-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, February 28, 2012

ਬੀਬਾ ਬੰਦਾ


ਅਮ੍ਰਿਤ ਲਾਲ ਮੰਨਣ

ਮੰਨੂ ਦੌਡ਼ਦੀ ਹੋਈ ਘਰ ਵਿਚ ਦਾਖਲ ਹੋਈ ਤੇ ਅਵਾਜ਼ ਦਿੱਤੀ, ਚਾਚੀ ਜੀ, ਬਾਹਰ ਡਾਕੀਆ ਖਡ਼ੈ, ਤੁਹਾਡਾ ਅੱਜ ਇਕ ਹੋਰ ਪਾਸਪੋਰਟ ਆਇਐ।
ਹਰੀਸ਼ ਦੀ ਪਤਨੀ ਪਤੀ ਨੂੰ ਪੁੱਛਣ ਲੱਗੀ, ਦੱਸੋ ਜੀ, ਡਾਕੀਏ ਨੂੰ ਕਿੰਨੇ ਪੈਸੇ ਦੇਈਏ, ਛੋਟੂ ਦਾ ਪਾਸਪੋਰਟ ਆਇਆ ਹੋਣੈ।
ਹਰੀਸ਼ ਬੋਲਿਆ, ਪੰਜਾਹ ਕੁ ਰੁਪਏ ਦੇ ਦੇ, ਅਜੇ ਪਰਸੋਂ ਈ ਤੇਰੇ ਪਾਸਪੋਰਟ ਦੇ ਪੰਜਾਹ ਦਿੱਤੇ ਸੀ।
ਦੋ ਕੁ ਮਿੰਟ ਮਗਰੋਂ ਪਤਨੀ ਵਾਪਸ ਆ ਗਈ। ਆਪਣੇ ਦਿੱਲੀ ਵਾਲੇ ਪੋਤਰੇ ਦਾ ਪਾਸਪੋਰਟ ਉਸਨੂੰ ਫਡ਼ਾ ਕਹਿਣ ਲੱਗੀ, ਆਹ ਲਓ ਜੀ ਪੰਜਾਹ ਰੁਪਏ ਵੀ ਨਹੀਂ ਲਏ ਉਸਨੇ।
ਸਤੀਸ਼ ਇਕਦਮ ਭਡ਼ਕ ਉੱਠਿਆ, ਨਹੀਂ ਲਏ ਸਾਲੇ ਨੇ! ਹੋਰ ਮੱਝ ਖੋਲ੍ਹ ਦੇਈਏ। ਡਿਉਟੀ ਕਰਦੇ  ਐ ਸਾਲੇ, ਸਾਡੇ ਸਿਰ ਅਹਿਸਾਨ ਨਹੀਂ ਕਰਦੇ।ਸਤੀਸ਼ ਇੱਕੋ ਸਾਹੇ ਬੋਲ ਗਿਆ।
ਉਸਦੀ ਪਤਨੀ ਬੋਲੀ, ਗੱਲ ਤਾਂ ਸੁਣ ਲਓ ਜੀ ਪੂਰੀ, ਵਿਹਲੇ ਲਡ਼ਨ ਲਈ ਤਿਆਰ ਰਹਿੰਦੇ ਓ। ਡਾਕੀਆ ਕਹਿੰਦਾ ‘ਉਸਨੂੰ ਸਾਡੇ ਪੁੱਤਰ ਤੇ ਪੋਤਰੇ ਦੇ ਨਾਵਾਂ ਦਾ ਪਤਾ ਨਹੀਂ ਸੀ ਤੇ ਅਡਰੈੱਸ ਅਧੂਰਾ ਹੋਣ ਕਰਕੇ ਉਹ ਦੋ ਦਿਨ ਇੱਧਰ-ਉੱਧਰ ਪੁੱਛਦਾ ਰਿਹਾ। ਅੱਜ ਪਤਾ ਲੱਗਾ ਕਿ ਇਹ ਪਾਸਪੋਰਟ ਸਾਡੇ ਪੋਤਰੇ ਦਾ ਹੈ’।
ਅੱਛਾ! ਫਿਰ ਸੌ ਰੁਪਏ ਦੇ ਦੇ ਉਹਦੀ ਖੱਜਲ-ਖੁਆਰੀ ਦੇ।ਸਤੀਸ਼ ਬੋਲਿਆ।
ਬੀਬਾ ਬੰਦਾ ਐ ਜੀ, ਵਧਾਈ ਨਹੀਂ ਲਈ ਉਹਨੇ। ਕਹਿੰਦਾ ‘ਪਰਸੋਂ ਵੀ ਤੁਸੀਂ ਬਦੋ-ਬਦੀ ਪੰਜਾਹ ਰੁਪਏ ਦੇ ਦਿੱਤੇ ਸੀ, ਡਾਕ ਵੰਡਣਾ ਤਾਂ ਸਾਡੀ ਡਿਊਟੀ ਐ, ਕੋਈ ਅਹਿਸਾਨ ਨਹੀਂ’।
                                              -0-

Monday, February 20, 2012

ਪਰਾਲੀ ਦਾ ਸੇਕ


 ਡਾ. ਕਰਮਜੀਤ ਸਿੰਘ ਨਡਾਲਾ
ਮਿੱਲ ਦੀਆਂ ਭੱਠੀਆਂ ਨੂੰ ਚਲਾਉਣ ਲਈ ਪਰਾਲੀ ਬਾਲੀ ਜਾਂਦੀ ਸੀ ਤੋ ਜਦੋਂ ਦੀ ਇਹ ਮਿੱਲ ਲੱਗੀ, ਉਹ ਉਦੋਂ ਤੋਂ ਹੀ ਗੱਡੇ ਉੱਤੇ ਪਰਾਲੀ ਢੋਅ ਰਿਹਾ ਸੀ। ਸੀਜ਼ਨ ਵਿੱਚ ਮਸਾਂ ਪੰਜ-ਸੱਤ ਹਜ਼ਾਰ ਬਣਦਾ। ਬਥੇਰਾ ਜ਼ੋਰ ਲਾਉਂਦਾ। ਪਰ ਆਖ਼ਰ ਗੱਡੇ ਅਤੇ ਝੋਟਿਆਂ ਨੇ ਤਾਂ ਆਪਣੀ ਹੀ ਚਾਲੇ ਚੱਲਣੈਂ। ਘਰਾਂ ਦੇ ਸੌ ਖਰਚੇ।
ਆਂਢੀ-ਗੁਆਂਢੀ ਟਰੈਕਟਰਾਂ ਵਾਲੇ ਫੇਰੇ ਲਾ-ਲਾ ਕੇ ਮਾਲੋ-ਮਾਲ ਹੋ ਗਏ ਸਨ। ਭੰਤੇ ਨੂੰ ਇਹ ਕੁਝ ਦੇਖ ਕੇ ਆਪਣਾ-ਆਪ ਖੇਤ ਵਿੱਚ ਖੜੇ ਡਰਨੇ ਵਰਗਾ ਮਹਿਸੂਸ ਹੋਣ ਲੱਗ ਜਾਂਦਾ। ਉਹ ਗੁੱਸੇ ਵਿੱਚ ਡੰਗਰਾਂ ਦੀ ਚਾਲ ਤੇਜ਼ ਕਰਨ ਲਈ ਅੰਨ੍ਹੇਵਾਹ ਸੋਟੀਆਂ ਮਾਰਦਾ।
ਉਸ ਦੇ ਨਾਲ ਮਿੱਟੀ ਹੋਈ ਰਹਿੰਦੀ ਮਿੰਦੋ ਨੂੰ ਕਦੇ ਵੀ ਚੱਜ ਦਾ ਲੀੜਾ ਨਹੀਂ ਸੀ ਜੁੜਿਆ। ਪਰ ਜਦੋਂ ਟਰੈਕਟਰ ਲੈਣ ਦੀ ਗੱਲ ਹੋਈ ਤਾਂ ਉਸ ਨੇ ਸਾਰੀਆਂ ਟੂੰਮਾਂ ਅੱਗੇ ਲਿਆ ਧਰੀਆਂ। ਕਹਿੰਦੀ ਇਹ ਮੇਰੇ ਕਿਸ ਕੰਮ ਨੇ।
ਮੁੰਡੇ ਦੀ ਦੁਬਈ ਜਾ ਕੇ ਕਮਾਈ ਕਰਨ ਦੀ ਰੀਝ ਨੂੰ ਉਹ ਹਰ ਵਾਰ ਅਗਲੇ ਸੀਜ਼ਨ ਬਾਅਦ ਜ਼ਰੂਰ ਭੇਜਣ ਲਈ ਕਹਿ ਕੇ ਟਾਲ ਦਿੰਦਾ।
ਘਰਵਾਲੀ ਦੀਆਂ ਟੂੰਮਾਂ ਤੇ ਥੋੜ੍ਹੀ ਜ਼ਮੀਨ ਗਹਿਣੇ ਪਾ, ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਟਰੈਕਟਰ ਕਰਜ਼ੇ ’ਤੇ ਲੈ ਲਿਆ।
ਟਰੈਕਟਰ ਖਰੀਦਣ ਤੋਂ ਬਾਅਦ ਉਸ ਨੇ ਮਨ ਵਿੱਚ ਸੋਚ ਲਿਆ ਕਿ ਮੁਟਿਆਰ ਧੀ ਦੇ ਵਿਆਹ, ਘਰ ਦਾ ਮੂੰਹ-ਮੱਥਾ ਤੇ ਘਰਵਾਲੀ ਦੀ ਦਿੱਖ ਸੰਵਾਰਨ ਲਈ ਇਸ ਵਾਰੀ ਦੱਬ ਕੇ ਮਿਹਨਤ ਕਰੇਗਾ ਤੇ ਸਾਰੇ ਧੋਣੇ ਧੋ ਦੇਵੇਗਾ।
ਝੋਨਾ ਵੱਢਣ ਤੋਂ ਪਹਿਲਾਂ ਹੀ ਉਸ ਨੇ ਲੋਕਾਂ ਨਾਲ ਸਾਈਆਂ ਲਾ ਲਈਆਂ। ਮੁੰਡਾ ਵੀ ਐਤਕੀਂ ਰੀਝ ਪੂਰੀ ਹੁੰਦੀ ਦੇਖਕੇ, ਪੂਰੀ ਤਰ੍ਹਾਂ ਬਾਪੂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨੂੰ ਤਿਆਰ ਸੀ।
ਰੇਟ ਵੀ ਐਤਕੀਂ ਵੱਧ ਨਿਕਲਿਆ। ਉਹ ਹੋਰ ਵੀ ਅੰਦਰੋਂ-ਅੰਦਰ ਛਾਲਾਂ ਮਾਰ ਰਿਹਾ ਸੀ। ਬੈਂਕ ਦੀਆਂ ਕਿਸ਼ਤਾਂ ਸਮੇਂ-ਸਿਰ ਚੁਕਾ ਦਿਆਂਗਾ।
ਝੋਨੇ ਦੀ ਵਾਢੀ ਸ਼ੁਰੂ ਹੋ ਗਈ। ਪਰਾਲੀ ਦੀ ਪਹਿਲੀ ਟਰਾਲੀ ਲੱਦ ਕੇ ਉਹ ਚਾਈਂ-ਚਾਈਂ ਲੋਕਾਂ ਸਮੇਤ ਮਿੱਲ ਦੇ ਗੇਟ ਦੇ ਸਾਹਮਣੇ ਪਹੁੰਚਿਆਂ ਤਾਂ ਗੇਟਕੀਪਰ ਨੇ ਸਹਿਜ ਭਾਅ ਨਾਲ ਕਿਹਾ, ਇਸ ਵਾਰ ਪਰਾਲੀ ਨਹੀਂ ਸਟਵਾਉਣੀ।
ਕਿਉਂ…?
ਗੌਰਮਿੰਟ ਨੇ ਧੂਏਂ ਤੇ ਸੁਆਹ ਦੇ ਪਰਦੂਸ਼ਨ ਤੋਂ ਬਚਣ ਲਈ ਬਿਜਲੀ ’ਤੇ ਚੱਲਣ ਵਾਲਾ ਬਾਇਲਰ ਲਗਾ ਦਿੱਤੈ…।
…ਹੈਂ…!
ਭੰਤੇ ਨੂੰ ਇੰਜ ਲੱਗਾ ਜਿਵੇਂ ਉਹ ਮਿੱਲ ਦੀ ਭੱਠੀ ਦੇ ਸੇਕ ਵਿੱਚ ਪੂਰੇ ਦਾ ਪੂਰਾ ਸੜ ਗਿਆ ਹੋਵੇ।
                                      -0-



Sunday, February 12, 2012

ਕੁਦਰਤੀ ਆਨੰਦ


 ਰਣਜੀਤ ਆਜ਼ਾਦ ਕਾਂਝਲਾ

ਇੰਦਰ ਦੇਵਤਾ ਦਿਆਲ ਹੋਇਆ ਕਿਣ-ਮਿਣ ਕਣੀਆਂ ਦੀ ਫੁਹਾਰ ਨਾਲ ਧਰਤੀ ਨੂੰ ਹਰਾ-ਭਰਾ ਕਰ ਰਿਹਾ ਸੀ। ਝੁੱਗੀਆਂ ਦੇ ਬੱਚੇ ਨਿਕਲ ਕੇ ਇਹਨਾਂ ਫੁਹਾਰਾਂ ਦਾ ਪੂਰਾ ਆਨੰਦ ਮਾਣ ਰਹੇ ਸਨ। ਉਹ ਇੱਕ ਦੂਜੇ ਨੂੰ ਖੁਸ਼ੀ-ਖੁਸ਼ੀ ਛੇੜ ਕੇ ਭੱਜ ਰਹੇ ਸਨ। ਇਉਂ ਜਾਪਦਾ ਸੀ ਜਿਵੇਂ ਖੁਦ ਖ਼ੁਦਾ ਇਨ੍ਹਾਂ ਬੱਚਿਆਂ ਵਿਚ ਸ਼ਾਮਿਲ ਹੋ ਕੇ ਆਨੰਦ ਲੈ ਰਿਹਾ ਹੋਵੇ।
ਸਾਹਮਣੇ ਵਾਲੀ ਕੋਠੀ ਵਿੱਚੋਂ ਇਕ ਬੱਚਾ ਆਇਆ ਤੇ ਪੈ ਰਹੀਆਂ ਕਣੀਆਂ ਦੀ ਕਿਣ-ਮਿਣ ਵਿਚ ਨਹਾਉਣ ਲੱਗ ਪਿਆ। ਜਿਉਂ ਹੀ ਬੱਚੇ ਦੀ ਮਾਂ ਦੀ ਨਜ਼ਰ ਪਈ ਤਾਂ ਉਹ ਆਪਣੇ ਪੁੱਤਰ ਨੂੰ ਬੋਲੀ, ਪੁੱਤਰ ਟਿੰਕੂ, ਅੰਦਰ  ਆ ਜਾ! ਕਿਉਂ ਮੀਂਹ ਵਿਚ ਗੰਦਾ ਹੋਈ ਜਾ ਰਿਹੈ ਏਂ? ਆ ਅੰਦਰ ਆ ਕੇ ਆਪਣੀ ਸਾਈਕਲ ਚਲਾ ਲੈ।
ਨਹੀਂ ਮੰਮੀ! ਮੈਂ ਨਹੀਂ ਆਉਂਦਾ ਅੰਦਰ, ਮੈਂ ਤਾਂ ਇੱਥੇ ਹੀ ਪੈਂਦੇ ਮੀਂਹ ਵਿਚ ਖੇਡੂੰਗਾ। ਮੈਨੂੰ ਬੜਾ ਮਜ਼ਾ ਆ ਰਿਹੈ, ਇਨ੍ਹਾਂ ਨਾਲ ਖੇਡਕੇ। ਸਾਈਕਲ ਤੇ ਤਾਂ ਮੈਂ ਫਿਰ ਵੀ ਝੂਟੇ ਲੈ ਲਊਂਗਾ।ਟਿੰਕੂ ਨੇ ਮੀਂਹ ਵਿਚ ਖੇਡ ਰਹੇ ਸਾਥੀਆਂ ਨਾਲ ਪੂਰਾ ਗੁਲਤਾਨ ਹੁੰਦਿਆਂ ਕਿਹਾ।
ਇਹ ਸੁਣ ਕੇ ਟਿੰਕੂ ਦੀ ਮਾਂ ਦੇ ਚਿਹਰੇ ਤੇ ਵੀ ਮੁਸਕਰਾਹਟ ਆ ਗਈ।
                                       -0-


Saturday, February 4, 2012

ਕੰਧਾਂ


ਡਾ. ਸ਼ਿਆਮ ਸੁੰਦਰ ਦੀਪਤੀ
ਸਸਰੀ ਕਾਲ ਬਾਪੂ ਜੀ! ਹੋਰ ਕੀ ਹਾਲ ਐ?ਕਸ਼ਮੀਰੇ ਨੇ ਘਰ ਦੇ ਬਾਹਰ ਮੂਹਰੇ ਗਲੀ ਵਿਚ ਮੰਜਾ ਡਾਹ ਕੇ ਬੈਠੇ ਬਾਪੂ ਨੂੰ ਬੁਲਾਇਆ ਤੇ ਨਾਲ ਹੀ ਪੁੱਛਿਆ, ਜੱਸੀ ਘਰੇ ਈ ਐ?
ਆਹੋ ਪੁੱਤ, ਹੋਰ ਤੂੰ ਸੁਣਾ ਰਾਜੀ-ਵਾਜੀ?
ਹਾਂ ਬਾਪੂ ਜੀ! ਮੇਹਰ ਐ ਵਾਹਿਗੁਰੂ ਦੀ। ਤੁਹਾਨੂੰ ਸ਼ਹਿਰੀ ਗਲੀ ਵਿਚ ਬਿਰਛ ਹੇਠਾਂ ਬੈਠੇ ਦੇਖਕੇ, ਪਿੰਡ ਦੀ ਯਾਦ ਆ ਗੀ। ਸ਼ਹਿਰੀ ਤਾਂ ਨਿਰੇ ਘਰਾਂ ’ਚ ਈ ਵਡ਼ੇ ਰਹਿਦੇ ਐ। ਆਉਣਾ ਮੈਂ ਬਾਪੂ, ਜੱਸੀ ਨੂੰ ਮਿਲ ਕੇ,ਕਹਿ ਉਹ ਅੰਦਰ ਚਲਾ ਗਿਆ।
ਜੱਸੀ ਨੇ ਕਸ਼ਮੀਰੇ ਦੇ ਆਉਣ ਦੀ ਆਵਾਜ਼ ਸੁਣ ਲਈ ਸੀ। ਉਹ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਕਸ਼ਮੀਰੇ ਨੂੰ ਜੱਫੀ ਪਾਉਂਦਾ ਅੰਦਰ ਲੈ ਗਿਆ।
ਆਪਣੀਆਂ ਗੱਲਾਂ ਮੁਕਾ, ਕਸ਼ਮੀਰੇ ਨੇ ਕਿਹਾ, ਬਾਪੂ ਜੀ ਕਦੋਂ ਦੇ ਆਏ ਨੇ?
ਢਿੱਲੇ ਸੀ ਬਾਈ, ਮੈਂ ਲੈ ਆਇਆ ਕਿ ਚਲੋ ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾ ਦਿੱਨੇਂ ਆਂ। ਪਰ ਬਜ਼ੁਰਗਾਂ ਦਾ ਹਿਸਾਬ ਆਪਣਾ ਈ ਹੁੰਦੈ। ਕਾਰ ’ਚ ਬਿਠਾ ਕੇ, ਲਿਜਾ ਕੇ ਦਿਖਾ ਤਾਂ ਸਕਦੇ ਓਂ, ਟੈਸਟ ਵੀ ਕਰਵਾ ਦਿਉ, ਪਰ ਦਵਾਈ-ਦਵੂਈ ਏਨ੍ਹਾਂ ਆਪਣੀ ਮਰਜੀ ਨਾਲ ਖਾਣੀ ਹੁੰਦੀ ਐ।ਜੱਸੀ ਨੇ ਆਪਣੀ ਗੱਲ ਦੱਸੀ।
ਚੱਲ ਤੂੰ ਦਿਖਾ ਤਾ ਨਾ, ਆਪਣਾ ਫਰਜ ਤਾਂ ਇਹੀ ਐ ਬਸ।
ਉਹ ਤਾਂ ਠੀਕ ਐ, ਹੁਣ ਤੂੰ ਦੇਖ ਈ ਲਿਆ ਨਾ, ਘਰੇ ਕਮਰਿਆਂ ’ਚ ਏ.ਸੀ ਲੱਗੇ ਐ, ਕੂਲਰ ਪੱਖੇ ਸਭ ਕੁਝ ਐ, ਪਰ ਨਹੀਂ। ਬਾਹਰ ਈ ਬੈਠਣੈ, ਉੱਥੇ ਈ ਲੰਮੇਂ ਪੈਣੈ। ਬੁਰਾ ਜਿਹਾ ਲਗਦਾ ਐ ਨਾ। ਪਰ ਸਮਝਣਾ ਈ ਨਹੀਂ।
ਤੂੰ ਸਮਝਾਇਆ ਸੀ? ਜੱਸੀ ਨੇ ਗੱਲ ਦਾ ਰੁੱਖ ਬਦਲਦਿਆਂ ਕਿਹਾ।
ਬਥੇਰਾ ਮੱਥਾ ਮਾਰਿਐ।
ਚੱਲ! ਸਾਰਿਆਂ ਨੂੰ ਈ ਪਤਾ ਹੁੰਦੈ, ਬਜ਼ੁਰਗਾਂ ਦੀਆਂ ਆਦਤਾਂ ਦਾ।ਕਹਿ ਉਹ ਉੱਠ ਖਡ਼ਾ ਹੋਇਆ।
ਬਾਹਰ ਆ ਕੇ ਇਕ ਮਿੰਟ ਬਾਪੂ ਕੋਲ ਬੈਠ ਗਿਆ ਤੇ ਫਿਰ ਉਸੇ ਹੀ ਆਵਾਜ਼ ਵਿਚ ਬੋਲਿਆ, ਆਹ ਬਾਪੂ ਜੀ ਤੁਸੀਂ ਤਾਂ ਸ਼ਹਿਰ ਦਾ ਦ੍ਰਿਸ਼ ਈ ਬਦਲ ’ਤਾ।
ਹਾਂ ਪੁੱਤ, ਘਰੇ ਪੱਖੇ-ਪੁੱਖੇ ਸਭ ਹੈਗੇ, ਪਰ ਕੁਦਰਤ ਦੀ ਰੀਸ ਨਹੀਂ ਹੋ ਸਕਦੀ। ਨਾਲੇ ਪੁੱਤ, ਸਾਰਿਆਂ ਤੋਂ ਵੱਡੀ ਗੱਲ, ਲੰਘਦਾ-ਟੱਪਦਾ ਬੰਦਾ ਖਡ਼ ਜਾਂਦੈ। ਦੋ ਗੱਲਾਂ ਸੁਣਾ ਜਾਂਦੈ, ਦੋ ਸੁਣ ਜਾਂਦੈ। ਅੰਦਰ ਤਾਂ ਪੁੱਤ ਕੰਧਾਂ ਨੂੰ ਈ ਝਾਕੀ ਜਾਈਦੈ।
ਉਹ ਤਾਂ ਠੀਕ ਐ ਬਾਪੂ! ਜੱਸੀ ਕਹਿੰਦੈ, ਸਾਰਿਆਂ ਕਮਰਿਆਂ ’ਚ ਟੀ.ਵੀ. ਲੱਗੇ ਐ। ਉੱਥੇ ਵੀ ਜੀ ਪ੍ਰਚਾਅ ਹੋ ਜਾਂਦੈ।ਕਸ਼ਮੀਰ ਨੇ ਆਪਣੀ ਰਾਏ ਦਿੱਤੀ।
ਲੈ ਆਹ ਵੀ ਸੁਣ ਲੈ! ਮੈਂ ਉਸ ਨੂੰ ਵੀ ਕੰਧਾਂ ਈ ਕਹਿਨੈਂ। ਕਿਉ? ਕੋਈ ਉਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਤਾਂ ਨਹੀਂ ਕਰ ਸਕਦਾ!
                                       -0-