ਡਾ. ਕਰਮਜੀਤ ਸਿੰਘ ਨਡਾਲਾ
ਮਿੱਲ ਦੀਆਂ ਭੱਠੀਆਂ ਨੂੰ ਚਲਾਉਣ ਲਈ ਪਰਾਲੀ ਬਾਲੀ ਜਾਂਦੀ ਸੀ ਤੋ ਜਦੋਂ ਦੀ ਇਹ ਮਿੱਲ ਲੱਗੀ, ਉਹ ਉਦੋਂ ਤੋਂ ਹੀ ਗੱਡੇ ਉੱਤੇ ਪਰਾਲੀ ਢੋਅ ਰਿਹਾ ਸੀ। ਸੀਜ਼ਨ ਵਿੱਚ ਮਸਾਂ ਪੰਜ-ਸੱਤ ਹਜ਼ਾਰ ਬਣਦਾ। ਬਥੇਰਾ ਜ਼ੋਰ ਲਾਉਂਦਾ। ਪਰ ਆਖ਼ਰ ਗੱਡੇ ਅਤੇ ਝੋਟਿਆਂ ਨੇ ਤਾਂ ਆਪਣੀ ਹੀ ਚਾਲੇ ਚੱਲਣੈਂ। ਘਰਾਂ ਦੇ ਸੌ ਖਰਚੇ।
ਆਂਢੀ-ਗੁਆਂਢੀ ਟਰੈਕਟਰਾਂ ਵਾਲੇ ਫੇਰੇ ਲਾ-ਲਾ ਕੇ ਮਾਲੋ-ਮਾਲ ਹੋ ਗਏ ਸਨ। ਭੰਤੇ ਨੂੰ ਇਹ ਕੁਝ ਦੇਖ ਕੇ ਆਪਣਾ-ਆਪ ਖੇਤ ਵਿੱਚ ਖੜੇ ਡਰਨੇ ਵਰਗਾ ਮਹਿਸੂਸ ਹੋਣ ਲੱਗ ਜਾਂਦਾ। ਉਹ ਗੁੱਸੇ ਵਿੱਚ ਡੰਗਰਾਂ ਦੀ ਚਾਲ ਤੇਜ਼ ਕਰਨ ਲਈ ਅੰਨ੍ਹੇਵਾਹ ਸੋਟੀਆਂ ਮਾਰਦਾ।
ਉਸ ਦੇ ਨਾਲ ਮਿੱਟੀ ਹੋਈ ਰਹਿੰਦੀ ਮਿੰਦੋ ਨੂੰ ਕਦੇ ਵੀ ਚੱਜ ਦਾ ਲੀੜਾ ਨਹੀਂ ਸੀ ਜੁੜਿਆ। ਪਰ ਜਦੋਂ ਟਰੈਕਟਰ ਲੈਣ ਦੀ ਗੱਲ ਹੋਈ ਤਾਂ ਉਸ ਨੇ ਸਾਰੀਆਂ ਟੂੰਮਾਂ ਅੱਗੇ ਲਿਆ ਧਰੀਆਂ। ਕਹਿੰਦੀ ਇਹ ਮੇਰੇ ਕਿਸ ਕੰਮ ਨੇ।
ਮੁੰਡੇ ਦੀ ਦੁਬਈ ਜਾ ਕੇ ਕਮਾਈ ਕਰਨ ਦੀ ਰੀਝ ਨੂੰ ਉਹ ਹਰ ਵਾਰ ਅਗਲੇ ਸੀਜ਼ਨ ਬਾਅਦ ਜ਼ਰੂਰ ਭੇਜਣ ਲਈ ਕਹਿ ਕੇ ਟਾਲ ਦਿੰਦਾ।
ਘਰਵਾਲੀ ਦੀਆਂ ਟੂੰਮਾਂ ਤੇ ਥੋੜ੍ਹੀ ਜ਼ਮੀਨ ਗਹਿਣੇ ਪਾ, ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਟਰੈਕਟਰ ਕਰਜ਼ੇ ’ਤੇ ਲੈ ਲਿਆ।
ਟਰੈਕਟਰ ਖਰੀਦਣ ਤੋਂ ਬਾਅਦ ਉਸ ਨੇ ਮਨ ਵਿੱਚ ਸੋਚ ਲਿਆ ਕਿ ਮੁਟਿਆਰ ਧੀ ਦੇ ਵਿਆਹ, ਘਰ ਦਾ ਮੂੰਹ-ਮੱਥਾ ਤੇ ਘਰਵਾਲੀ ਦੀ ਦਿੱਖ ਸੰਵਾਰਨ ਲਈ ਇਸ ਵਾਰੀ ਦੱਬ ਕੇ ਮਿਹਨਤ ਕਰੇਗਾ ਤੇ ਸਾਰੇ ਧੋਣੇ ਧੋ ਦੇਵੇਗਾ।
ਝੋਨਾ ਵੱਢਣ ਤੋਂ ਪਹਿਲਾਂ ਹੀ ਉਸ ਨੇ ਲੋਕਾਂ ਨਾਲ ਸਾਈਆਂ ਲਾ ਲਈਆਂ। ਮੁੰਡਾ ਵੀ ਐਤਕੀਂ ਰੀਝ ਪੂਰੀ ਹੁੰਦੀ ਦੇਖਕੇ, ਪੂਰੀ ਤਰ੍ਹਾਂ ਬਾਪੂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨੂੰ ਤਿਆਰ ਸੀ।
ਰੇਟ ਵੀ ਐਤਕੀਂ ਵੱਧ ਨਿਕਲਿਆ। ਉਹ ਹੋਰ ਵੀ ਅੰਦਰੋਂ-ਅੰਦਰ ਛਾਲਾਂ ਮਾਰ ਰਿਹਾ ਸੀ। ਬੈਂਕ ਦੀਆਂ ਕਿਸ਼ਤਾਂ ਸਮੇਂ-ਸਿਰ ਚੁਕਾ ਦਿਆਂਗਾ।
ਝੋਨੇ ਦੀ ਵਾਢੀ ਸ਼ੁਰੂ ਹੋ ਗਈ। ਪਰਾਲੀ ਦੀ ਪਹਿਲੀ ਟਰਾਲੀ ਲੱਦ ਕੇ ਉਹ ਚਾਈਂ-ਚਾਈਂ ਲੋਕਾਂ ਸਮੇਤ ਮਿੱਲ ਦੇ ਗੇਟ ਦੇ ਸਾਹਮਣੇ ਪਹੁੰਚਿਆਂ ਤਾਂ ਗੇਟਕੀਪਰ ਨੇ ਸਹਿਜ ਭਾਅ ਨਾਲ ਕਿਹਾ, “ਇਸ ਵਾਰ ਪਰਾਲੀ ਨਹੀਂ ਸਟਵਾਉਣੀ।”
“ਕਿਉਂ…?”
“ਗੌਰਮਿੰਟ ਨੇ ਧੂਏਂ ਤੇ ਸੁਆਹ ਦੇ ਪਰਦੂਸ਼ਨ ਤੋਂ ਬਚਣ ਲਈ ਬਿਜਲੀ ’ਤੇ ਚੱਲਣ ਵਾਲਾ ਬਾਇਲਰ ਲਗਾ ਦਿੱਤੈ…।”
“…ਹੈਂ…!”
ਭੰਤੇ ਨੂੰ ਇੰਜ ਲੱਗਾ ਜਿਵੇਂ ਉਹ ਮਿੱਲ ਦੀ ਭੱਠੀ ਦੇ ਸੇਕ ਵਿੱਚ ਪੂਰੇ ਦਾ ਪੂਰਾ ਸੜ ਗਿਆ ਹੋਵੇ।
-0-
No comments:
Post a Comment