ਹਰਭਜਨ ਖੇਮਕਰਨੀ
ਰਾਜਧਾਨੀ ਵਿੱਚ ਹੋ ਰਹੀ ਰਾਜਨੀਤਕ ਰੈਲੀ ਵਿੱਚ ਹਿੱਸਾ ਲੈਣ
ਲਈ ਬੇ-ਟਿਕਟ ਭੀੜ ਨੇ ਗੱਡੀ ਦੇ ਰਿਜਰਵ ਡੱਬਿਆਂ ਤੇ ਵੀ ਕਬਜ਼ਾ ਕਰ ਲਿਆ ਸੀ। ਔਖਿਆਂ ਹੋ ਕੇ ਮਿਨਾਕਸ਼ੀ ਰਿਜਰਵ ਸੀਟ ਵਾਲੇ ਡੱਬੇ ਵਿੱਚ
ਚੜ੍ਹ ਤਾਂ ਗਈ, ਪਰ ਸੀਟ ਮਿਲਣੀ ਤਾਂ ਕੀ ਖਲੌਣ ਵਾਸਤੇ ਵੀ ਥਾਂ ਨਹੀਂ ਸੀ। ਛੋਟੇ ਬੱਚੇ
ਨਾਲ ਇਕੱਲਿਆਂ ਰਾਤ ਦਾ ਸਫਰ ਸੌਖਿਆਂ ਕਰਨ ਖਾਤਰ ਰਿਜਰਵ ਕਰਵਾਈ ਸੀਟ ਨੂੰ ਮਿੰਨਤਾਂ ਕਰਨ ਤੇ ਵੀ
ਸੁਆਰੀਆਂ ਖਾਲੀ ਕਰਨ ਨੂੰ ਤਿਆਰ ਨਾ ਹੋਈਆਂ ਤੇ ਨਾ ਹੀ ਕਿਸੇ ਨੂੰ ਕੁੱਛੜ ਚੁੱਕੀ ਭੀੜ ਤੋਂ ਘਬਰਾਈ ਬੱਚੀ ਦੇ ਰੋਣ ਤੇ
ਤਰਸ ਆਇਆ। ਇਹ ਸੋਚ ਕੇ ਕਿ ਅਕਸਰ ਮਰਦਾਨਾ ਸੁਆਰੀਆਂ ਬੱਚੇ ਤੇ ਤਰਸ ਕਰਕੇ ਸੀਟ ਛੱਡ ਦਿੰਦੀਆਂ ਨੇ, ਉਸਨੇ ਬੈਠੀਆਂ ਸੁਆਰੀਆਂ ਦੇ ਚਿਹਰਿਆਂ ਤੇ ਸੁਆਲੀਆ ਨਜ਼ਰਾਂ ਨਾਲ ਵੇਖਿਆ, ਪਰ ਲੰਬੇ ਸਫਰ ਕਾਰਨ ਕੋਈ ਵੀ ਸੁਆਰੀ ਸੀਟ ਛੱਡਣ ਲਈ ਤਿਆਰ ਨਾ ਹੋਈ।
ਆਖਰ ਇੱਕ ਜਨਾਨੀ ਸੁਆਰੀ ਨੇ ਆਪਣੇ ਪੈਰਾਂ ਵਿੱਚ ਰੱਖੀ ਗਠੜੀ ਤੇ ਬੈਠਦਿਆਂ ਕਿਹਾ, “ਆ ਜਾ ਭੈਣ, ਐਥੇ ਬੈਠ ਕੇ ਬੱਚੇ ਨੂੰ ਦੁੱਧ ਪਿਆ ਲੈ, ਕਿਵੇਂ ਰੋ ਰੋ ਕੇ ਬੇਹਾਲ ਹੋਈ ਜਾਂਦਾ ਏ।”
ਸੀਟ ਤੇ ਬੈਠਦਿਆਂ ਮਿਨਾਕਸ਼ੀ ਨੇ ਪਰਸ ਵਿੱਚੋਂ ਦੁੱਧ ਵਾਲੀ
ਬੋਤਲ ਕੱਢਣ ਲਈ ਹੱਥ ਮਾਰਿਆ ਤਾਂ ਪ੍ਰੇਸ਼ਾਨ ਹੋ ਗਈ। ਕਾਹਲੀ ਵਿੱਚ ਬੋਤਲ ਘਰ ਹੀ ਰਹਿ ਗਈ ਸੀ। ਸੀਟ
ਦੀ ਢੋਹ ਵੱਲ ਮੂੰਹ ਕਰਨ ਜੋਗੀ ਥਾਂ ਵੀ ਨਹੀਂ ਸੀ। ਹੁਣ ਬੱਚੇ ਨੂੰ ਆਪਣਾ ਦੁੱਧ ਕਿਵੇਂ ਪਿਲਾਵੇ।
ਉਸਨੂੰ ਲੱਗ ਰਿਹਾ ਸੀ ਕਿ ਬਹੁਤੀਆਂ ਨਜ਼ਰਾਂ ਉਸ ਤੇ ਟਿਕੀਆਂ ਹੋਈਆਂ ਨੇ। ਉਸ ਦੀ ਦੁਬਿਧਾ ਨੂੰ ਭਾਪਦਿਆਂ ਕੋਲ ਬੈਠੀ ਜਨਾਨੀ ਸੁਆਰੀ ਨੇ ਹਵਾ ਵਿੱਚ ਬੋਲ ਛੱਡੇ, “ਧੀਏ, ਲੀੜੇ ਦਾ ਓਹਲਾ ਕਰਕੇ ਬੱਚੀ ਨੂੰ ਦੁੱਧ ਪਿਆ ਲੈ, ਇਹ ਲੋਕ ਵੀ ਤਾਂ ਮਾਵਾਂ ਦਾ ਦੁੱਧ ਪੀ ਕੇ ਵੱਡੇ ਹੋਏ ਨੇ।”
ਆਵਾਜ਼ ਸੁਣਦਿਆਂ ਹੀ ਨਜ਼ਰਾਂ ਖੁੰਡੀਆਂ ਹੋ ਗਈਆਂ।
-0-