-moz-user-select:none; -webkit-user-select:none; -khtml-user-select:none; -ms-user-select:none; user-select:none;

Thursday, November 29, 2012

ਅੱਗ ਨਹੀਂ ਬਸੰਤਰ



 ਇਕਬਾਲ ਸਿੰਘ

ਗੱਡੀ ਦੇ ਆਉਣ ਦਾ ਟਾਈਮ ਹੋ ਗਿਆ ਸੀਅਜੇ ਉਹ ਅਖਬਾਰ ਵੇਚਣ ਲਈ ਹੋਕਾ ਦੇਣ ਹੀ ਲੱਗਾ ਸੀ ਕਿ ਅਖ਼ਬਾਰ ਦੀ ਮੁੱਖ-ਸੁਰਖੀ ਵੱਲ ਉਸ ਦੀ ਨਿਗਾਹ ਪਈ।
ਰਾਜਧਾਨੀ ਵਿਚ ਸੰਪਰਦਾਇਕ ਦੰਗੇ ਫਿਰ ਭੜਕੇ। ਇਕ ਫਿਰਕੇ ਨੇ ਦੂਜੇ ਫਿਰਕੇ ਦੇ ਘਰ ਫੂਕੇ। ਅਣਮਿੱਥੇ ਸਮੇਂ ਲਈ ਕਰਫਿਊ ਲੱਗਾ।
ਸੁਰਖੀ ਪੜ੍ਹ ਕੇ ਉਸਦਾ ਮੱਥਾ ਠਣਕਿਆ।
ਇਸ ਸਟੇਸ਼ਨ ਤੇ ਅਜੇ ਤੱਕ ਮਾਹੌਲ ਬਿਲਕੁਲ ਸ਼ਾਂਤਮਈ ਹੈ। ਹੁਣੇ ਗੱਡੀ ਆਣ ਕੇ ਰੁਕੇਗੀ। ਲੋਕ ਅਖ਼ਬਾਰ ਖਰੀਦਣਗੇ ਤੇ ਅਖ਼ਬਾਰ ਵੇਖਣ ਸਾਰ ਦੰਗੇ ਭੜਕ ਜਾਣੇ ਹਨ। ਪਤਾ ਨਹੀਂ ਕਿੰਨੇ ਬੇਦੋਸ਼ੇ ਮਾਰੇ ਜਾਣ। ਇਹ ਸੋਚ ਕੇ ਉਹ ਡਰ ਗਿਆ। ਉਹ ਕੋਈ ਢੰਗ ਸੋਚਣ ਲੱਗਾ।
ਡੂੰਘੀ ਸੋਚ-ਵਿਚਾਰ ਤੋਂ ਬਾਅਦ ਉਸ ਨੇ ਚਾਹ ਵਾਲੇ ਸਟਾਲ ਤੋਂ ਮਾਚਿਸ ਲਈ ਤੇ ਅਖ਼ਬਾਰਾਂ ਨੂੰ ਅੱਗ ਲਗਾ ਦਿੱਤੀ। ਅਖ਼ਬਾਰਾਂ ਦਾ ਸੁੱਕਾ ਕਾਗਜ਼ ਇਕਦਮ ਭਾਂਬੜ ਬਣ ਕੇ ਮੱਚਿਆ। ਭਾਂਬੜ ਬਲਦਾ ਵੇਖ ਲੋਕ ਇਕੱਠੇ ਹੋ ਗਏ।
ਕੀ ਹੋਇਆ? ਕੀ ਹੋਇਆ? ਲੋਕ ਇਕ-ਦੂਜੇ ਨੂੰ ਪੁੱਛ ਰਹੇ ਸਨ।
ਹੋਣਾ ਕੀ ਐ। ਕੰਜਰ ਬੀੜੀ ਪੀਣ ਲੱਗਾ ਹੋਣਾ ਤੇ ਹਨੇਰੇ ਚ ਅਖ਼ਬਾਰਾਂ ਨੂੰ ਅੱਗ ਲਗਾ ਬੈਠਾ। ਕਿਸੇ ਨੇ ਆਪਣਾ ਅੰਦਾਜਾ ਲਗਾਇਆ।
ਉਦੋਂ ਪਤਾ ਲੱਗੂ ਜਦੋਂ ਮਹੀਨੇ ਦੀ ਸਾਰੀ ਤਨਖਾਹ ਅਖਬਾਰਾਂ ਦੇ ਬਣਦੇ ਪੈਸਿਆਂ ਚ ਕੱਟੀ ਗਈ।
ਸ਼ੁਕਰ ਕਰੋ, ਇਹ ਥੱਲੇ ਖੜਾ ਸੀ। ਅੰਦਰ ਹੁੰਦਾ ਤਾਂ ਪਤੰਦਰ ਨੇ ਸਾਰੀ ਗੱਡੀ ਫੂਕ ਸੁੱਟਣੀ ਸੀ। ਹੁਣੇ-ਹੁਣੇ ਆ ਕੇ ਸਟੇਸ਼ਨ ਤੇ ਖਲੋਤੀ ਗੱਡੀ ਵੱਲ ਇਸ਼ਾਰਾ ਕਰਦਿਆਂ ਇਕ ਨੇ ਕਿਹਾ।
ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਸਨ।, ਪਰ ਉਹ ਕਿਸੇ ਜਿੱਤ ਦੇ ਅਹਿਸਾਸਾ ਨਾਲ ਆਪਣੇ-ਆਪ ਨੂੰ ਹੌਲਾ ਮਹਿਸੂਸ ਕਰ ਰਿਹਾ ਸੀ। ਗੱਡੀ ਜਾ ਚੁੱਕੀ ਸੀ।
ਅਗਲੇ ਸਟੇਸ਼ਨ ਤੇ ਪਹੁੰਚਣ ਤੱਕ ਦਿਨ ਚੜ੍ਹ ਜਾਣਾ ਹੈ ਤੇ ਦਿਨ ਚੜ੍ਹੇ ਪ੍ਰਸ਼ਾਸਨ ਨੇ ਹਰਕਤ ਵਿਚ ਆ ਜਾਣਾ ਹੈ। ਉਸਨੇ ਅਨੁਮਾਨ ਲਗਾਇਆ ਤੇ ਬੈਠ ਕੇ ਬਲਦੀ ਅੱਗ ਤੇ ਹੱਥ ਸੇਕਣ ਲੱਗ ਪਿਆ।
                        -0-

Tuesday, November 20, 2012

ਟ੍ਰੇਨਿੰਗ



ਰਿਸ਼ੀ ਗੁਲਾਟੀ

ਉਹਦੇ ਘਰ ਪਹੁੰਚ ਕੇ ਮੈਂ ਦਰਵਾੇ ਤੇ ਲੱਗੀ ਘੰਟੀ ਵਜਾਈ ਤੇ ਉਹਦੀ ਇੰਤਾਰ ਵਿੱਚ ਗਲੀ ਵਿਚ ਟਹਿਲਣ ਲੱਗਾ। ਅੱਜ ਬਾਲ ਦਿਵਸ ਦੇ ਸਿਲਸਿਲੇ ਵਿਚ ਸਕੂਲ ਵਿੱਚ ਬੱਚਿਆਂ ਦੇ ਪ੍ਰੋਗਰਾਮ ਹੋਣੇ ਸਨ। ਟਹਿਲਦਿਆਂ ਟਹਿਲਦਿਆਂ ਮੈਂ ਗਲੀ ਦੇ ਮੋੜ ਤੇ ਆ ਗਿਆ। ਉੱਥੇ ਇੱਕ ਦਸ-ਬਾਰਾਂ ਸਾਲ ਦਾ ਬੱਚਾ ਕਹੀ ਨਾਲ ਰੋੜੇ-ਵੱਟਿਆਂ ਦਾ ਮਲਬਾ ਇਕੱਠਾ ਕਰਕੇ ਬੱਠਲ ਵਿੱਚ ਪਾਈ ਜਾ ਰਿਹਾ ਸੀ। ਕੋਲ ਇੱਕ ਮੋਟੀ ਜਿਹੀ ਜਨਾਨੀ ਢਾਕਾਂ ਤੇ ਹੱਥ ਰੱਖੀ ਖੜੀ ਸੀ। ਸ਼ਾਇਦ ਉਹਨਾਂ ਨੇ ਘਰ ਵਿੱਚ ਕੋਈ ਤੋੜ-ਭੰਨ ਕਰਵਾਈ ਹੋਵੇਗੀ, ਜਿਸਦਾ ਮਲਬਾ ਉਹ ਰੇਹੜੇ ਵਾਲੇ ਤੋਂ ਚੁਕਵਾ ਰਹੀ ਸੀ। ਰੇਹੜੇ ਵਾਲਾ ਨਾਲੀ ਕੋਲ ਬੈਠਾ ਬੀੜੀ ਫੂਕੀ ਜਾ ਰਿਹਾ ਸੀ। ਉਹਨੂੰ ਬੈਠੇ ਤੇ ਬੱਚੇ ਨੂੰ ਕੰਮ ਕਰਦਿਆਂ ਦੇਖਕੇ ਮੈਨੂੰ ਰੇਹੜੇ ਵਾਲੇ ਤੇ ਬੜਾ ਰੋਹ ਆਇਆ। ਪਰ ਆਪਣੀ ਆਵਾਜ਼ ਨੂੰ ਨਰਮ ਬਨਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, “ਕਿਵੇਂ ਬਈ, ਜੁਆਕ ਨੂੰ ਕੰਮ ਲਾਇਐ? ਇਹਨੂੰ ਸਕੂਲ ਨੀਂ ਭੇਜਦਾ?
“ਮਾਹਟਰ ਜੀ, ਸਾਰਾ ਦਿਨ ਵੇਹਲਾ ਫਿਰਦਾ ਰਹਿੰਦਾ ਸੀ, ਹੁਣ ਨਾਲ ਲਿਆਉਣ ਲੱਗ ਪਿਆ, ਕੰਮ ਈ ਸਿੱਖ ਜੂ।”
“ਜੇ ਤੂੰ ਸਾਰੀ ਉਮਰ ਮਜ਼ਦੂਰੀ ਕਰਕੇ ਕੱਢ ਦਿੱਤੀ ਤਾਂ ਕੋਈ ਜ਼ਰੂਰੀ ਐ ਕਿ ਇਹ ਵੀ ਉਹੀ ਕੰਮ ਕਰੇ, ਇਹਨੂੰ ਸਕੂਲ ਭੇਜ। ਗੌਰਮਿੰਟ ਨੇ ਐਨੀਆਂ ਸਕੀਮਾਂ ਚਲਾ ਰੱਖੀਐਂ। ਪੜ੍ਹ ਕੇ ਕੋਈ ਟ੍ਰੇਨਿੰਗ ਲੈ ਕੇ ਕੰਮ ਧੰਦਾ ਕਰ ਲੂ।”
“ਛੱਡੋ ਮਾਹਟਰ ਜੀ, ਥੋਡੀ ਟਰੇਨਿੰਗ ਲੈ ਕੇ ਦਸਾਂ-ਬਾਰਾਂ ਸਾਲਾਂ ਨੂੰ ਪਤਾ ਨੀ ਕੁਛ ਕਰਨ ਜੋਗਾ ਹੋਊ ਕਿ ਨਹੀਂ, ਪਰ ਮੇਰੀ ਟਰੇਨਿੰਗ ਲੈ ਕੇ ਅਗਲੇ ਸਾਲ ਈ ਦਿਹਾੜੀ ਪਾਉਣ ਜੋਗਾ ਹੋ ਜੂ।”
ਉਹਦੀ ਗੱਲ ਸੁਣਕੇ ਮੈਨੂੰ ਜੇਬ ਵਿੱਚ ਰੱਖੇ ਚਿਲਡਰਨ ਡੇ ਤੇ ਲਿਖੇ ਭਾਸ਼ਣ ਤੇ ਪਕੜ ਰੱਤਾ ਢਿੱਲੀ ਹੋ ਗਈ ਜਾਪਦੀ ਸੀ।
                                         -0-

Wednesday, November 14, 2012

ਅਹਿਸਾਸ



ਗੁਰਮੇਲ ਮਡਾਹੜ

ਵਿਆਹ ਤੋਂ ਪਹਿਲਾਂ ਉਹ ਜਦ ਵੀ ਇਕ ਦੂਜੇ ਨੂੰ ਮਿਲਦੇ ਤਾਂ ਜਸਜੀਤ ਵੀਨਾ ਦੇ ਜੂੜੇ ਵਿਚ ਬੜੇ ਪਿਆਰ ਨਾਲ ਫੁੱਲ ਟੰਗਦਾ। ਜਿਸ ਨੂੰ ਉਹ ਕਿੰਨਾ-ਕਿੰਨਾ ਚਿਰ ਪਿਆਰ ਨਾਲ ਪਲੋਸਦੀ ਰਹਿੰਦੀ ਤੇ ਕਹਿੰਦੀ, “ਜਸਜੀਤ. ਮੈਨੂੰ ਇਕ ਪੁੱਤਰ ਦੇ ਦੇ, ਬਿਲਕੁਲ ਤੇਰੇ ਵਰਗੀ ਸ਼ਕਲ ਹੋਵੇ, ਤੇਰੇ ਵਰਗੀ ਅਕਲ।”
“ਫਿਕਰ ਨਾ ਕਰ, ਤੇਰੀ ਇਹ ਖਾਹਸ਼ ਵੀ ਜਲਦੀ ਹੀ ਪੂਰੀ ਹੋ ਜਾਵੇਗੀ।” ਜਸਜੀਤ ਉੱਤਰ ਦਿੰਦਾ।
ਫਿਰ ਉਹਨਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਦ ਉਸ ਨੂੰ ਕਈ ਵਾਰ ਮਾਂ ਬਣਨ ਦੀ ਆਸ ਹੋਈ, ਪਰ ਕੁਝ ਸਮਾਂ ਪਾ ਕੇ ਬਿਮਾਰ ਹੋ ਜਾਂਦੀ ਰਹੀ। ਇਸ ਦੌਰਾਨ ਜਸਜੀਤ ਫੁੱਲ-ਵੁੱਲ ਟੰਗਣੇ ਸਭ ਭੁੱਲ ਗਿਆ। ਬੱਸ ਹਰ ਵਕਤ ਉਹਨੂੰ ਵੀਨਾ ਦੀ ਚਿੰਤਾ ਖਾਈ ਜਾਂਦੀ। ਬੜੀ ਨੱਠ-ਭੱਜ ਤੇ ਇਲਾਜ ਲਈ ਕਈ ਡਾਕਟਰ ਬਦਲਣ ਤੋਂ ਬਾਦ ਕਿਤੇ ਜਾ ਕੇ ਉਹ ਸਫਲ ਹੋਏ। ਉਸ ਦੇ ਘਰ ਲੜਕੇ ਨੇ ਜਨਮ ਲਿਆ। ਜਸਜੀਤ ਮਾਰੇ ਖੁਸ਼ੀ ਦੇ ਫੁੱਲਿਆ ਨਹੀਂ ਸੀ ਸਮਾਉਂਦਾ। ਉਸ ਨੇ ਬੱਚੇ ਨੂੰ ਚੁੱਕ ਕੇ ਰੱਜ ਕੇ ਪਿਆਰ ਕੀਤਾ ਤੇ ਫੇਰ ਵੀਨਾ ਨੂੰ ਮੁਬਾਰਕਬਾਦ ਦੇਣ ਤੋਂ ਬਾਦ ਉਸ ਦੇ ਬੈੱਡ ਤੇ ਪਈ ਦੇ ਹੀ ਜੂੜੇ ਵਿਚ ਜਦ ਫੁੱਲ ਟੰਗਣ ਲੱਗਾ ਤਾਂ ਉਹ ਬੋਲੀ, “ਜਸਜੀਤ ਹੁਣ ਮੇਰੇ ਇਹ ਫੁੱਲ ਨਾ ਟੰਗਿਆ ਕਰ।”
“ਕਿਉਂ ? ਹੁਣ ਮੇਰਾ ਫੁੱਲ ਟੰਗਣਾ ਤੈਨੂੰ ਚੰਗਾ ਨਹੀਂ ਲਗਦਾ?
“ਨਹੀਂ, ਇਹ ਗੱਲ ਨਹੀਂ।”
“ਫੇਰ?
“ਫੁੱਲ ਤੋੜਨ ਲਈ ਨਹੀਂ, ਦੇਖਣ ਤੇ ਪਿਆਰ ਕਰਨ ਲਈ ਹੁੰਦੇ ਨੇ…।”
“ਅੱਛਾ…!” ਜਸਜੀਤ ਨੇ ਹੈਰਾਨੀ ਪ੍ਰਗਟ ਕੀਤੀ।
“ਹਾਂ…ਕੋਈ ਫੁੱਲ ਕਿੰਨਾ ਔਖਾ ਖਿੜਦੈ, ਇਹ ਇਕ ਮਾਂ ਹੀ ਜਾਣ ਸਕਦੀ ਐ…ਕੋਈ ਹੋਰ ਨਹੀਂ…” ਕਹਿ ਕੇ ਵੀਨਾ ਨੇ ਬੇਟੇ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ।
                                           -0-

Tuesday, November 6, 2012

ਸਬਕ



ਜਗਦੀਸ਼ ਰਾਏ ਕੁਲਰੀਆਂ

        ਸਵੇਰੇ ਸਕੂਲ ਚੋਂ ਆਏ ਟੈਲੀਫੋਨ ਨੇ ਹੀ ਉਸ ਅੰਦਰ ਖਲਬਲੀ ਮਚਾ ਦਿੱਤੀ ਸੀ
       “ਸਨੀ ਓਏ ਸਨੀ ..... ਕਿੱਥੇ ਐ ਤੂੰ ....? ਉਸ ਨੇ ਘਰ ਅੰਦਰ ਦਾਖਿਲ ਹੁੰਦਿਆਂ ਹੀ ਆਪਣੇ ਐਲ.ਕੇ ਜੀ. ਕਲਾਸ ਵਿੱਚ ਪੜ੍ਹਦੇ ਬੇਟੇ ਨੂੰ ਆਵਾਜ ਮਾਰੀ
       “ਕੀ ਗੱਲ ਕੀ ਹੋਇਆ ..... ਐਨੇ ਗੁੱਸੇ 'ਚ ਕਿਉਂ ਹੋ..? ਸ੍ਰੀਮਤੀ ਨੇ ਪਾਣੀ ਦਾ ਗਲਾਸ ਫੜਾਉਂਦਿਆ ਹੈਰਾਨੀ ਨਾਲ ਪੁੱਛਿਆ
       “ਹੋਣਾ ਕੀ ਐ... ਤੈਨੂੰ ਤਾ ਪਤਾ ਈ ਏ... ਕਿ ਸਾਰਾ ਦਿਨ ਖੇਡਣ ਤੱਕ ਹੀ ਧਿਆਨ ਹੈ, ਸਕੂਲ ਦਾ ਹੋਮਵਰਕ ਕਰਨ ਨੂੰ ਜੀਅ ਨਹੀਂ ਕਰਦਾ.... ਅੱਜ ਸਵੇਰੇ ਇਹਦਾ ਕੁੱਝ ਕੰਮ ਪੈਡਿੰਗ ਸੀ, ਮੈਂ ਦਫਤਰੋ ਲੇਟ ਹੋ ਰਿਹਾ ਸੀ .... ਉੱਪਰੋ ਕਹਿੰਦਾ
ਕਿ ਮੈਂ ਤਾਂ ਸਕੂਲ ਨੀ ਜਾਣਾ,  ਮੇਰਾ ਹੋਮ ਵਰਕ ਪੂਰਾ ਨਹੀਂ... ਮੈਂ ਕਾਹਲ  'ਚ ਇਹਦਾ ਹੋਮ ਵਰਕ ਕਰਕੇ ਸਕੂਲ ਵੈਨ ਚੜ੍ਹਾ ਤਾਂ .... ਤੈਨੂੰ ਵੀ ਕਿੰਨੀ ਵਾਰ ਕਿਹਾ ਕਿ ਥੋੜੀ ਬਹੁਤੀ ਜਿੰਮੇਵਾਰੀ ਤੂੰ ਵੀ ਸਮਝਿਆ ਕਰ ਉਸਨੇ ਪਤਨੀ ਨੂੰ ਗੱਲ ਦੱਸਦਿਆਂ ਆਪਣਾ ਗੁੱਸਾ ਉਸ ਤੇ ਵੀ ਕੱਢਿਆ
        ਏਨੇ ਨੂੰ ਸਨੀ ਵੀ ਅੰਦਰਲੇ ਕਮਰੇ ਤੋਂ ਉਹਨਾਂ ਕੋਲ ਆ ਗਿਆ
       “ਹਾਂ ਬੇਟਾ ਕੀ ਹੋਇਆ ਅੱਜ ਸਕੂਲੇ?” ਸ੍ਰੀਮਤੀ ਨੇ ਪਿਆਰ ਨਾਲ ਪੁੱਛਿਆ
       “ਮੰਮਾ ... ਮੰਮਾ, ਅੱਜ ਜਦੋਂ ਮੈਡਮ ਮੇਰਾ ਹੋਮ ਵਰਕ ਚੈੱਕ ਕਰਨ ਲੱਗੇ ਤਾਂ ਉਹ ਕਹਿਣ ਲੱਗੇ.. ਕਿ ਐਨੀ ਸੋਹਣੀ ਹੈਂਡ ਰਾਇਟਿੰਗ! ...ਵੈਰੀ ਗੁੱਡ, ਤੂੰ ਆਪਣਾ ਕੰਮ ਆਪ ਕੀਤੈ......?
        ਮੈਂ ਕਿਹਾ,  “ਨਹੀਂ ਮੈਮ ਜੀ ... ਮੈਮ ਜੀ, ਅੱਜ ਸੁਬਹ ਜਦੋਂ ਮੈਂ ਲੇਟ ਹੋ ਰਿਹਾ ਸੀ ਤਾਂ ਪਾਪਾ ਨੇ ਕੀਤਾ ਸੀ ਫੇਰ ਮੈਮ ਮੇਰੀ ਨੋਟ ਬੁੱਕ ਲੈ ਕੇ ਪ੍ਰਿੰਸੀਪਲ ਮੈਮ ਦੇ ਕਮਰੇ ਅੰਦਰ ਚਲੇ ਗਏ ਸਨੀ ਨੇ ਸਾਰਾ ਕਿੱਸਾ ਖੋਲ੍ਹਿਆ
      “ਬੇਟੇ ਤੁਹਾਨੂੰ ਇੰਝ ਨਹੀਂ ਕਹਿਣਾ ਚਾਹੀਦਾ ਸੀ ......ਪਾਪਾ ਨੇ ਜਾਣ ਬੁੱਝ ਕੇ ਥੋੜਾ ਕੀਤਾ ਸੀ” ਸ੍ਰੀਮਤੀ ਨੇ ਬੇਟੇ ਨੂੰ ਸਮਝਾਉਂਦਿਆ ਕਿਹਾ
      'ਪਰ ਮੰਮਾ, ਮੈਂ ਕਿਹੜਾ ਕੁੱਝ ਗਲਤ ਕਿਹਾ .....ਤੁਸੀਂ ਤੇ ਪਾਪਾ ਤਾਂ ਰੋਜ਼ ਹੀ ਕਹਿੰਦੇ ਹੋ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ,ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਸਨੀ ਨੇ ਬੜੀ ਮਾਸੂਮੀਅਤ ਨਾਲ ਕਿਹਾ
       ਬੇਟੇ ਦੀ ਗੱਲ ਸੁਣ ਕੇ ਦੋਨੋ ਪਤੀ ਪਤਨੀ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗ ਪਏ
                                 -0-