ਰਿਸ਼ੀ ਗੁਲਾਟੀ
ਉਹਦੇ ਘਰ ਪਹੁੰਚ ਕੇ ਮੈਂ ਦਰਵਾਜ਼ੇ ਤੇ ਲੱਗੀ ਘੰਟੀ ਵਜਾਈ ਤੇ ਉਹਦੀ
ਇੰਤਜ਼ਾਰ ਵਿੱਚ ਗਲੀ ਵਿਚ
ਟਹਿਲਣ ਲੱਗਾ। ਅੱਜ ਬਾਲ ਦਿਵਸ ਦੇ ਸਿਲਸਿਲੇ ਵਿਚ ਸਕੂਲ ਵਿੱਚ ਬੱਚਿਆਂ ਦੇ ਪ੍ਰੋਗਰਾਮ ਹੋਣੇ ਸਨ।
ਟਹਿਲਦਿਆਂ ਟਹਿਲਦਿਆਂ ਮੈਂ ਗਲੀ ਦੇ ਮੋੜ ਤੇ ਆ ਗਿਆ। ਉੱਥੇ ਇੱਕ ਦਸ-ਬਾਰਾਂ ਸਾਲ ਦਾ ਬੱਚਾ ਕਹੀ
ਨਾਲ ਰੋੜੇ-ਵੱਟਿਆਂ ਦਾ ਮਲਬਾ ਇਕੱਠਾ ਕਰਕੇ ਬੱਠਲ ਵਿੱਚ ਪਾਈ ਜਾ ਰਿਹਾ ਸੀ। ਕੋਲ ਇੱਕ ਮੋਟੀ ਜਿਹੀ
ਜਨਾਨੀ ਢਾਕਾਂ ਤੇ ਹੱਥ ਰੱਖੀ ਖੜੀ ਸੀ। ਸ਼ਾਇਦ ਉਹਨਾਂ ਨੇ ਘਰ ਵਿੱਚ ਕੋਈ ਤੋੜ-ਭੰਨ ਕਰਵਾਈ ਹੋਵੇਗੀ,
ਜਿਸਦਾ ਮਲਬਾ ਉਹ ਰੇਹੜੇ ਵਾਲੇ ਤੋਂ ਚੁਕਵਾ ਰਹੀ ਸੀ। ਰੇਹੜੇ ਵਾਲਾ ਨਾਲੀ ਕੋਲ ਬੈਠਾ ਬੀੜੀ ਫੂਕੀ
ਜਾ ਰਿਹਾ ਸੀ। ਉਹਨੂੰ ਬੈਠੇ ਤੇ ਬੱਚੇ ਨੂੰ ਕੰਮ ਕਰਦਿਆਂ ਦੇਖਕੇ ਮੈਨੂੰ ਰੇਹੜੇ ਵਾਲੇ ਤੇ ਬੜਾ ਰੋਹ
ਆਇਆ। ਪਰ ਆਪਣੀ ਆਵਾਜ਼ ਨੂੰ ਨਰਮ ਬਨਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, “ਕਿਵੇਂ ਬਈ, ਜੁਆਕ ਨੂੰ ਕੰਮ
ਲਾਇਐ? ਇਹਨੂੰ ਸਕੂਲ ਨੀਂ ਭੇਜਦਾ?”
“ਮਾਹਟਰ ਜੀ, ਸਾਰਾ ਦਿਨ ਵੇਹਲਾ ਫਿਰਦਾ ਰਹਿੰਦਾ ਸੀ, ਹੁਣ ਨਾਲ
ਲਿਆਉਣ ਲੱਗ ਪਿਆ, ਕੰਮ ਈ ਸਿੱਖ ਜੂ।”
“ਜੇ ਤੂੰ ਸਾਰੀ ਉਮਰ ਮਜ਼ਦੂਰੀ ਕਰਕੇ ਕੱਢ ਦਿੱਤੀ ਤਾਂ ਕੋਈ
ਜ਼ਰੂਰੀ ਐ ਕਿ ਇਹ ਵੀ ਉਹੀ ਕੰਮ ਕਰੇ, ਇਹਨੂੰ ਸਕੂਲ ਭੇਜ। ਗੌਰਮਿੰਟ ਨੇ ਐਨੀਆਂ ਸਕੀਮਾਂ ਚਲਾ
ਰੱਖੀਐਂ। ਪੜ੍ਹ ਕੇ ਕੋਈ ਟ੍ਰੇਨਿੰਗ ਲੈ ਕੇ ਕੰਮ ਧੰਦਾ ਕਰ ਲੂ।”
“ਛੱਡੋ ਮਾਹਟਰ ਜੀ, ਥੋਡੀ ਟਰੇਨਿੰਗ ਲੈ ਕੇ ਦਸਾਂ-ਬਾਰਾਂ
ਸਾਲਾਂ ਨੂੰ ਪਤਾ ਨੀ ਕੁਛ ਕਰਨ ਜੋਗਾ ਹੋਊ ਕਿ ਨਹੀਂ, ਪਰ ਮੇਰੀ ਟਰੇਨਿੰਗ ਲੈ ਕੇ ਅਗਲੇ ਸਾਲ ਈ
ਦਿਹਾੜੀ ਪਾਉਣ ਜੋਗਾ ਹੋ ਜੂ।”
ਉਹਦੀ ਗੱਲ ਸੁਣਕੇ ਮੈਨੂੰ ਜੇਬ ਵਿੱਚ ਰੱਖੇ ਚਿਲਡਰਨ ਡੇ ਤੇ
ਲਿਖੇ ਭਾਸ਼ਣ ਤੇ ਪਕੜ ਰੱਤਾ ਢਿੱਲੀ ਹੋ ਗਈ ਜਾਪਦੀ ਸੀ।
-0-
No comments:
Post a Comment