁਸ਼ੀ ਨਾਲ ਮਨਜੀਤ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਸੀ।
ਤੇ ਇਹੀ ਖੁਸ਼ੀ ਉਸ ਨੂੰ ਪ੍ਰਿੰਸੀਪਲ ਦੇ ਦਫ਼ਤਰ ਵੱਲ ਖਿੱਚ ਕੇ ਲੈ ਗਈ ਸੀ। ਗਰੀਬ ਪਰਵਾਰ ਦੀ ਲਾਇਕ ਕੁੜੀ ਮਨਜੀਤ ਨੂੰ ਬੱਸ ਰਾਹੀਂ ਆਉਣਾ-ਜਾਣਾ ਪੈਂਦਾ ਸੀ। ਕਿਰਾਏ-ਭਾੜੇ ਅਤੇ ਚਾਹ ਆਦਿ ਉੱਤੇ ਹੀ ਮਹੀਨੇ ਦੇ ਪੰਜ ਸੌ ਰੁਪਏ ਖਰਚ ਹੋ ਜਾਂਦੇ ਸਨ। ਕੱਲ ਦੇ ਸੁਖਾਵੇਂ ਮਾਹੌਲ ਨੂੰ ਦੇਖਦੇ ਹੋਏ, ਏਨੇ ਕੁ ਰੁਪਏ ਵਧਾ ਦੇਣ ਦੀ ਉਸ ਨੇ ਅੱਜ ਪ੍ਰਿੰਸੀਪਲ ਨੂੰ ਸਨਿਮਰ ਗੁਜ਼ਾਰਿਸ਼ ਕੀਤੀ ਸੀ।
ਬੇਟੇ, ਇਹ ਤਾਂ ਬਿਲਕੁਲ ਸੰਭਵ ਨਹੀਂ।ਪ੍ਰਿੰਸੀਪਲ ਦੁਆਰਾ ਬੋਲੇ ਗਏ ਸ਼ਬਦ ‘ਬੇਟੇ’ ਵਿਚ ਅਪਣੱਤ ਦੀ ਭਾਵਨਾ ਹੁੰਦੀ ਤਾਂ ਉਹ ਕੋਈ ਅਗਲਾ ਸਵਾਲ ਵੀ ਕਰਦੀ। ਪ੍ਰਿੰਸੀਪਲ ਨੇ ਤਾਂ ਉਸ ਵੱਲ ਦੇਖਿਆ ਹੀ ਨਹੀਂ ਸੀ ਤੇ ਮੇਜ ਦੇ ਸ਼ੀਸ਼ੇ ਦੇ ਥੱਲੇ ਰੱਖੇ ਟਾਈਮ-ਟੇਬਲ ਵੱਲ ਦੇਖਣ ਲੱਗ ਪਿਆ ਸੀ, ਜਿਵੇਂ ਉਹ ਪੀਰੀਅਡ ਛੱਡ ਕੇ ਦਫ਼ਤਰ ਵਿੱਚ ਆ ਪਹੁੰਚੀ ਹੋਵੇ।
ਅੱਠਾਂ ਵਿੱਚੋਂ ਸੱਤ ਪੀਰੀਅਡ ਉਸ ਦੇ ਲੱਗੇ ਹੁੰਦੇ ਸਨ, ਪਰ ਉਹ ਆਪਣੇ ਖਾਲੀ ਪੀਰੀਅਡ ਵਿਚ ਹੀ ਆਈ ਸੀ।
ਹੱਕੀ ਬੱਕੀ ਹੋਈ ਮਨਜੀਤ ਨੂੰ ਵਾਪਸ ਜਾਂਦੀ ਹੋਈ ਨੂੰ ਪ੍ਰਿੰਸੀਪਲ ਸਾਹਿਬ ਨੇ ਇਹ ਵੀ ਸੁਣਾ ਕੇ ਕਹਿ ਦਿੱਤਾ ਸੀ, ਟੀਚਰ ਤਾਂ ਇਸ ਤੋਂ ਵੀ ਘੱਟ ਤਨਖਾਹ ’ਤੇ ਕੰਮ ਕਰਨ ਨੂੰ ਤਿਆਰ ਹੈਗੇ ਐ, ਤੇ ਤੁਸੀਂ… ਅਧੂਰਾ ਵਾਕ ‘ਸਾਹਿਬ’ ਦੇ ਨੱਕ ’ਚੋਂ ਨਿਕਲੇ ਫੂੰਕਾਰੇ ਵਿਚ ਜਿਵੇਂ ਅਲੋਪ ਹੋ ਗਿਆ ਸੀ।
ਤੇ ਅਗਲੇ ਦਿਨ ਮਨਜੀਤ ਦਾ ਇੱਕੋ-ਇੱਕ ਖਾਲੀ ਪੀਰੀਅਡ ਵੀ ਉਸ ਦੇ ਟਾਈਮ-ਟੇਬਲ ਵਿਚ ਸ਼ਾਮਲ ਕਰ ਲਿਆ ਗਿਆ ਸੀ।
                                      -0-

                                                                         

2 comments:

Unknown said...

ਬਹੁਤ ਹੀ ਵਧੀਆ ਕਹਾਣੀ ਹੈ ਜੀ...
- ਰਵੀ ਸੱਚਦੇਵਾ ਮੈਲਬੌਰਨ
ਵੈੱਬਸਾਈਟ -http://www.ravisachdeva.com/

Unknown said...

ਬਹੁਤ ਹੀ ਵਧੀਆ ਕਹਾਣੀ ਹੈ ਜੀ...
- ਰਵੀ ਸੱਚਦੇਵਾ ਮੈਲਬੌਰਨ
ਵੈੱਬਸਾਈਟ -http://www.ravisachdeva.com/