-moz-user-select:none; -webkit-user-select:none; -khtml-user-select:none; -ms-user-select:none; user-select:none;

Monday, June 25, 2012

ਫ਼ਾਸਲਾ


ਧਰਮਪਾਲ ਸਾਹਿਲ

ਕੈਦੀ ਦੇ ਜੇਲ੍ਹ ਤੋਂ ਛੁੱਟਣ ਵਾਂਗ, ਉਹ ਵੀ ਮਹਿਕਮੇ ਵੱਲੋਂ ਲਾਏ ਪੂਰੇ ਇਕ ਮਹੀਨੇ ਦੇ ਰਿਫਰੈਸ਼ਰ ਕੋਰਸ ਤੋਂ ਫਾਰਗ ਹੋ ਕੇ, ਉੱਡ ਕੇ ਆਪਣੇ ਪਰਿਵਾਰ ਪਾਸ ਪੁੱਜ ਜਾਣਾ ਚਾਹੁੰਦਾ ਸੀ। ਘਿਸੇ-ਪਿਟੇ ਬੋਰ ਲੈਕਚਰ। ਬੇਸੁਆਦੀ ਖਾਣਾ। ਅਜਨਬੀ ਸਾਥੀ। ਬੇਗਾਨਾ ਸ਼ਹਿਰ। ਫੁਰਸਤ ਦੇ ਪਲਾਂ ਵਿਚ ਉਸਨੂੰ ਆਪਣੇ ਸੱਤ ਕੁ ਸਾਲਾ ਪੁੱਤਰ ਰਾਹੁਲ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਦਿਲ ਲੁਭਾਉਣੀਆਂ ਸ਼ਰਾਰਤਾਂ ਬਹੁਤ ਯਾਦ ਆਉਂਦੀਆਂ। ਉਸਦਾ ਦਿਲ ਕਰਦਾ ਕਿ ਉਹ ਰਿਫਰੈਸ਼ਰ ਕੋਰਸ ਵਿੱਚੇ ਛੱਡ ਕੇ ਭੱਜ ਜਾਵੇ ਜਾਂ ਛੁੱਟੀ ਲੈ ਕੇ ਘਰ ਗੇੜਾ ਲਾ ਕੇ ਮੁੜ ਆਵੇ। ਪਰ ਅਕਾਸ਼ ਨੂੰ ਛੂਹੰਦੇ ਕਿਰਾਏ ਬਾਰੇ ਸੋਚ ਕੇ ਉਸਦੀ ਇੱਛਾ ਮਰ ਜਾਂਦੀ। ਉਹ ਸੋਚਦਾ ਕਿਰਾਏ ਤੇ ਲੱਗਣ ਵਾਲੇ ਪੈਸਿਆਂ ਦਾ ਉਹ ਰਾਹੁਲ ਵਾਸਤੇ ਸੁੰਦਰ ਖਿਡੌਣਾ ਲਿਜਾ ਕੇ  ਉਸਨੂੰ ਖੁਸ਼ ਕਰ ਦੇਵੇਗਾ।
ਆਖਿਰ ਕਈ ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹ ਆਪਣੇ ਘਰ ਪੁੱਜਿਆ। ਸਰਪਰਾਈਜ ਦੇਣ ਦੇ ਇਰਾਦੇ ਨਾਲ ਉਹ ਪੋਲਿਆਂ ਪੱਬੀਂ ਆਪਣੇ ਘਰ ਅੰਦਰ ਦਾਖਿਲ ਹੋਇਆ। ਟੀ.ਵੀ ਮੂਹਰੇ ਬੈਠਾ ਰਾਹੁਲ ਫਿਲਮ ਵਿਚ ਖੁੱਭਾ ਸੀ। ਉਸਨੇ ਦੋਵੇਂ ਬਾਹਾਂ ਪਸਾਰਦਿਆਂ ਮੋਹ ਭਿੱਜੀ ਆਵਾਜ਼ ਵਿਚ ਕਿਹਾ, ਰਾਹੁਲ…ਦੇਖ ਕੌਣ ਆਇਆ ਹੈ?
ਰਾਹੁਲ ਨੇ ਉਸਦੀ ਆਵਾਜ਼ ਸੁਣ ਕੇ ਵੀ ਉਸਨੂੰ ਅਣਡਿੱਠਾ ਕਰ ਦਿੱਤਾ। ਉਸਨੇ ਬੈਗ ਵਿੱਚੋਂ ਖਿਡੌਣਾ ਕੱਢ ਕੇ ਵਿਖਾਉਂਦਿਆਂ ਮੁੜ ਕਿਹਾ, ਰਾਹੁਲ, ਵੇਖ ਮੈਂ ਤੇਰੇ ਲਈ ਕੀ ਲਿਆਇਆ ਹਾਂ।
ਪਰ ਰਾਹੁਲ ਨੇ ਟੀ.ਵੀ. ਸਕਰੀਨ ਤੇ ਹੁੰਦੀ ਢਿਸ਼ੁੰਗ-ਢਿਸ਼ੁੰਗ ਤੇ ਹੀ ਅੱਖਾਂ ਗੱਡੀ ਰੱਖੀਆਂ। ਇਕ ਹੱਥ ਨਾਲ ਟਰੈਫਿਕ ਪੁਲਿਸ ਦੇ ਸਿਪਾਹੀ ਵਾਂਗ ਇਸ਼ਾਰਾ ਕਰਕੇ ਰੋਕਦਿਆਂ ਬੋਲਿਆ, ਇਕ ਮਿੰਟ ਰੁਕੋ ਪਾਪਾ…ਇਹ ਸੀਨ ਖਤਮ ਹੋ ਲੈਣ ਦਿਓ
ਰਾਹੁਲ ਨੂੰ ਕੁੱਛੜ ਚੁੱਕ ਕੇ ਪਿਆਰਨ ਲਈ ਵਿਵਹਲ, ਉਸਦੀਆਂ ਬਾਹਾਂ ਕੱਟੀਆਂ ਹੋਈਆਂ ਸ਼ਾਖਾਵਾਂ ਵਾਂਗ ਲਮਕ ਗਈਆਂ ਤੇ ਹੱਥਲਾ ਖਿਡੌਣਾ ਛੁੱਟ ਕੇ ਫਰਸ਼ ਤੇ ਡਿੱਗ ਪਿਆ।
                                      -0-


Monday, June 18, 2012

ਬਾਪੂ ਦੀ ਸਕੀਮ


ਲਾਲ ਸਿੰਘ ਕਲਸੀ

ਬਾਪੂ, ਬੈਂਕ ਕਰਜੇ ਦੀ ਉਗਰਾਹੀ ਵਾਲੇ ਸੰਧੂਰੇ ਤਾਏ ਬਾਰੇ ਪੁੱਛਦੇ ਸੀ।
ਫੇਰ…ਤੈਂ ਕੀ ਕਿਹਾ ਤੇ ਸੰਧੂਰੇ ਨੂੰ ਕਿੱਥੇ ਲੁਕਾਇਆ?
ਮੈਨੂੰ ਗੂੰਜ ਜਿਹੀ ਸੁਣਕੇ ਪਹਿਲਾਂ ਈ ਜੀਪ ਦੀ ਬਿੜਕ ਪੈਗੀ ਸੀ। ਮੈਂ ਝੱਬਦੇ ਈ ਤਾਏ ਨੂੰ ਭੱਜਣ ਦੀ ਸੈਨਤ ਮਾਰਤੀ।
“…ਤੇ ਫੇਰ?
ਫੇਰ ਕੀ…ਤਾਏ ਨੇ ਆ ਵੇਖਿਆ ਨਾ ਤਾਅ, ਇੱਕੋ ਛਾਲ ’ਚ ਕੰਧ ਟੱਪ ਕੇ ਪਸ਼ੂਆਂ ਵਾਲੇ ਵਾੜੇ ਜਾ ਲੁਕਿਆ।
ਬੱਲੇ ਓਏ ਸੰਧੂਰਿਆ, ਬੜਾ ਦਿਲ ਕੱਢਿਆ ਬਈ ਅੱਜ ਤਾਂ।
ਦਿਲ ਤਾਂ ਦਿਲ ਬਾਪੂ, ਅੱਜ ਤਾਂ ਪੁਲਿਸ ਵੀ ਬੈਂਕ ਵਾਲਿਆਂ ਦੇ ਨਾਲ ਈ ਸੀ। ਢਿੱਲਵਾਂ ਦੀ ਪੱਤੀਉਂ ਮੱਘਰ ਨੂੰ ਤਾਂ ਲੈਗੇ ਜੀਪ ’ਚ ਬਹਾ ਕੇ। ਉਹਦਾ ਪਤਾ ਨੀ ਕੀ ਬਣੂੰ?
ਓਏ ਬਣਨਾਂ ਕੀ ਐ ਉਹਦਾ, ਪੰਜ-ਸੱਤ ਦਿਨ ਹਵਾਲਾਤ ’ਚ ਬਹਾ ਕੇ ਘਰ ਨੂੰ ਤੋਰ ਦੇਣਗੇ। ਕੋਈ ਨੀ ਉਹਦਾ ਦੁੱਧ ਸੁੱਕਦਾ।
“…ਤੇ ਬਾਪੂ, ਆਪਣੇ ਸਿਰ ਕਰਜ਼ਾ ਹੈ ਕਿੰਨਾ ਕੁ ਭਲਾ?
ਪੈਸਾ ਤਾਂ ਸੂਤ ਈ ਸੀ, ਪਤਿਉਰੇ ਮੇਰੇ ਦਾ ਵਿਆਜ ਈ ਨੀ ਪੱਟੀ ਬੱਝਣ ਦਿੰਦਾ। ਚਾਲੀ ਹਜ਼ਾਰ ਤੋਂ ਲੱਖ ਤੇ ਪਹੁੰਚ ਗਿਆ।
“…ਤੇ ਬਾਪੂ, ਆਹ ਜੀਪ ਜਿਹੀ ਵੇਚ ਕੇ ਕਰਜ਼ਾ ਲਾਹ ਕੇ ਪਰ੍ਹਾਂ ਕਰੋ, ਆਪਣੇ ਤਿੰਨਾਂ ਕੋਲ ਆਪਣੀ ਆਪਣੀ ਸਵਾਰੀ ਤਾਂ ਹੈਗੀ ਆ।
ਓਏ ਤੂੰ ਤਾਂ ਯਬਲੀਆਂ ਮਾਰਦੈਂ, ਪੈਲੀ ਤਾਂ ਭਾਵੇਂ ਪੰਦਰਾਂ ਕਿੱਲੇ ਈ ਐ ਸਾਰੀ, ਪਰ ਇਹ ਮਸ਼ੀਨਰੀ ਤਾਂ ਘਰ ਦੀ ਟੌਹਰ ਵਧਾਉਂਦੀ ਐ। ਜਦੋਂ ਕੋਈ ਰਿਸ਼ਤਾ ਕਰਨ ਵਾਲਾ ਆਊ…ਘਰੇ ਟਰੈਕਟਰ, ਕੰਬਾਈਨ, ਜੀਪ, ਸਕੂਟਰ, ਮੋਟਰ ਸਾਈਕਲ ਖੜ੍ਹੇ ਵੇਖ ਕੇ ਡਿੱਗੂ ਪਿੱਠ ਪਰਨੇ। ਬਿਨ ਮੰਗੇ ਈ ਮਾਰੂਤੀ-ਜੈਨ ਖੜ੍ਹਾ ਜੂ ਵਿਹੜੇ ’ਚ ਠਾਕੇ ਤੇ ਈ, ਫੇਰ ਭਾਵੇਂ ਤੂੰ ਜੀਪ ਵੇਚ ਈ ਲਈਂ।
“…ਹੈਂ…ਅ!…ਤਾਂ ਇਹ ਗੱਲ ਐਸਦਕੇ ਓਏ ਬਾਪੂ, ਤੇਰੀਆਂ ਸਕੀਮਾਂ ਦੇ।
                                        -0-

Sunday, June 10, 2012

ਕੱਚੀ ਮਿੱਟੀ


ਸਤਿਪਾਲ ਖੁੱਲਰ
ਗਲੀਆਂ-ਬਾਜ਼ਾਰਾਂ ਵਿਚ ਰੌਣਕਾਂ ਸਨ। ਪੋਸਟਰਾਂ ਝੰਡੀਆਂ ਨਾਲ ਗਲੀਆਂ ਤੇ ਬਾਜ਼ਾਰ ਸਜਾਏ ਜਾ ਰਹੇ ਸਨ।
ਇੱਕ ਸ਼ਾਮ ਸ਼ਾਂਤ ਜਿਹੀ ਆਬਾਦੀ ਵਾਲੇ  ਮੁਹੱਲੇ ਵਿਚ ਰੋਜ਼ ਵਾਂਗ ਬੱਚੇ ਖੇਡ ਰਹੇ ਸਨ। ਗਲੀ ਵਿਚ ਤਾਜ਼ੀ ਮਿੱਟੀ-ਰੇਤ ਦੇ ਢੇਰ ਵਿੱਚੋਂ ਰੇਤ ਦੇ ਘਰ ਬਣਾਉਣ ਦੀ ਖੇਡ। ਆਪਣੀ ਖੇਡ ਵਿਚ ਮਸਤ ਬੱਚੇ ਜਿਵੇਂ ਫੁੱਲਾਂ ਦੀ ਬਗੀਚੀ ਹੋਣ, ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜੇ ਹੋਣ।
ਅਚਾਨਕ ਚੋਣ ਪ੍ਰਚਾਰ ਕਰਦੇ ਦੋ ਪਾਰਟੀਆਂ ਦੇ ਪ੍ਰਚਾਰਕ ਉਸ ਗਲੀ ਵਿਚ ਆ ਧਮਕੇ ਤੇ ਲੱਗੇ ਪੋਸਟਰ ਤੇ ਝੰਡੇ ਵੰਡਣ। ਬੱਚਿਆਂ ਦੀ ਖੇਡ ਰੁਕ ਗਈ। ਚੋਣ ਪ੍ਰਚਾਰ ਵਾਲੇ ਅੱਗੇ ਨਿਕਲ ਗਏ।
ਚਲੋ ਝੰਡਾ-ਝੰਡਾ ਖੇਡੀਏ।ਇਕ ਬੱਚਾ ਬੋਲਿਆ।
ਚਲੋ…ਚਲੋ…ਬੱਚੇ ਟਪੂਸੀਆਂ ਮਾਰਨ ਲੱਗੇ।
ਜਿੱਤੂਗਾ ਬਈ ਜਿੱਤੂਗਾ…ਸਾਈਕਲ ਵਾਲਾ…
ਨਹੀਂ ਓਏ, ਜਿੱਤੂਗਾ ਬਈ ਜਿੱਤੂਗਾ…ਛਤਰੀ ਵਾਲਾ…
ਨਹੀਂ ਸਾਈਕਲ…
ਨਹੀਂ ਛਤਰੀ…
ਇਨਕਲਾਬ ਜ਼ਿੰਦਾਬਾਦ!ਇੱਕ ਹੋਰ ਆਵਾਜ਼।
ਇਹ ਕੋਈ ਇਨਕਲਾਬ ਵਾਲੇ ਥੋੜੀ ਐ…ਇਹ ਤਾਂ ਦੂਜੇ ਆ।ਇੱਕ ਬੱਚੇ ਨੇ ਮੋੜਾ ਦਿੱਤਾ।
ਬੱਚੇ ਆਪਸ ਵਿਚ ਜਿੱਦ ਪਏ, ਰੁੱਸ ਕੇ ਭਾਰੇ ਕਦਮੀਂ ਗਲੀ ਵਿਚ ਆ ਗਏ। ਉਹਨਾਂ ਦੀ ਖੇਡ ਇਕ ਵਾਰ ਫਿਰ ਰੁਕ ਗਈ।
ਥੋੜ੍ਹਾ ਚਿਰ ਚੁੱਪ ਰਹਿਣ ਪਿੱਛੋਂ ਇਕ ਜਣਾ ਬੋਲਿਆ, ਬੰਟੀ ਨੇ ਫੜਿਆ ਸੀ ਡੰਡਾ।
ਕਦੋਂ…ਰੌਕੀ ਨੇ…
ਚਲੋ ਛੱਡੋ…ਅਸੀਂ ਨਹੀਂ ਖੇਡਣੀ ਇਹ ਗੰਦੀ ਖੇਡ, ਵੱਡਿਆਂ ਵਾਲੀ।
ਬੱਚੇ ਫਿਰ ਆਪਣੀ ਖੇਡ ਵਿਚ ਮਸਤ ਸਨ।
                                      -0-