-moz-user-select:none; -webkit-user-select:none; -khtml-user-select:none; -ms-user-select:none; user-select:none;

Sunday, September 23, 2012

ਧਰਵਾਸ ਦਾ ਧੁਰਾ


ਜਸਬੀਰ ਢੰਡ

ਪਤਨੀ ਨੇ ਪਤੀ ਲਈ ਕਈ ਦਿਨ ਵਰਜਿਤ ਕਰਾਰ ਦਿੱਤੇ ਹੋਏ ਸਨ। ਮਸਲਨ ਅੱਜ ਮੰਗਲਵਾਰ ਹੈ ਮਹਾਵੀਰ ਦਾ ਦਿਨਅੱਜ ਨਹੀਂ ਪੀਣੀ। ਅੱਜ ਵੀਰਵਾਰ ਹੈ ਲਾਲਾਂ ਵਾਲੇ ਪੀਰ ਦਾ ਦਿਨ। ਅੱਜ ਜਨਮ ਅਸ਼ਟਮੀ ਹੈ, ਅੱਜ ਰਾਮਨੌਮੀ ਹੈ, ਹੁਣ ਸਰਾਧ ਚੱਲ ਰਹੇ ਹਨ,  ਹੁਣ ਨਰਾਤੇ ਹਨ, …ਤੇ ਇਸ ਤਰ੍ਹਾਂ ਵਰਜਿਤ ਦਿਨਾਂ ਦਾ ਇਕ ਲੰਮਾ ਸਿਲਸਿਲਾ। ਪਤੀ ਹੈਰਾਨ ਹੁੰਦਾ, ਦੇਵੀ ਦੇਵਤਿਆਂ ਦੀ ਗਿਣਤੀ ਤੋਂ ਪ੍ਰੇਸ਼ਾਨ ਹੁੰਦਾ।
ਇਕ ਦਿਨ ਪਤਨੀ ਦੀ ਦਵਾਈ ਲੈਣ ਰਾਜਧਾਨੀ ਦੇ ਵੱਡੇ ਹਸਪਤਾਲ ਜਾਣਾ ਸੀ। ਅਸ਼ਟਮੀ ਦਾ ਦਿਨ ਸੀ। ਭਾਵੇਂ ਪਤਨੀ ਬੀਮਾਰ ਸੀ, ਫੇਰ ਵੀ ਉਸਨੇ ਸਾਰੇ ਟੱਬਰ ਦੇ ਸੁੱਤਿਆਂ-ਸੁੱਤਿਆਂ ਹੀਂ ਵੱਡੇ ਤੜਕੇ ਉੱਠ ਕੇ ਕੜਾਹੀ ਦਾ ਸਾਮਾਨ ਤਿਆਰ ਕਰ ਲਿਆ ਸੀ। ਮੱਥਾ ਟੇਕ ਕੇ ਉਹ ਛੇ ਵਜਦੇ ਨੂੰ ਘਰੋਂ ਤੁਰ ਪਏ ਸਨ। ਵਾਟ ਦੂਰ ਦੀ ਸੀ। ਰਾਹ ਵਿਚ ਕਾਰ ਇਕ ਵੱਡੇ ਸ਼ਹਿਰ ਵਿੱਚੋਂ ਲੰਘੀ ਜਿੱਥੇ ਇਕ ਬੜਾ ਪ੍ਰਸਿੱਧ ਮੰਦਰ ਸੀ। ਜਾਮ ਲੱਗਿਆ ਪਿਆ ਸੀ। ਕਾਰ ਜੂੰ ਦੀ ਤੋਰ ਤੁਰਦੀ ਉਸ ਮੰਦਰ ਅੱਗੋਂ ਲੰਘੀ ਤਾਂ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਦੇਖ ਕੇ  ਹੈਰਾਨ ਰਹਿ ਗਏ।
ਇਨ੍ਹਾਂ ਦੇ ਹੱਥਾਂ ਵਿਚ ਕੀ ਹੈ?ਪਤਨੀ ਨੇ ਹੈਰਾਨੀ ਨਾਲ ਪੁੱਛਿਆ।
ਸ਼ਰਾਬ ਦੀਆਂ ਬੋਤਲਾਂ ਹਨਹੋਰ ਕੀ!ਪਤੀ ਨੇ ਵਿਅੰਗ ਪੂਰਵਕ ਕਿਹਾ ਤਾਂ ਪਤਨੀ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਵਿਚ-ਵਿਚ ਲੋਕ ਬੱਕਰੇ ਤੇ ਪਠੋਰੇ ਵੀ ਲਈ ਖੜ੍ਹੇ ਸਨ।
 ਮਾਤਾ ਇਹ ਕੀ? ਮੈਂ ਤਾਂ ਤੇਰੇ ਨਰਾਤਿਆਂ ਦਾ ਨਾਂ ਲੈ ਕੇ ਇਨ੍ਹਾਂ ਨੂੰ ਸ਼ਰਾਬ ਤੋਂ ਵਰਜਦੀ ਰਹੀ। ਇਹ ਕੀ ਗੋਰਖ ਧੰਦਾ ਹੈ। ਪੁਲੀਸ ਵੀ ਨਹੀਂ ਰੋਕਦੀ ਇਨ੍ਹਾਂ ਨੂੰ। ਏਨੀ ਖਲਕਤ ਸ਼ਰੇਆਮ ਏਨੀ ਸ਼ਰਾਬ ਚੁੱਕੀ ਫਿਰਦੀ ਹੈਤੇ ਇਨ੍ਹਾਂ ਬੇਜੁਬਾਨ ਜਾਨਵਰਾਂ ਦਾ ਕੀ ਕਸੂਰ?
ਹੁਣ ਉਹ ਸ਼ਰਾਬ ਨਹੀਂ ਵੇਖ ਰਹੀ ਸੀ। ਕਾਰ ਦੀ ਸੀਟ ਨਾਲ ਢਾਸਣਾ ਲਾਈ, ਅੱਖਾਂ ਮੂੰਦੀ, ਇਕ ਕਸੀਸ ਜਿਹੀ ਵੱਟੀ ਉਹ ਛਟਪਟਾ ਰਹੀ ਸੀ। ਸਰੀਰਕ ਪੀੜ ਤੋਂ ਵੀ ਵੱਡੀ ਪੀੜ ਨਾਲ।
ਨਿੱਤ ਚਾਹ-ਪਾਣੀ ਪੀਣ ਤੋਂ ਪਹਿਲਾਂ ਪੂਜਾ-ਪਾਠ ਕਰਨ ਵਾਲੀ ਸੁਆਨੀ ਦੇ ਧਰਵਾਸ ਦੀ ਧਰਤੀ ਦਾ ਧੁਰਾ ਹਿੱਲ ਗਿਆ ਸੀ। ਹੰਝੂ ਪਰਲ-ਪਰਲ ਉਹਦੀਆਂ ਅੱਖਾਂ ਵਿੱਚੋਂ ਆਪ-ਮੁਹਾਰੇ ਵਗੀ ਜਾ ਰਹੇ ਸਨ। ਪਤੀ ਨੇ ਉਸ ਦੀ ਹਾਲਤ ਵੇਖੀ ਤਾਂ ਉਸ ਦੇ ਬੁਲ੍ਹਾਂ ਉੱਤੇ ਆਈ ਜੇਤੂ ਮੁਸਕਾਨ ਗਾਇਬ ਹੋ ਗਈ।
ਤੂੰ ਰੋ ਨਾ! ਇਨ੍ਹਾਂ ਤਿੱਥਾਂ-ਵਾਰਾਂ ਦਾ ਨਾਉਂ ਨਾ ਲਿਆ ਕਰ। ਮੈਂ ਉਂਜ ਹੀ ਛੱਡ ਦਿਆਂਗਾਉਸ ਨੇ ਪਤਨੀ ਨੂੰ ਧਰਵਾਸ ਦਿੱਤਾ।
ਕਾਰ ਹੌਲੀ-ਹੌਲੀ ਸ਼ਹਿਰ ਲੰਘ ਆਈ ਸੀ ਅਤੇ ਪੂਰੀ ਸਪੀਡ ਤੇ ਭੱਜਣ ਲੱਗੀ ਸੀ। ਕੁਝ ਦੇਰ ਬਾਦ ਔਰਤ ਆਦਮੀ ਦੇ ਮੋਢੇ ਤੇ ਸਿਰ ਧਰੀ ਘੂਕ ਸੁੱਤੀ ਪਈ ਸੀ।
                       -0-

No comments: