ਡਾ. ਸ਼ਿਆਮ ਸੁੰਦਰ ਦੀਪਤੀ
“ਸਸਰੀ ਕਾਲ ਬਾਪੂ ਜੀ! ਹੋਰ ਕੀ ਹਾਲ ਐ?” ਕਸ਼ਮੀਰੇ ਨੇ ਘਰ ਦੇ ਬਾਹਰ ਮੂਹਰੇ ਗਲੀ ਵਿਚ ਮੰਜਾ ਡਾਹ ਕੇ ਬੈਠੇ ਬਾਪੂ ਨੂੰ ਬੁਲਾਇਆ ਤੇ ਨਾਲ ਹੀ ਪੁੱਛਿਆ, “ਜੱਸੀ ਘਰੇ ਈ ਐ?”
“ਆਹੋ ਪੁੱਤ, ਹੋਰ ਤੂੰ ਸੁਣਾ ਰਾਜੀ-ਵਾਜੀ?”
“ਹਾਂ ਬਾਪੂ ਜੀ! ਮੇਹਰ ਐ ਵਾਹਿਗੁਰੂ ਦੀ। ਤੁਹਾਨੂੰ ਸ਼ਹਿਰੀ ਗਲੀ ਵਿਚ ਬਿਰਛ ਹੇਠਾਂ ਬੈਠੇ ਦੇਖਕੇ, ਪਿੰਡ ਦੀ ਯਾਦ ਆ ਗੀ। ਸ਼ਹਿਰੀ ਤਾਂ ਨਿਰੇ ਘਰਾਂ ’ਚ ਈ ਵਡ਼ੇ ਰਹਿਦੇ ਐ। ਆਉਣਾ ਮੈਂ ਬਾਪੂ, ਜੱਸੀ ਨੂੰ ਮਿਲ ਕੇ,” ਕਹਿ ਉਹ ਅੰਦਰ ਚਲਾ ਗਿਆ।
ਜੱਸੀ ਨੇ ਕਸ਼ਮੀਰੇ ਦੇ ਆਉਣ ਦੀ ਆਵਾਜ਼ ਸੁਣ ਲਈ ਸੀ। ਉਹ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਕਸ਼ਮੀਰੇ ਨੂੰ ਜੱਫੀ ਪਾਉਂਦਾ ਅੰਦਰ ਲੈ ਗਿਆ।
ਆਪਣੀਆਂ ਗੱਲਾਂ ਮੁਕਾ, ਕਸ਼ਮੀਰੇ ਨੇ ਕਿਹਾ, “ਬਾਪੂ ਜੀ ਕਦੋਂ ਦੇ ਆਏ ਨੇ?”
“ਢਿੱਲੇ ਸੀ ਬਾਈ, ਮੈਂ ਲੈ ਆਇਆ ਕਿ ਚਲੋ ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾ ਦਿੱਨੇਂ ਆਂ। ਪਰ ਬਜ਼ੁਰਗਾਂ ਦਾ ਹਿਸਾਬ ਆਪਣਾ ਈ ਹੁੰਦੈ। ਕਾਰ ’ਚ ਬਿਠਾ ਕੇ, ਲਿਜਾ ਕੇ ਦਿਖਾ ਤਾਂ ਸਕਦੇ ਓਂ, ਟੈਸਟ ਵੀ ਕਰਵਾ ਦਿਉ, ਪਰ ਦਵਾਈ-ਦਵੂਈ ਏਨ੍ਹਾਂ ਆਪਣੀ ਮਰਜੀ ਨਾਲ ਖਾਣੀ ਹੁੰਦੀ ਐ।” ਜੱਸੀ ਨੇ ਆਪਣੀ ਗੱਲ ਦੱਸੀ।
“ਚੱਲ ਤੂੰ ਦਿਖਾ ’ਤਾ ਨਾ, ਆਪਣਾ ਫਰਜ ਤਾਂ ਇਹੀ ਐ ਬਸ।”
“ਉਹ ਤਾਂ ਠੀਕ ਐ, ਹੁਣ ਤੂੰ ਦੇਖ ਈ ਲਿਆ ਨਾ, ਘਰੇ ਕਮਰਿਆਂ ’ਚ ਏ.ਸੀ ਲੱਗੇ ਐ, ਕੂਲਰ ਪੱਖੇ ਸਭ ਕੁਝ ਐ, ਪਰ ਨਹੀਂ। ਬਾਹਰ ਈ ਬੈਠਣੈ, ਉੱਥੇ ਈ ਲੰਮੇਂ ਪੈਣੈ। ਬੁਰਾ ਜਿਹਾ ਲਗਦਾ ਐ ਨਾ। ਪਰ ਸਮਝਣਾ ਈ ਨਹੀਂ।”
“ਤੂੰ ਸਮਝਾਇਆ ਸੀ?” ਜੱਸੀ ਨੇ ਗੱਲ ਦਾ ਰੁੱਖ ਬਦਲਦਿਆਂ ਕਿਹਾ।
“ਬਥੇਰਾ ਮੱਥਾ ਮਾਰਿਐ।”
“ਚੱਲ! ਸਾਰਿਆਂ ਨੂੰ ਈ ਪਤਾ ਹੁੰਦੈ, ਬਜ਼ੁਰਗਾਂ ਦੀਆਂ ਆਦਤਾਂ ਦਾ।” ਕਹਿ ਉਹ ਉੱਠ ਖਡ਼ਾ ਹੋਇਆ।
ਬਾਹਰ ਆ ਕੇ ਇਕ ਮਿੰਟ ਬਾਪੂ ਕੋਲ ਬੈਠ ਗਿਆ ਤੇ ਫਿਰ ਉਸੇ ਹੀ ਆਵਾਜ਼ ਵਿਚ ਬੋਲਿਆ, “ਆਹ ਬਾਪੂ ਜੀ ਤੁਸੀਂ ਤਾਂ ਸ਼ਹਿਰ ਦਾ ਦ੍ਰਿਸ਼ ਈ ਬਦਲ ’ਤਾ।”
“ਹਾਂ ਪੁੱਤ, ਘਰੇ ਪੱਖੇ-ਪੁੱਖੇ ਸਭ ਹੈਗੇ, ਪਰ ਕੁਦਰਤ ਦੀ ਰੀਸ ਨਹੀਂ ਹੋ ਸਕਦੀ। ਨਾਲੇ ਪੁੱਤ, ਸਾਰਿਆਂ ਤੋਂ ਵੱਡੀ ਗੱਲ, ਲੰਘਦਾ-ਟੱਪਦਾ ਬੰਦਾ ਖਡ਼ ਜਾਂਦੈ। ਦੋ ਗੱਲਾਂ ਸੁਣਾ ਜਾਂਦੈ, ਦੋ ਸੁਣ ਜਾਂਦੈ। ਅੰਦਰ ਤਾਂ ਪੁੱਤ ਕੰਧਾਂ ਨੂੰ ਈ ਝਾਕੀ ਜਾਈਦੈ।”
“ਉਹ ਤਾਂ ਠੀਕ ਐ ਬਾਪੂ! ਜੱਸੀ ਕਹਿੰਦੈ, ਸਾਰਿਆਂ ਕਮਰਿਆਂ ’ਚ ਟੀ.ਵੀ. ਲੱਗੇ ਐ। ਉੱਥੇ ਵੀ ਜੀ ਪ੍ਰਚਾਅ ਹੋ ਜਾਂਦੈ।” ਕਸ਼ਮੀਰ ਨੇ ਆਪਣੀ ਰਾਏ ਦਿੱਤੀ।
“ਲੈ ਆਹ ਵੀ ਸੁਣ ਲੈ! ਮੈਂ ਉਸ ਨੂੰ ਵੀ ਕੰਧਾਂ ਈ ਕਹਿਨੈਂ। ਕਿਉ? ਕੋਈ ਉਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਤਾਂ ਨਹੀਂ ਕਰ ਸਕਦਾ!”
-0-
No comments:
Post a Comment