-moz-user-select:none; -webkit-user-select:none; -khtml-user-select:none; -ms-user-select:none; user-select:none;

Monday, October 8, 2012

ਕਿਸਮਤ



ਸੁਖਚਰਨ ਸਿੰਘ ਸਿੱਧੂ

ਅਖ਼ਬਾਰ ਲੈ ਕੇ ਮੈਂ ਮਸਾਂ ਅਜੇ ਬੱਸ ਵਿਚ ਬੈਠਾ ਹੀ ਸਾਂ ਕਿ ਮੇਰੇ ਨਾਲ ਵਾਲੀ ਸੀਟ ਉੱਤੇ ਬੈਠੇ ਭਈਏ ਨੇ ਮੇਰੇ ਵੱਲ ਉਲਰਕੇ ਕਿਹਾ, “ਸਰਦਾਰ ਜੀ, ਜ਼ਰਾ ਅਖਬਾਰ ਤੋ ਦੇਣਾ।ਜੀਅ ਕੀਤਾ ਕਿ ਕਹਿ ਦਿਆਂ ਕਿ ਸਾਲਿਆ ਜੇ ਅਖ਼ਬਾਰ ਪੜ੍ਹਨ ਦਾ ਔਨਾ ਹੀ ਸ਼ੌਕ ਹੈ ਤਾਂ ਆਪਣਾ ਅਖ਼ਬਾਰ ਕਿਉਂ ਨਹੀਂ ਖਰੀਦ ਲੈਂਦਾ।
ਪਰ ਅਗਲੇ ਹੀ ਪਲ ਮੇਰੇ ਮਨ ਨੂੰ ਦਇਆ ਭਾਵ ਨੇ ਆ ਦਬੋਚਿਆ ਤੇ ਅਖ਼ਬਾਰ ਵਾਲਾ ਹੱਥ ਆਪ ਮੁਹਾਰੇ ਭਈਏ ਵੱਲ ਵਧ ਗਿਆ।
ਮੈਨੂੰ ਉਸ ਵੇਲੇ ਬਹੁਤ ਹੈਰਾਨੀ ਹੋਈ ਜਦੋਂ ਭਈਏ ਨੇ ਅਖ਼ਬਾਰ ਪੜ੍ਹਨ ਦੀ ਥਾਂ ਤੇ ਜੇਬ ਵਿੱਚੋਂ ਥੱਬਾ ਕੁ ਟਿਕਟਾਂ ਕੱਢ ਕੇ ਉਨ੍ਹਾਂ ਦੇ ਨੰਬਰ ਅਖ਼ਬਾਰ ਉੱਤੇ ਆਏ ਲਾਟਰੀ ਦੇ ਨਤੀਜੇ ਨਾਲ ਮਿਲਾਉਣੇ ਸ਼ੁਰੂ ਕਰ ਦਿੱਤੇ। ਇਕ ਇਕ ਕਰਕੇ ਉਸਨੇ ਸਾਰੀਆਂ ਟਿਕਟਾਂ ਦੇ ਨੰਬਰ ਮਿਲਾਏ। ਪਰ ਇਨਾਮ ਉਸਦਾ ਕਿਸੇ ਸੀਰੀਜ਼ ਵਿਚ ਵੀ ਨਾ ਆਇਆ।
ਹੁਣ ਤਕ ਉਸਦਾ ਰੰਗ ਉੱਡ ਚੁੱਕਾ ਸੀ ਤੇ ਚਿਹਰਾ ਪੀਲਾ ਭੂਕ ਹੋ ਚੁੱਕਾ ਸੀ। ਉਸਦੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਪਰਤੱਖ ਨਜ਼ਰ ਆ ਰਹੀਆਂ ਸਨ। ਉਸ ਦੀਆਂ ਅੱਖਾਂ ਵਿਚ ਨਿਰਾਸਤਾ ਦੀ ਡੂੰਘੀ ਸ਼ਾਮ ਉਤਰ ਆਈ ਸੀ।
ਮੈਨੂੰ ਅਖ਼ਬਾਰ ਫੜਾਉਂਦਿਆਂ ਉਸ ਇਕ ਲੰਮਾ ਹਉਕਾ ਲਿਆ ਤੇ ਕਿਹਾ, “ਅਪਣੀ ਤੋ ਸਰਦਾਰ ਜੀ ਕਿਸਮਤ ਹੀ ਖਰਾਬ ਹੈ। ਨਸੀਬ ਹੀ ਫੂਟਾ ਹੈ। ਸਾਲਾ ਦਸ ਟਿਕਟ ਅਲਗ ਅਲਗ ਸੀਰੀਜ ਕਾ ਲੀਯਾ, ਪਰ ਇਨਾਮ ਫਿਰ ਭੀ ਨਹੀਂ ਨਿਕਲਾ।
ਅਖ਼ਬਾਰ ਮੋੜਦਿਆਂ ਭਈਏ ਦੀਆਂ ਗੱਲਾਂ ਸੁਣਕੇ ਮਨ ਵਿਚ ਰੰਜ ਹੋਇਆ ਕਿ ਭਾਰਤੀ ਲੋਕ ਅਜੇ ਵੀ ਤਕਦੀਰ ਤੇ ਨਸੀਬ ਦੇ ਚੱਕਰਾਂ ਵਿਚ ਫਸੇ ਹੋਏ ਨੇ। ਇੱਕੀਵੀਂ ਸਦੀ ਆਉਣ ਵਾਲੀ ਹੈ ਤੇ ਅਸੀਂ ਅਜੇ ਵੀ ਕਿਸਮਤ ਨੂੰ ਹੀ ਆਪਣੀ ਹੋਣੀ ਸਮਝੀ ਬੈਠੇ ਹਾਂ। ਚਿੜ ਜਿਹੀ ਨਾਲ ਮੈਂ ਭਈਏ ਨੂੰ ਕਿਹਾ, “ਹਾਂ ਭਾਈ, ਜੇ ਤੇਰੀ ਕਿਸਮਤ ਅੱਛੀ ਹੋਤੀ ਤੋ ਤੂੰ ਅਵੱਸ਼ ਕਿਸੇ ਮੰਤਰੀ ਕੇ ਘਰ ਮੇਂ ਯਾ ਕਿਸੀ ਬੜੇ ਕਾਰਖਾਨੇਦਾਰ ਕੇ ਘਰ ਪੈਦਾ ਹੋਤਾ। ਕਿਸਮਤ ਮਾੜੀ ਔਰ ਫੂਟੇ ਨਸੀਬ ਕੀ ਹੀ ਬਾਤ ਹੈ ਕਿ ਤੂੰ ਕਿਸੀ ਗਰੀਬ ਕੇ ਘਰ ਪੈਦਾ ਹੁਆ ਹੈ। ਔਰ ਅਬ ਪੰਜਾਬ ਮੇਂ ਮਜ਼ਦੂਰੀ ਕੇ ਲੀਏ ਬਿਹਾਰ ਸੇ ਆਇਆ ਹੈ। ਪਰ ਯਾਦ ਰੱਖ ਯੇਹ ਲਾਟਰੀ-ਵਾਟਰੀ ਸੇ ਤੇਰੀ ਕਿਸਮਤ ਖੁਲਣੇ ਵਾਲੀ ਨਹੀਂ। ਮਿਹਨਤ ਕਰ ਔਰ ਹਿੰਮਤ ਰੱਖ, ਤੇਰੀ ਤਕਦੀਰ ਅਵੱਸ਼ ਬਦਲੇਗੀ। ਔਰ ਸੁਣ, ਮਨੁੱਖ ਆਪਣੀ ਕਿਸਮਤ ਕੋ ਖੁਦ ਬਨਾਣੇ ਵਾਲਾ ਹੈ। ਆਪਣੀ ਤਕਦੀਰ ਕਾ ਆਪ ਸੁਆਮੀ  ਹੈ। ਆਪਣਾ ਭਗਵਾਨ ਆਪ ਹੀ ਹੈ। ਸਮਝੇ।
                           -0-

No comments: