ਰਾਜਿੰਦਰ ਸਿੰਘ ‘ਬੇਗਾਨਾ’
ਰਾਹਗੀਰ ਉਸਨੂੰ ਦੇਖ ਕੇ ਤੁਰੇ ਜਾ ਰਹੇ ਸਨ, ਪਰ ਕੋਈ ਮਦਦ ਲਈ ਨਹੀਂ ਰੁਕ ਰਿਹਾ ਸੀ। ਉਹ ਵੀਹ-ਬਾਈ ਸਾਲ ਦਾ ਜਵਾਨ ਮੁੰਡਾ ਲਹੂ ਦੇ ਛੱਪੜ ਵਿੱਚ ਬੇ-ਸੁੱਧ ਪਿਆ ਸੀ। ਰਾਤ ਦੇ ਹਨੇਰੇ ਵਿੱਚ ਕੋਈ ਗੱਡੀ ਵਾਲਾ ਉਸਦੇ ਸਕੂਟਰ ਨੂੰ ਫੇਟ ਮਾਰ ਕੇ ਸੁੱਟ
ਗਿਆ ਸੀ।
ਮੈਂ ਸੌ ਨੰਬਰ ਡਾਇਲ ਕਰਕੇ ਪੁਲੀਸ ਤੋਂ ਮਦਦ ਮੰਗੀ। ਉਹ ਹਾਮੀ
ਭਰਕੇ ਵੀ ਕਾਫੀ ਦੇਰ ਤਕ ਨਹੀਂ ਆਏ ਤਾਂ ਮੈਂ ਲੰਘਦੇ ਰਾਹਗੀਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗਾ
ਤਾਂ ਕਿ ਕਿਸੇ ਕਾਰ ਆਦਿ ਵਿੱਚ ਪਾ ਕੇ ਉਸ ਵਿਚਾਰੇ ਨੂੰ ਹਸਪਤਾਲ ਪੁਚਾ ਸਕਾਂ। ਪਰ ਕੋਈ ਵੀ ਨਾ
ਰੁਕਿਆ। ਇੱਕ ਕਾਰ ਰੁਕੀ ਤਾਂ ਸੋਚਿਆ ਕਿ ਗੱਲ ਬਣ ਗਈ, ਹੁਣ ਇਹ ਬਚ ਜਾਵੇਗਾ। ਪਰ ਮੇਰੀ ਗਲਤਫ਼ਹਿਮੀ ਛੇਤੀ ਹੀ ਦੂਰ ਹੋ ਗਈ, ਜਦੋਂ ਕਾਰ ਵਾਲਾ ਬਾਊ ਇਹ ਕਹਿਕੇ ਤੁਰ ਗਿਆ–‘ਏਥੇ ਤਾਂ ਐਕਸੀਡੈਂਟ ’ਚ ਰੋਜ਼ ਹੀ ਕਿੰਨੇ ਮਰਦੇ ਨੇ, ਤੁਸੀਂ ਕਿਉਂ ਪੰਗੇ ’ਚ ਪੈਂਦੇ ਹੋ, ਐਵੇਂ ਪੁਲੀਸ ਖਿੱਚੀ ਫਿਰੂਗੀ।’
ਰਾਤ ਦੇ ਸਾਢੇ ਗਿਆਰਾਂ ਵੱਜ ਚੁੱਕੇ ਸਨ। ਮੈਂ ਦੋਬਾਰਾ ਪੁਲੀਸ
ਨੂੰ ਫੋਨ ਕੀਤਾ ਕਿ ਜਦੋਂ ਬੰਦਾ ਮਰ ਜਾਊਗਾ ਉਦੋਂ ਆਉਂਗੇ। ਖੈਰ, ਕੁਝ ਦੇਰ ਬਾਦ ਉਹ ਆਏ ਤੇ ਜ਼ਖ਼ਮੀ ਨੂੰ ਹਸਪਤਾਲ ਲਿਜਾਂਦੇ ਹੋਏ ਆਪਣਾ
ਇੱਕ ਸਿਪਾਹੀ ਉੱਥੇ ਛੱਡ ਗਏ। ਸਿਪਾਹੀ ਦੀ ਸਲਾਹ ਨਾਲ ਮੈਂ ਜ਼ਖ਼ਮੀ ਦੇ ਸਕੂਟਰ ਦੀ ਡਿੱਕੀ ਖੋਲ੍ਹੀ
ਤੇ ਕਾਗਜ਼-ਪੱਤਰ ਫਰੋਲ ਕੇ ਉਸ ਦੇ ਘਰ ਦਾ ਪਤਾ ਲੱਭਿਆ। ਫਿਰ ਆਪਣੇ ਮੋਟਰ-ਸਾਇਕਲ ਤੇ ਉਸਦੇ ਘਰ ਇਤਲਾਹ ਦੇਣ ਲਈ ਚੱਲ ਪਿਆ।
ਉਸਦੇ ਘਰ ਪਹੁੰਚ ਕੇ ਘੰਟੀ ਵਜਾਈ। ਦਰਵਾਜਾ ਖੁਲ੍ਹਿਆ ਤਾਂ
ਕਿਹਾ, “ਮੇਨ ਸੜਕ ਤੇ ਜੋ ਐਕਸੀਡੈਂਟ ਹੋਇਐ…”
ਏਨਾ ਸੁਣਕੇ ਹੀ ਬੰਦਾ ਭੜਕ ਪਿਆ, “ਹੁਣ ਉਹ ਮਰ ਗਿਆ ਹੋਣੈ ਤੇ…”
ਮੈਂ ਉਸਨੂੰ ਵਿਚਕਾਰ ਹੀ ਟੋਕਦੇ ਹੋਏ ਕਿਹਾ, “ਐਕਸੀਡੈਂਟ ਤੁਹਾਡੇ ਮੁੰਡੇ ਪਵਨ ਦਾ ਹੋਇਐ। ਪੁਲੀਸ ਉਸਨੂੰ ਹਸਪਤਾਲ ਲੈ
ਗਈ ਹੈ।”
ਇਹ ਸੁਣਕੇ ਮੈਨੂੰ ਨਸੀਹਤ ਦੇਣ ਵਾਲੇ ਕਾਰ ਵਾਲੇ ਬਾਊ ਜੀ
ਵਾਹੋ-ਦਾਹੀ ਹਸਪਤਾਲ ਵੱਲ ਦੌੜ ਰਹੇ ਸਨ।
-0-
No comments:
Post a Comment