ਜਸਵੀਰ ਰਾਣਾ
“ਲੱਗਦੈ ਤਿੰਨ ਕੁ ਤਾਂ ਵੱਜਣ
ਆਲੇ ਹੋਣੇ ਨੇ!…ਸੂਰਜ ਵੀ ਢਲ ਕੇ ਔਹ ਚਲਾ ਗਿਆ…ਪਰ ਸਰਦਾਰ ਅਜੇ ਤਾਈਂ ਰੋਟੀ ਲੈ ਕੇ…!” ਔਲੂ ਦੀ ਮੌਣ ਉੱਤੇ ਬੈਠੇ ਜੀਲੂ ਨੇ ਸੂਰਜ ਵੱਲ ਨੂੰ
ਝਾਤੀ ਮਾਰੀ।
ਇੱਕ ਪਲ ਲਈ ਉਸ ਦੇ ਭੁੱਖ ਨਾਲ ਝੁਲਸੇ ਪਏ ਚਿਹਰੇ ਉੱਤੇ
ਅਫਸੋਸ ਜਿਹਾ ਪਸਰ ਗਿਆ। ਪਰ ਅਗਲੇ ਹੀ ਪਲ ਉਸ ਨੂੰ ਬੀਮਾਰੀ ਕਾਰਨ ਮੰਜੇ ਨਾਲ ਮੰਜਾ ਹੋਏ ਪਏ ਆਪਣੇ
ਬੀਮਾਰ ਬਾਪੂ ਦੇ ਬੋਲ ਯਾਦ ਆ ਗਏ, “…ਜੀਲੂ ਪੁੱਤਰਾ!…ਬੱਸ ਅੱਜ ਕੰਮ ਸਾਰਿਆ…ਜੇ ਨਾ ਗਏ ਤਾਂ ਸਰਦਾਰ ਦਿਹਾੜੀ ਕੱਟ ਲੂ ਪੁੱਤਰਾ!…ਓਏ ਨਾਲੇ ਅੱਜ ਦਾ ਦਿਨ ਆਰਾਮ ਦੀ ਰੋਟੀ ਤਾਂ ਖਾ ਲੇਂਗਾ!…ਘਰੇ ਤਾਂ ਤੈਨੂੰ ਪਤਾ ਈ ਐ ਜਿਹੜੇ ਪੂੜੇ ਖਾਨੇ ਆਂ ਰੋਜ਼…।”
ਬਾਪੂ ਦੇ ਆਖੇ ਲੱਗ ਕੇ ਉਹ ਸਵੇਰੇ
ਹੀ ਸਰਦਾਰ ਦੇ ਖੇਤਾਂ ਵਿੱਚ ਆ ਗਿਆ ਸੀ। ਆਉਂਦੇ-ਸਾਰ ਹੀ ਉਸਨੇ ਦੱਸੇ ਮੁਤਾਬਿਕ ਕਿਆਰਿਆਂ ਨੂੰ
ਪਾਣੀ ਛੱਡ ਲਿਆ। ਨੱਕੇ ਮੋੜਦਾ-ਮੋੜਦਾ ਉਹ ਹਾਲੋਂ ਬੇ-ਹਾਲ ਹੋ ਗਿਆ। ਭੁੱਖ ਨਾਲ ਉਸ ਦੇ ਢਿੱਡ
ਵਿੱਚ ਕਤੂਰੇ ਨੱਚਣ ਲੱਗ ਪਏ। ਤਿੰਨ ਵੱਜਣ ਨੂੰ ਆਏ ਸਨ। ਮਗਰ ਅਜੇ ਤੱਕ ਨਾ ਸਵੇਰ ਦੀ, ਨਾ ਦੁਪਹਿਰ
ਦੀ ਰੋਟੀ ਆਈ ਸੀ।
“ਆਹ ਫੜ ਓਏ ਜੀਲੂ ਰੋਟੀ।”
ਔਲੂ ਦੀ ਮੌਣ ਉੱਤੇ ਭੁੱਖ ਦਾ
ਮਰਸੀਆ ਪੜ੍ਹਦੇ ਹੋਏ ਜੀਲੂ ਨੇ ਸਿਰ ਭੁਆਂ ਕੇ ਪਿਛਾਂਹ ਨੂੰ ਵੇਖਿਆ, ਸਰਦਾਰ ਰੋਟੀ ਲਈ ਖੜ੍ਹਾ ਸੀ।
ਇਸ ਤੋਂ ਪਹਿਲਾਂ ਕਿ ਉਹ ਬੋਲਦਾ,
ਪੈਂਦੀ ਸੱਟੇ ਪੋਣੇ ਵਿੱਚੋਂ ਦੋ-ਤਿੰਨ ਰੋਟੀਆਂ ਉੱਤੇ ਅਚਾਰ ਰੱਖ ਕੇ ਉਸ ਦੇ ਹੱਥਾਂ ਉੱਤੇ ਪਟਕਦੇ
ਹੋਏ ਸਰਦਾਰ ਨੇ ਫ਼ਰਮਾਨ ਜਾਰੀ ਕੀਤਾ, “ਆਹ ਚੱਕ ਓਏ ਰੋਟੀ…ਤੇ ਕਹੀ ਚੱਕ ਕੇ
ਕਿਆਰਿਆਂ ਦੁਆਲੇ ਗੇੜਾ ਮਾਰ ਕੇ ਆ…ਬੈਠਣਾ ਨੀ ਨਾਲੇ…ਰੋਟੀ ਵੱਟ ’ਤੇ ਤੁਰਿਆ ਜਾਂਦਾ-ਜਾਂਦਾ ਈ ਖਾ ਲੀਂ…।”
-0-
No comments:
Post a Comment