ਜਗਦੀਸ਼ ਰਾਏ ਕੁਲਰੀਆਂ
ਸਵੇਰੇ ਸਕੂਲ ਚੋਂ ਆਏ ਟੈਲੀਫੋਨ ਨੇ ਹੀ ਉਸ ਅੰਦਰ ਖਲਬਲੀ ਮਚਾ ਦਿੱਤੀ ਸੀ।
“ਸਨੀ ਓਏ ਸਨੀ ..... ਕਿੱਥੇ ਐ ਤੂੰ ....?” ਉਸ ਨੇ ਘਰ ਅੰਦਰ ਦਾਖਿਲ ਹੁੰਦਿਆਂ ਹੀ ਆਪਣੇ ਐਲ.ਕੇ ਜੀ. ਕਲਾਸ ਵਿੱਚ ਪੜ੍ਹਦੇ ਬੇਟੇ ਨੂੰ ਆਵਾਜ ਮਾਰੀ।
“ਕੀ ਗੱਲ ਕੀ ਹੋਇਆ ..... ਐਨੇ ਗੁੱਸੇ 'ਚ ਕਿਉਂ ਹੋ..?” ਸ੍ਰੀਮਤੀ ਨੇ ਪਾਣੀ ਦਾ ਗਲਾਸ ਫੜਾਉਂਦਿਆ ਹੈਰਾਨੀ ਨਾਲ ਪੁੱਛਿਆ।
“ਹੋਣਾ ਕੀ ਐ... ਤੈਨੂੰ ਤਾ ਪਤਾ ਈ ਏ... ਕਿ ਸਾਰਾ ਦਿਨ ਖੇਡਣ ਤੱਕ ਹੀ ਧਿਆਨ ਹੈ, ਸਕੂਲ ਦਾ ਹੋਮਵਰਕ ਕਰਨ ਨੂੰ ਜੀਅ ਨਹੀਂ ਕਰਦਾ.... ਅੱਜ ਸਵੇਰੇ ਇਹਦਾ ਕੁੱਝ ਕੰਮ ਪੈਡਿੰਗ ਸੀ, ਮੈਂ ਦਫਤਰੋ ਲੇਟ ਹੋ ਰਿਹਾ ਸੀ .... ਉੱਪਰੋ ਕਹਿੰਦਾ
ਕਿ ਮੈਂ ਤਾਂ ਸਕੂਲ ਨੀ ਜਾਣਾ, ਮੇਰਾ ਹੋਮ ਵਰਕ ਪੂਰਾ ਨਹੀਂ... ਮੈਂ ਕਾਹਲ 'ਚ ਇਹਦਾ ਹੋਮ ਵਰਕ ਕਰਕੇ ਸਕੂਲ ਵੈਨ ਚੜ੍ਹਾ ਤਾਂ .... ਤੈਨੂੰ ਵੀ ਕਿੰਨੀ ਵਾਰ ਕਿਹਾ ਕਿ ਥੋੜੀ ਬਹੁਤੀ ਜਿੰਮੇਵਾਰੀ ਤੂੰ ਵੀ ਸਮਝਿਆ ਕਰ।” ਉਸਨੇ ਪਤਨੀ ਨੂੰ ਗੱਲ ਦੱਸਦਿਆਂ ਆਪਣਾ ਗੁੱਸਾ ਉਸ ਤੇ ਵੀ ਕੱਢਿਆ।
ਏਨੇ ਨੂੰ ਸਨੀ ਵੀ ਅੰਦਰਲੇ ਕਮਰੇ ਤੋਂ ਉਹਨਾਂ ਕੋਲ ਆ ਗਿਆ।
“ਹਾਂ ਬੇਟਾ ਕੀ ਹੋਇਆ ਅੱਜ ਸਕੂਲੇ?” ਸ੍ਰੀਮਤੀ ਨੇ ਪਿਆਰ ਨਾਲ ਪੁੱਛਿਆ।
“ਮੰਮਾ ... ਮੰਮਾ, ਅੱਜ ਜਦੋਂ ਮੈਡਮ ਮੇਰਾ ਹੋਮ ਵਰਕ ਚੈੱਕ ਕਰਨ ਲੱਗੇ ਤਾਂ ਉਹ ਕਹਿਣ ਲੱਗੇ.. ਕਿ ਐਨੀ ਸੋਹਣੀ ਹੈਂਡ ਰਾਇਟਿੰਗ! ...ਵੈਰੀ ਗੁੱਡ, ਤੂੰ ਆਪਣਾ ਕੰਮ ਆਪ ਕੀਤੈ......?”
ਮੈਂ ਕਿਹਾ, “ਨਹੀਂ ਮੈਮ ਜੀ ... ਮੈਮ ਜੀ, ਅੱਜ ਸੁਬਹ ਜਦੋਂ ਮੈਂ ਲੇਟ ਹੋ ਰਿਹਾ ਸੀ ਤਾਂ ਪਾਪਾ ਨੇ ਕੀਤਾ ਸੀ। ਫੇਰ ਮੈਮ ਮੇਰੀ ਨੋਟ ਬੁੱਕ ਲੈ ਕੇ ਪ੍ਰਿੰਸੀਪਲ ਮੈਮ ਦੇ ਕਮਰੇ ਅੰਦਰ ਚਲੇ ਗਏ।” ਸਨੀ ਨੇ ਸਾਰਾ ਕਿੱਸਾ ਖੋਲ੍ਹਿਆ।
“ਬੇਟੇ ਤੁਹਾਨੂੰ ਇੰਝ ਨਹੀਂ ਕਹਿਣਾ ਚਾਹੀਦਾ ਸੀ ......ਪਾਪਾ ਨੇ ਜਾਣ ਬੁੱਝ ਕੇ ਥੋੜਾ ਕੀਤਾ ਸੀ।” ਸ੍ਰੀਮਤੀ ਨੇ ਬੇਟੇ ਨੂੰ ਸਮਝਾਉਂਦਿਆ ਕਿਹਾ।
'ਪਰ ਮੰਮਾ, ਮੈਂ ਕਿਹੜਾ ਕੁੱਝ ਗਲਤ ਕਿਹਾ .....ਤੁਸੀਂ ਤੇ ਪਾਪਾ ਤਾਂ ਰੋਜ਼ ਹੀ ਕਹਿੰਦੇ ਹੋ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ,ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ।” ਸਨੀ ਨੇ ਬੜੀ ਮਾਸੂਮੀਅਤ ਨਾਲ ਕਿਹਾ।
ਬੇਟੇ ਦੀ ਗੱਲ ਸੁਣ ਕੇ ਦੋਨੋ ਪਤੀ ਪਤਨੀ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗ ਪਏ।
-0-
No comments:
Post a Comment