-moz-user-select:none; -webkit-user-select:none; -khtml-user-select:none; -ms-user-select:none; user-select:none;

Sunday, December 30, 2012

ਫੇਸਬੁੱਕ



ਜਗਦੀਸ਼ ਰਾਏ ਕੁਲਰੀਆਂ

ਮੇਰੀ ਫੇਸਬੁੱਕ ਦੀ ਫਰੈਂਡਲਿਸਟ ਵਿੱਚ ਹੋਰਨਾਂ ਤੋਂ ਇਲਾਵਾ ਮੇਰੀਆਂ ਵਿਦਿਆਰਥਣਾਂ ਵੀ ਸ਼ਾਮਿਲ ਹਨ। ਆਨ ਲਾਈਨ ਕਦੇ ਕਦਾਈਂ ਇਹ ਮੇਰੇ ਤੋਂ ਮਾਰਗ ਦਰਸ਼ਨ ਵੀ ਪ੍ਰਾਪਤ ਕਰਦੀਆਂ  ਰਹਿੰਦੀਆਂ ਹਨ। ਅਜੇ ਮੈਂ ਫੇਸਬੁੱਕ ਆਨ ਹੀ ਕੀਤੀ ਹੈ ਕਿ ਧੜਾਧੜ ਅਪਡੇਟਸ ਆਉਣੇ ਸ਼ੁਰੂ ਹੋ ਗਏ ਹਨ। ਮੇਰੀ ਵਿਦਿਆਰਥਣ ਰਿੰਪੀ ਨੇ ਅੱਜ ਫੇਰ ਆਪਣੀ ਪ੍ਰੋਫਾਈਲ ਪਿਕਚਰ ਚੇਂਜ ਕਰ ਦਿੱਤੀ ਹੈ। ਕੁਦਰਤੀ ਇਹ ਆਨਲਾਈਨ ਵੀ ਹੈ।
ਮੈਸੇਜ ਆਉਂਦਾ ਹੈ… "ਸਰ , ਸਤਿ ਸ਼੍ਰੀ ਅਕਾਲ ।"
"ਸਤਿ ਸ਼੍ਰੀ ਅਕਾਲ….. ਕੀ ਗੱਲ ਅੱਜ ਫੇਰ ਫੋਟੋ ਚੇਂਜ ਕਰ ਦਿੱਤੀਕੀਹਦੀ ਹੈ ਏਹ?"- ਮੈਂ ਪੁੱਛਿਆ ਹੈ ।
" ਸਰ…. ਹੀਰੋਈਨ ਹੈ…. ਕੈਟਰੀਨਾ ਕੈਫ਼ !"
ਜਵਾਬ ਪੜ੍ਹਦੇ ਹੀ ਦਿਮਾਗ ਘੁੰਮਣ ਲਗ ਜਾਂਦਾ ਹੈ ਕਿ ਅੱਜ ਕੱਲ ਦੇ ਬੱਚਿਆਂ ਨੂੰ ਹੋ ਕੀ ਗਿਆ ਹੈ।
ਮੈਂ ਦੁਬਾਰਾ ਪੁੱਛਦਾ ਹਾਂ …."ਬੇਟਾ ਇਸ ਦੀ ਫੋਟੋ ਕਿਉਂ ਲਗਾਈ ਐ….।"
"ਸਰ.. ਕੋਈ ਸਾਡੀ ਫੋਟੋ ਦਾ ਮਿਸ ਯੂਜ਼ ਨਾ ਕਰ ਲਵੇ, ਇਸੇ ਕਰਕੇ ਲਗਾਈ ਐ।"- ਉਸਨੇ ਲਿਖਿਆ ਹੈ।
" ਓਹ ਤਾਂ ਠੀਕ ਹੈ ਬੇਟੇਪਰ ਤੁਸੀਂ ਐਕਟਰਸ ਦੀਆਂ ਹੀ ਫੋਟੋਆ ਕਿਉਂ ਲਗਾਉਂਦੇ ਹੋਮਦਰ ਟਰੇਸਾ ਜਾਂ ਕਿਰਨ ਬੇਦੀ ਦੀ ਕਿਉਂ ਨਹੀਂ…?"
         ਮੇਰੇ ਇੰਨਾਂ ਲਿਖਣ ਤੋਂ ਬਾਅਦ ਰਿੰਪੀ ਆਫ਼ ਲਾਈਨ ਹੋ ਗਈ।
                                                        -0-

Thursday, December 20, 2012

ਦੋਨੋਂ ਹੱਥੀਂ



ਭੀਮ ਸਿੰਘ ਗਰਚਾ

ਆਪਣੀ ਵਾਰੀ ਆਉਣ ਤੇ ਟੀਟੂ ਤਾਂਤਰਿਕ ਦੇ ਪੈਰੀਂ ਹੱਥ ਲਾਕੇ ਉੱਥੇ ਹੀ ਬੈਠਦਾ ਹੋਇਆ ਬੋਲਿਆ, “ਬਾਬਾ ਜੀ, ਮੈਂ ਇੱਕ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹਾਂ। ਮੈਨੂੰ ਪਤਾ ਲੱਗਾ ਹੈ ਕਿ ਮੇਰੀ ਪਤਨੀ ਦੇ ਮੇਰੇ ਹੀ ਇੱਕ ਸਾਥੀ ਨਾਲ ਨਾਇਜ ਸਬੰਧ ਹਨ। ਮੈਂ ਚਾਹੁੰਦਾ ਹਾਂ ਕਿ
ਬੇਟਾ, ਤੂੰ ਉਹਦਾ ਕੋਈ ਵੀ ਵਿਰੋਧ ਨਹੀਂ ਕੀਤਾ?ਬਾਬਾ ਜੀ ਟੀਟੂ ਦੀ ਗੱਲ ਨੂੰ ਵਿਚਕਾਰ ਹੀ ਕੱਟਦੇ ਹੋਏ ਬੋਲੇ।
ਟੀਟੂ ਬੋਲਿਆ, “ਬਾਬਾ ਜੀ, ਮੇਰੀ ਪਤਨੀ ਨੂੰ ਕੁਝ ਕਹਿਣ ਲਈ ਮੇਰਾ ਦਿਲ ਹੀ ਨਹੀਂ ਮੰਨਦਾ, ਕਿਉਂਕਿ ਮੇਰੀ ਅੱਖ ਵਿੱਚ ਨੁਕਸ ਹੋਣ ਕਰਕੇ ਇਹ ਰਿਸ਼ਤਾ ਮੈਨੂੰ ਮਸਾਂ ਹੀ ਹੋਇਆ ਸੀ। ਮੈਂ ਚਾਹੁਨੈ ਤੁਸੀਂ ਉਹਦੇ ਆਸ਼ਕ ਦਾ ਆਪਣੇ ਜੰਤਰਾਂ-ਮੰਤਰਾਂ ਨਾਲ ਇਸ ਤਰ੍ਹਾਂ ਮੱਕੂ ਠੱਪੋ ਕਿ ਸੱਪ ਵੀ ਮਰ ਜਾਏ ਤੇ ਸੋਟਾ ਵੀ ਬਚ ਜਾਏ।
ਬਾਬਾ ਜੀ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਟੀਟੂ ਤੋਂ ਆਪਣੀ ਫੀਸ ਦੇ ਇੱਕੀ ਸੌ ਰੁਪਏ ਮੰਗੇ। ਟੀਟੂ ਨੇ ਉਸੇ ਵੇਲੇ ਆਪਣੀ ਜੇਬ ਵਿੱਚੋਂ ਇੱਕ ਹਾਰ ਰੁਪਏ ਕੱਢਕੇ ਬਾਬਾ ਜੀ ਨੂੰ ਫੜਾ ਦਿੱਤੇ। ਬਾਕੀ ਦੇ ਰੁਪਏ ਉਸਨੇ ਤਨਖਾਹ ਮਿਲਣ ਤੇ ਦੇਣ ਦਾ ਇਕਰਾਰ ਕਰ ਲਿਆ।
ਉਸ ਦਿਨ ਤੋਂ ਟੀਟੂ ਬੇ-ਿਕਰ ਹੋ ਕੇ ਆਪਣੇ ਕੰਮਾਂ ਧੰਦਿਆਂ ਵਿੱਚ ਰੁਝ ਗਿਆ। ਤਨਖਾਹ ਮਿਲੀ ਤੇ ਉਹ ਉਸੇ ਦਿਨ ਹੀ ਪੈਸੇ ਦੇਣ ਲਈ ਤਾਂਤਰਿਕ ਦੇ ਡੇਰੇ ਵੱਲ ਨੂੰ ਤੁਰਿਆ। ਡੇਰੇ ਵਿੱਚ ਦਾਖਲ ਹੋਣ ਲੱਗਾ ਉਹ ਇੱਕਦਮ ਠਠੰਬਰ ਕੇ ਉੱਥੇ ਹੀ ਰੁਕ ਗਿਆ। ਉਸਦੀ ਪਤਨੀ ਆਪਣੇ ਆਸ਼ਕ ਸਮੇਤ ਬਾਬਾ ਜੀ ਦੇ ਨੇੜੇ ਬੈਠੀ ਸੀ ਤੇ ਆਖ ਰਹੀ ਸੀ, “ਬਾਬਾ ਜੀ, ਤੁਹਾਡੀ ਫੀਸ ਦੇ ਇਕੱਤੀ ਸੋ ਰੁਪਏ ਤੁਹਾਨੂੰ ਮਿਲ ਚੁੱਕੇ ਨੇ। ਹੁਣ ਤੁਸੀਂ ਅਜਿਹਾ ਚੱਕਰ ਚਲਾਓ ਕਿ ਉਹ ਭੈਂਗਾ ਜਿਹਾ ਮੇਰਾ ਪਤੀ ਸਦਾ ਲਈ ਮੇਰੇ ਗਲੋਂ ਲਹਿ ਜਾਵੇ।
                            -0-

Monday, December 10, 2012

ਕੌੜਾ ਸੱਚ



ਜਗਰੂਪ ਸਿੰਘ ਕਿਵੀ
ਇਕ ਬਾਰ੍ਹਾਂ ਕੁ ਵਰ੍ਹਿਆਂ ਦੇ ਨੰਗ-ਧੜੰਗੇ ਨਜ਼ਰ ਆਉਂਦੇ ਗ਼ਰੀਬ ਜਿਹੇ ਬੱਚੇ ਨੂੰ ਤੁਰੇ ਜਾਂਦੇ ਮੈਂ ਰੋਕ ਲਿਆ। ਉਸ ਦੇ ਹੱਥ ਵਿਚ ਇਕ ਵੱਡੀ ਸਾਰੀ ਬੋਰੀ ਸੀ, ਜਿਸ ਵਿਚ ਪੁਰਾਣੇ ਕਾਗਜ਼, ਰੱਦੀ ਤੇ ਪਲਾਸਟਿਕ ਦੇ ਲਿਫ਼ਾਫ਼ੇ ਆਦਿ ਲਗਦੇ ਸਨ।
ਕਾਕਾ, ਤੇਰਾ ਨਾਂਅ ਕੀ ਐ?ਮੈਂ ਪੁੱਛਿਆ।
ਭੋਲੂ, ਸਾਬ।
ਤੂੰ ਦਲਿਤ ਜਾਤ ਨਾਲ ਸਬੰਧ ਰੱਖਦੈਂ?
ਉਸਨੇ ‘ਹਾਂ’ ਵਿਚ ਸਿਰ ਹਿਲਾਇਆ।
ਫਿਰ ਤੂੰ ਅੰਬੇਡਕਰ ਚੌਕ ਵਾਲੇ ਜਲੂਸ ਵਿਚ ਸ਼ਾਮਲ ਨਹੀਂ ਹੋਇਆ?
ਸਾਬ, ਮੈਨੂੰ ਕੁਝ ਨਹੀਂ ਪਤਾ।
ਅੰਬੇਡਕਰ ਚੌਕ ਦਾ ਨਹੀਂ ਪਤਾ?ਮੈਂ ਹੈਰਾਨੀ ਪ੍ਰਗਟ ਕੀਤੀ।
ਨਹੀਂ ਸਾਬ।
ਓਏ ਜਿਸ ਪਾਸਿਓਂ ਤੂੰ ਆਇਆਂ, ਮੋੜ ਮੁੜ ਕੇ ਪਹਿਲਾ ਚੌਕ ਹੀ ਤਾਂ ਹੈ, ਜਿੱਥੇ ਬਾਬਾ ਅੰਬੇਡਕਰ ਦਾ ਬੁੱਤ ਬਣਿਆ।
ਅੱਛਾ ਸਾਬ।
ਓਏ ਉਸਨੂੰ ਤੋੜਨ ਵਾਸਤੇ ਮਿਉਂਸਪਲ ਕਮੇਟੀ ਨੇ ਬਿੱਲ ਪਾਸ ਕਰ ’ਤਾ। ਸ਼ਹਿਰ ਵਿਚ ਹੰਗਾਮਾ ਹੋ ਗਿਆ। ਸਾਰੇ ਦਲਿਤ ’ਕੱਠੇ ਹੋ ਗੇ ਐ। ਬਹੁਤ ਵੱਡਾ ਜਲੂਸ ਕੱਢਿਆ ਤੇ ਅਲਟੀਮੇਟਮ ਦਿੱਤਾ ਕਿ ਦੋ ਦਿਨਾਂ ਦੇ ਅੰਦਰ ਜੇ ਬਿੱਲ ਵਾਪਸ ਨਾ ਲਿਆ ਤਾਂ ਖੂਨ ਦੀਆਂ ਨਦੀਆਂ ਬਹਿ ਜਾਣਗੀਆਂ।
ਸਾਬ, ਉਸ ਚੌਕ ਨੂੰ ਨਹੀਂ ਤੋੜਨਾ ਸਾਬ।
ਕਿਉਂ ਹੁਣ ਲੱਗਿਆ ਨਾ ਦੁੱਖ। ਦਲਿਤ ਹੋਣ ਕਰਕੇ ਹੁਣ ਤੇਰਾ ਵੀ ਖੂਨ ਖੌਲ ਉੱਠਿਆ।
ਨਹੀਂ ਸਾਬ, ਉੱਥੇ ਕਦੇ-ਕਦੇ ਲੋਕ ਸ਼ਾਮ ਨੂੰ ਬੈਠਦੇ ਹਨ। ਕੁਝ ਖਾਂਦੇ ਪੀਂਦੇ ਰਹਿੰਦੇ ਹਨ। ਲਿਫਾਫੇ ਵੀ ਮਿਲ ਜਾਂਦੇ ਹਨ ਤੇ ਕਦੇ ਬਖਸ਼ਿਸ਼ ਵੀ ਮਿਲਦੀ ਹੈ।
ਕਹਿੰਦਿਆਂ ਇਕ ਪਾਸੇ ਡਿੱਗਿਆ ਲਿਫ਼ਾਫ਼ਾ ਚੁੱਕ ਕੇ ਉਸ ਬੋਰੀ ’ਚ ਪਾਇਆ ਤੇ ਅਗਾਂਹ ਤੁਰ ਪਿਆ।
                                     -0-

Thursday, November 29, 2012

ਅੱਗ ਨਹੀਂ ਬਸੰਤਰ



 ਇਕਬਾਲ ਸਿੰਘ

ਗੱਡੀ ਦੇ ਆਉਣ ਦਾ ਟਾਈਮ ਹੋ ਗਿਆ ਸੀਅਜੇ ਉਹ ਅਖਬਾਰ ਵੇਚਣ ਲਈ ਹੋਕਾ ਦੇਣ ਹੀ ਲੱਗਾ ਸੀ ਕਿ ਅਖ਼ਬਾਰ ਦੀ ਮੁੱਖ-ਸੁਰਖੀ ਵੱਲ ਉਸ ਦੀ ਨਿਗਾਹ ਪਈ।
ਰਾਜਧਾਨੀ ਵਿਚ ਸੰਪਰਦਾਇਕ ਦੰਗੇ ਫਿਰ ਭੜਕੇ। ਇਕ ਫਿਰਕੇ ਨੇ ਦੂਜੇ ਫਿਰਕੇ ਦੇ ਘਰ ਫੂਕੇ। ਅਣਮਿੱਥੇ ਸਮੇਂ ਲਈ ਕਰਫਿਊ ਲੱਗਾ।
ਸੁਰਖੀ ਪੜ੍ਹ ਕੇ ਉਸਦਾ ਮੱਥਾ ਠਣਕਿਆ।
ਇਸ ਸਟੇਸ਼ਨ ਤੇ ਅਜੇ ਤੱਕ ਮਾਹੌਲ ਬਿਲਕੁਲ ਸ਼ਾਂਤਮਈ ਹੈ। ਹੁਣੇ ਗੱਡੀ ਆਣ ਕੇ ਰੁਕੇਗੀ। ਲੋਕ ਅਖ਼ਬਾਰ ਖਰੀਦਣਗੇ ਤੇ ਅਖ਼ਬਾਰ ਵੇਖਣ ਸਾਰ ਦੰਗੇ ਭੜਕ ਜਾਣੇ ਹਨ। ਪਤਾ ਨਹੀਂ ਕਿੰਨੇ ਬੇਦੋਸ਼ੇ ਮਾਰੇ ਜਾਣ। ਇਹ ਸੋਚ ਕੇ ਉਹ ਡਰ ਗਿਆ। ਉਹ ਕੋਈ ਢੰਗ ਸੋਚਣ ਲੱਗਾ।
ਡੂੰਘੀ ਸੋਚ-ਵਿਚਾਰ ਤੋਂ ਬਾਅਦ ਉਸ ਨੇ ਚਾਹ ਵਾਲੇ ਸਟਾਲ ਤੋਂ ਮਾਚਿਸ ਲਈ ਤੇ ਅਖ਼ਬਾਰਾਂ ਨੂੰ ਅੱਗ ਲਗਾ ਦਿੱਤੀ। ਅਖ਼ਬਾਰਾਂ ਦਾ ਸੁੱਕਾ ਕਾਗਜ਼ ਇਕਦਮ ਭਾਂਬੜ ਬਣ ਕੇ ਮੱਚਿਆ। ਭਾਂਬੜ ਬਲਦਾ ਵੇਖ ਲੋਕ ਇਕੱਠੇ ਹੋ ਗਏ।
ਕੀ ਹੋਇਆ? ਕੀ ਹੋਇਆ? ਲੋਕ ਇਕ-ਦੂਜੇ ਨੂੰ ਪੁੱਛ ਰਹੇ ਸਨ।
ਹੋਣਾ ਕੀ ਐ। ਕੰਜਰ ਬੀੜੀ ਪੀਣ ਲੱਗਾ ਹੋਣਾ ਤੇ ਹਨੇਰੇ ਚ ਅਖ਼ਬਾਰਾਂ ਨੂੰ ਅੱਗ ਲਗਾ ਬੈਠਾ। ਕਿਸੇ ਨੇ ਆਪਣਾ ਅੰਦਾਜਾ ਲਗਾਇਆ।
ਉਦੋਂ ਪਤਾ ਲੱਗੂ ਜਦੋਂ ਮਹੀਨੇ ਦੀ ਸਾਰੀ ਤਨਖਾਹ ਅਖਬਾਰਾਂ ਦੇ ਬਣਦੇ ਪੈਸਿਆਂ ਚ ਕੱਟੀ ਗਈ।
ਸ਼ੁਕਰ ਕਰੋ, ਇਹ ਥੱਲੇ ਖੜਾ ਸੀ। ਅੰਦਰ ਹੁੰਦਾ ਤਾਂ ਪਤੰਦਰ ਨੇ ਸਾਰੀ ਗੱਡੀ ਫੂਕ ਸੁੱਟਣੀ ਸੀ। ਹੁਣੇ-ਹੁਣੇ ਆ ਕੇ ਸਟੇਸ਼ਨ ਤੇ ਖਲੋਤੀ ਗੱਡੀ ਵੱਲ ਇਸ਼ਾਰਾ ਕਰਦਿਆਂ ਇਕ ਨੇ ਕਿਹਾ।
ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਸਨ।, ਪਰ ਉਹ ਕਿਸੇ ਜਿੱਤ ਦੇ ਅਹਿਸਾਸਾ ਨਾਲ ਆਪਣੇ-ਆਪ ਨੂੰ ਹੌਲਾ ਮਹਿਸੂਸ ਕਰ ਰਿਹਾ ਸੀ। ਗੱਡੀ ਜਾ ਚੁੱਕੀ ਸੀ।
ਅਗਲੇ ਸਟੇਸ਼ਨ ਤੇ ਪਹੁੰਚਣ ਤੱਕ ਦਿਨ ਚੜ੍ਹ ਜਾਣਾ ਹੈ ਤੇ ਦਿਨ ਚੜ੍ਹੇ ਪ੍ਰਸ਼ਾਸਨ ਨੇ ਹਰਕਤ ਵਿਚ ਆ ਜਾਣਾ ਹੈ। ਉਸਨੇ ਅਨੁਮਾਨ ਲਗਾਇਆ ਤੇ ਬੈਠ ਕੇ ਬਲਦੀ ਅੱਗ ਤੇ ਹੱਥ ਸੇਕਣ ਲੱਗ ਪਿਆ।
                        -0-