ਭੀਮ ਸਿੰਘ ਗਰਚਾ
ਆਪਣੀ ਵਾਰੀ ਆਉਣ ਤੇ ਟੀਟੂ ਤਾਂਤਰਿਕ ਦੇ ਪੈਰੀਂ ਹੱਥ ਲਾਕੇ
ਉੱਥੇ ਹੀ ਬੈਠਦਾ ਹੋਇਆ ਬੋਲਿਆ, “ਬਾਬਾ ਜੀ, ਮੈਂ ਇੱਕ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹਾਂ। ਮੈਨੂੰ ਪਤਾ ਲੱਗਾ ਹੈ
ਕਿ ਮੇਰੀ ਪਤਨੀ ਦੇ ਮੇਰੇ ਹੀ ਇੱਕ ਸਾਥੀ ਨਾਲ ਨਜ਼ਾਇਜ ਸਬੰਧ ਹਨ। ਮੈਂ ਚਾਹੁੰਦਾ ਹਾਂ ਕਿ…।”
“ਬੇਟਾ, ਤੂੰ ਉਹਦਾ ਕੋਈ ਵੀ ਵਿਰੋਧ ਨਹੀਂ ਕੀਤਾ?” ਬਾਬਾ ਜੀ ਟੀਟੂ ਦੀ ਗੱਲ ਨੂੰ ਵਿਚਕਾਰ ਹੀ ਕੱਟਦੇ ਹੋਏ ਬੋਲੇ।
ਟੀਟੂ ਬੋਲਿਆ, “ਬਾਬਾ ਜੀ, ਮੇਰੀ ਪਤਨੀ ਨੂੰ ਕੁਝ ਕਹਿਣ ਲਈ ਮੇਰਾ ਦਿਲ ਹੀ ਨਹੀਂ ਮੰਨਦਾ, ਕਿਉਂਕਿ ਮੇਰੀ ਅੱਖ ਵਿੱਚ ਨੁਕਸ ਹੋਣ ਕਰਕੇ ਇਹ ਰਿਸ਼ਤਾ ਮੈਨੂੰ ਮਸਾਂ ਹੀ
ਹੋਇਆ ਸੀ। ਮੈਂ ਚਾਹੁਨੈ ਤੁਸੀਂ ਉਹਦੇ ਆਸ਼ਕ ਦਾ ਆਪਣੇ ਜੰਤਰਾਂ-ਮੰਤਰਾਂ ਨਾਲ ਇਸ ਤਰ੍ਹਾਂ ਮੱਕੂ ਠੱਪੋ ਕਿ ਸੱਪ ਵੀ ਮਰ ਜਾਏ ਤੇ ਸੋਟਾ ਵੀ ਬਚ ਜਾਏ।”
ਬਾਬਾ ਜੀ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਟੀਟੂ ਤੋਂ ਆਪਣੀ
ਫੀਸ ਦੇ ਇੱਕੀ ਸੌ ਰੁਪਏ ਮੰਗੇ। ਟੀਟੂ ਨੇ ਉਸੇ ਵੇਲੇ ਆਪਣੀ ਜੇਬ ਵਿੱਚੋਂ ਇੱਕ ਹਜ਼ਾਰ ਰੁਪਏ ਕੱਢਕੇ ਬਾਬਾ ਜੀ ਨੂੰ ਫੜਾ ਦਿੱਤੇ। ਬਾਕੀ ਦੇ ਰੁਪਏ ਉਸਨੇ
ਤਨਖਾਹ ਮਿਲਣ ਤੇ ਦੇਣ ਦਾ ਇਕਰਾਰ ਕਰ ਲਿਆ।
ਉਸ ਦਿਨ ਤੋਂ ਟੀਟੂ ਬੇ-ਫ਼ਿਕਰ ਹੋ ਕੇ ਆਪਣੇ ਕੰਮਾਂ ਧੰਦਿਆਂ
ਵਿੱਚ ਰੁਝ ਗਿਆ। ਤਨਖਾਹ ਮਿਲੀ ਤੇ ਉਹ ਉਸੇ ਦਿਨ ਹੀ ਪੈਸੇ ਦੇਣ ਲਈ ਤਾਂਤਰਿਕ ਦੇ ਡੇਰੇ ਵੱਲ ਨੂੰ
ਤੁਰਿਆ। ਡੇਰੇ ਵਿੱਚ ਦਾਖਲ ਹੋਣ ਲੱਗਾ ਉਹ ਇੱਕਦਮ ਠਠੰਬਰ ਕੇ ਉੱਥੇ ਹੀ ਰੁਕ ਗਿਆ। ਉਸਦੀ ਪਤਨੀ
ਆਪਣੇ ਆਸ਼ਕ ਸਮੇਤ ਬਾਬਾ ਜੀ ਦੇ ਨੇੜੇ ਬੈਠੀ ਸੀ ਤੇ ਆਖ ਰਹੀ ਸੀ, “ਬਾਬਾ ਜੀ, ਤੁਹਾਡੀ ਫੀਸ ਦੇ ਇਕੱਤੀ ਸੋ ਰੁਪਏ
ਤੁਹਾਨੂੰ ਮਿਲ ਚੁੱਕੇ ਨੇ। ਹੁਣ ਤੁਸੀਂ ਅਜਿਹਾ ਚੱਕਰ ਚਲਾਓ ਕਿ ਉਹ ਭੈਂਗਾ ਜਿਹਾ ਮੇਰਾ ਪਤੀ ਸਦਾ
ਲਈ ਮੇਰੇ ਗਲੋਂ ਲਹਿ ਜਾਵੇ।
-0-
No comments:
Post a Comment