ਜਗਰੂਪ ਸਿੰਘ ਕਿਵੀ
ਇਕ ਬਾਰ੍ਹਾਂ ਕੁ ਵਰ੍ਹਿਆਂ ਦੇ ਨੰਗ-ਧੜੰਗੇ ਨਜ਼ਰ ਆਉਂਦੇ
ਗ਼ਰੀਬ ਜਿਹੇ ਬੱਚੇ ਨੂੰ ਤੁਰੇ ਜਾਂਦੇ ਮੈਂ ਰੋਕ ਲਿਆ। ਉਸ ਦੇ ਹੱਥ ਵਿਚ ਇਕ ਵੱਡੀ ਸਾਰੀ ਬੋਰੀ ਸੀ,
ਜਿਸ ਵਿਚ ਪੁਰਾਣੇ ਕਾਗਜ਼, ਰੱਦੀ ਤੇ ਪਲਾਸਟਿਕ ਦੇ ਲਿਫ਼ਾਫ਼ੇ ਆਦਿ ਲਗਦੇ ਸਨ।
“ਕਾਕਾ, ਤੇਰਾ ਨਾਂਅ ਕੀ ਐ?” ਮੈਂ ਪੁੱਛਿਆ।
“ਭੋਲੂ, ਸਾਬ।”
“ਤੂੰ ਦਲਿਤ ਜਾਤ ਨਾਲ ਸਬੰਧ ਰੱਖਦੈਂ?”
ਉਸਨੇ ‘ਹਾਂ’ ਵਿਚ ਸਿਰ ਹਿਲਾਇਆ।”
“ਫਿਰ ਤੂੰ ਅੰਬੇਡਕਰ ਚੌਕ ਵਾਲੇ ਜਲੂਸ ਵਿਚ ਸ਼ਾਮਲ ਨਹੀਂ
ਹੋਇਆ?”
“ਸਾਬ, ਮੈਨੂੰ ਕੁਝ ਨਹੀਂ ਪਤਾ।”
“ਅੰਬੇਡਕਰ ਚੌਕ ਦਾ ਨਹੀਂ ਪਤਾ?” ਮੈਂ ਹੈਰਾਨੀ ਪ੍ਰਗਟ ਕੀਤੀ।
“ਨਹੀਂ ਸਾਬ।”
“ਓਏ ਜਿਸ ਪਾਸਿਓਂ ਤੂੰ ਆਇਆਂ, ਮੋੜ ਮੁੜ ਕੇ ਪਹਿਲਾ ਚੌਕ
ਹੀ ਤਾਂ ਹੈ, ਜਿੱਥੇ ਬਾਬਾ ਅੰਬੇਡਕਰ ਦਾ ਬੁੱਤ ਬਣਿਆ।”
“ਅੱਛਾ ਸਾਬ।”
“ਓਏ ਉਸਨੂੰ ਤੋੜਨ ਵਾਸਤੇ ਮਿਉਂਸਪਲ ਕਮੇਟੀ ਨੇ ਬਿੱਲ ਪਾਸ
ਕਰ ’ਤਾ। ਸ਼ਹਿਰ ਵਿਚ ਹੰਗਾਮਾ ਹੋ ਗਿਆ। ਸਾਰੇ ਦਲਿਤ ’ਕੱਠੇ ਹੋ ਗੇ ਐ। ਬਹੁਤ ਵੱਡਾ ਜਲੂਸ ਕੱਢਿਆ
ਤੇ ਅਲਟੀਮੇਟਮ ਦਿੱਤਾ ਕਿ ਦੋ ਦਿਨਾਂ ਦੇ ਅੰਦਰ ਜੇ ਬਿੱਲ ਵਾਪਸ ਨਾ ਲਿਆ ਤਾਂ ਖੂਨ ਦੀਆਂ ਨਦੀਆਂ
ਬਹਿ ਜਾਣਗੀਆਂ।”
“ਸਾਬ, ਉਸ ਚੌਕ ਨੂੰ ਨਹੀਂ ਤੋੜਨਾ ਸਾਬ।”
“ਕਿਉਂ ਹੁਣ ਲੱਗਿਆ ਨਾ ਦੁੱਖ। ਦਲਿਤ ਹੋਣ ਕਰਕੇ ਹੁਣ
ਤੇਰਾ ਵੀ ਖੂਨ ਖੌਲ ਉੱਠਿਆ।”
“ਨਹੀਂ ਸਾਬ, ਉੱਥੇ ਕਦੇ-ਕਦੇ ਲੋਕ ਸ਼ਾਮ ਨੂੰ ਬੈਠਦੇ ਹਨ।
ਕੁਝ ਖਾਂਦੇ ਪੀਂਦੇ ਰਹਿੰਦੇ ਹਨ। ਲਿਫਾਫੇ ਵੀ ਮਿਲ ਜਾਂਦੇ ਹਨ ਤੇ ਕਦੇ ਬਖਸ਼ਿਸ਼ ਵੀ ਮਿਲਦੀ ਹੈ।”
ਕਹਿੰਦਿਆਂ ਇਕ ਪਾਸੇ ਡਿੱਗਿਆ ਲਿਫ਼ਾਫ਼ਾ ਚੁੱਕ ਕੇ ਉਸ
ਬੋਰੀ ’ਚ ਪਾਇਆ ਤੇ ਅਗਾਂਹ ਤੁਰ ਪਿਆ।
-0-
No comments:
Post a Comment