-moz-user-select:none; -webkit-user-select:none; -khtml-user-select:none; -ms-user-select:none; user-select:none;

Thursday, November 29, 2012

ਅੱਗ ਨਹੀਂ ਬਸੰਤਰ



 ਇਕਬਾਲ ਸਿੰਘ

ਗੱਡੀ ਦੇ ਆਉਣ ਦਾ ਟਾਈਮ ਹੋ ਗਿਆ ਸੀਅਜੇ ਉਹ ਅਖਬਾਰ ਵੇਚਣ ਲਈ ਹੋਕਾ ਦੇਣ ਹੀ ਲੱਗਾ ਸੀ ਕਿ ਅਖ਼ਬਾਰ ਦੀ ਮੁੱਖ-ਸੁਰਖੀ ਵੱਲ ਉਸ ਦੀ ਨਿਗਾਹ ਪਈ।
ਰਾਜਧਾਨੀ ਵਿਚ ਸੰਪਰਦਾਇਕ ਦੰਗੇ ਫਿਰ ਭੜਕੇ। ਇਕ ਫਿਰਕੇ ਨੇ ਦੂਜੇ ਫਿਰਕੇ ਦੇ ਘਰ ਫੂਕੇ। ਅਣਮਿੱਥੇ ਸਮੇਂ ਲਈ ਕਰਫਿਊ ਲੱਗਾ।
ਸੁਰਖੀ ਪੜ੍ਹ ਕੇ ਉਸਦਾ ਮੱਥਾ ਠਣਕਿਆ।
ਇਸ ਸਟੇਸ਼ਨ ਤੇ ਅਜੇ ਤੱਕ ਮਾਹੌਲ ਬਿਲਕੁਲ ਸ਼ਾਂਤਮਈ ਹੈ। ਹੁਣੇ ਗੱਡੀ ਆਣ ਕੇ ਰੁਕੇਗੀ। ਲੋਕ ਅਖ਼ਬਾਰ ਖਰੀਦਣਗੇ ਤੇ ਅਖ਼ਬਾਰ ਵੇਖਣ ਸਾਰ ਦੰਗੇ ਭੜਕ ਜਾਣੇ ਹਨ। ਪਤਾ ਨਹੀਂ ਕਿੰਨੇ ਬੇਦੋਸ਼ੇ ਮਾਰੇ ਜਾਣ। ਇਹ ਸੋਚ ਕੇ ਉਹ ਡਰ ਗਿਆ। ਉਹ ਕੋਈ ਢੰਗ ਸੋਚਣ ਲੱਗਾ।
ਡੂੰਘੀ ਸੋਚ-ਵਿਚਾਰ ਤੋਂ ਬਾਅਦ ਉਸ ਨੇ ਚਾਹ ਵਾਲੇ ਸਟਾਲ ਤੋਂ ਮਾਚਿਸ ਲਈ ਤੇ ਅਖ਼ਬਾਰਾਂ ਨੂੰ ਅੱਗ ਲਗਾ ਦਿੱਤੀ। ਅਖ਼ਬਾਰਾਂ ਦਾ ਸੁੱਕਾ ਕਾਗਜ਼ ਇਕਦਮ ਭਾਂਬੜ ਬਣ ਕੇ ਮੱਚਿਆ। ਭਾਂਬੜ ਬਲਦਾ ਵੇਖ ਲੋਕ ਇਕੱਠੇ ਹੋ ਗਏ।
ਕੀ ਹੋਇਆ? ਕੀ ਹੋਇਆ? ਲੋਕ ਇਕ-ਦੂਜੇ ਨੂੰ ਪੁੱਛ ਰਹੇ ਸਨ।
ਹੋਣਾ ਕੀ ਐ। ਕੰਜਰ ਬੀੜੀ ਪੀਣ ਲੱਗਾ ਹੋਣਾ ਤੇ ਹਨੇਰੇ ਚ ਅਖ਼ਬਾਰਾਂ ਨੂੰ ਅੱਗ ਲਗਾ ਬੈਠਾ। ਕਿਸੇ ਨੇ ਆਪਣਾ ਅੰਦਾਜਾ ਲਗਾਇਆ।
ਉਦੋਂ ਪਤਾ ਲੱਗੂ ਜਦੋਂ ਮਹੀਨੇ ਦੀ ਸਾਰੀ ਤਨਖਾਹ ਅਖਬਾਰਾਂ ਦੇ ਬਣਦੇ ਪੈਸਿਆਂ ਚ ਕੱਟੀ ਗਈ।
ਸ਼ੁਕਰ ਕਰੋ, ਇਹ ਥੱਲੇ ਖੜਾ ਸੀ। ਅੰਦਰ ਹੁੰਦਾ ਤਾਂ ਪਤੰਦਰ ਨੇ ਸਾਰੀ ਗੱਡੀ ਫੂਕ ਸੁੱਟਣੀ ਸੀ। ਹੁਣੇ-ਹੁਣੇ ਆ ਕੇ ਸਟੇਸ਼ਨ ਤੇ ਖਲੋਤੀ ਗੱਡੀ ਵੱਲ ਇਸ਼ਾਰਾ ਕਰਦਿਆਂ ਇਕ ਨੇ ਕਿਹਾ।
ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਸਨ।, ਪਰ ਉਹ ਕਿਸੇ ਜਿੱਤ ਦੇ ਅਹਿਸਾਸਾ ਨਾਲ ਆਪਣੇ-ਆਪ ਨੂੰ ਹੌਲਾ ਮਹਿਸੂਸ ਕਰ ਰਿਹਾ ਸੀ। ਗੱਡੀ ਜਾ ਚੁੱਕੀ ਸੀ।
ਅਗਲੇ ਸਟੇਸ਼ਨ ਤੇ ਪਹੁੰਚਣ ਤੱਕ ਦਿਨ ਚੜ੍ਹ ਜਾਣਾ ਹੈ ਤੇ ਦਿਨ ਚੜ੍ਹੇ ਪ੍ਰਸ਼ਾਸਨ ਨੇ ਹਰਕਤ ਵਿਚ ਆ ਜਾਣਾ ਹੈ। ਉਸਨੇ ਅਨੁਮਾਨ ਲਗਾਇਆ ਤੇ ਬੈਠ ਕੇ ਬਲਦੀ ਅੱਗ ਤੇ ਹੱਥ ਸੇਕਣ ਲੱਗ ਪਿਆ।
                        -0-

No comments: