-moz-user-select:none; -webkit-user-select:none; -khtml-user-select:none; -ms-user-select:none; user-select:none;

Sunday, July 31, 2011

ਸਕੂਨ

ਡਾ. ਕਰਮਜੀਤ ਸਿੰਘ ਨਡਾਲਾ

“ਬੀਬੀ…ਇਹ ਸ਼ਰਾਬੀ ਵੀ ਕਦੇ ਸੁਧਰਦੇ ਨੇ…?
“ਗੱਲ ਤੇ ਤੇਰੀ ਠੀਕ ਏ ਧੀਏ…ਨਹੀਂ ਸੁਧਰਦੇ…ਮੈਂ ਤਾਂ ਸਾਰੀ ਉਮਰ ਇਹਦੇ ਤੋਂ ਮਾਰ ਖਾਧੀ…ਤਰਲੇ ਲਏ…ਲੇਲੜੀਆਂ ਕੱਢੀਆਂ…ਸਮਝਾਇਆ ਵੀ…ਪਿਆਰ ਵੀ ਕਰਕੇ ਦੇਖਿਆ…ਪਰ ਇਹ ਤਾਂ ਪੂਰਾ ਢੀਠ ਮਿੱਟੀ ਏ…।”
“ਬੀਬੀ, ਮੇਰਾ ਭਾਪਾ ਵੀ ਤਾਂ ਇਵੇਂ ਹੀ ਪੀਂਦਾ ਮਰਿਆ ਸੀ…ਹਟਿਆ ਨਹੀਂ…ਮੁੱਕਿਆ ਤਾਂ ਘਰ ’ਚ ਸ਼ਾਂਤੀ ਖੁਸ਼ਹਾਲੀ ਆਈ…।”
“ਧੀਏ, ਇਹੋ ਜਿਹੇ ਬੰਦੇ ਕਿੱਥੇ ਔਰਤਾਂ ਦੇ ਦੁੱਖਾਂ ਨੂੰ ਸਮਝਦੇ ਨੇ…ਤੈਨੂੰ ਕੀ ਦੱਸਾਂ, ਜਦੋਂ ਦੀ ਏਸ ਬੰਦੇ ਦੇ ਲੜ ਲੱਗੀ ਆਂ, ਸੁਖ ਨਹੀਂ ਦੇਖਿਆ…ਕੰਮ ਬੜਾ ਕੀਤੈ…ਪਰ ਖਾਣ ਨੂੰ ਜੁੱਤੀਆਂ ਹੀ ਖਾਧੀਆਂ ਨੇ…ਹੁਣ ਤਾਂ ਤੇਰੀ ਵੀ ਸ਼ਰਮ ਨਹੀਂ ਕਰਦਾ…ਜਦੋਂ ਤੇਰੇ ਸਾਮ੍ਹਣੇ ਮਾਰਦੈ ਤਾਂ ਜੀਅ ਕਰਦੈ ਕੁਝ ਖਾ ਕੇ ਮਰ ਜਾਵਾਂ…।”
“ਤੂੰ ਇਵੇਂ ਨਾ ਕਿਹਾ ਕਰ…ਮਰਨ ਤੇਰੇ ਦੁਸ਼ਮਨ…ਬੀਬੀ ਕੋਈ ਇਲਾਜ ਨਹੀਂ ਕਰਵਾਇਆ ਇਹਦਾ?
“ਕਰਵਾਇਆ…ਦਵਾਈਆਂ-ਬੂਟੀਆਂ…ਸਿਆਣਿਆਂ ਤੋਂ ਵੀ ਇਹਨੂੰ ਝਾੜੇ-ਫਾਂਡੇ ਬਥੇਰੇ ਕਰਵਾਏ…ਪਰ ਕੋਈ ਅਸਰ ਈ ਨੀ…।”
“ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਸੀ…ਅੱਜਕਲ ਸ਼ਹਿਰਾਂ ’ਚ ਨਸ਼ਾ ਛਡਾਉਣ ਵਾਲੇ ਸਾਇਕੈਟਰਕ ਦੇ ਡਾਕਟਰ ਆਏ ਨੇ…ਦਾਖਲ ਹੋਣ ਦੀ ਵੀ ਲੋੜ ਨਹੀਂ…ਦਵਾਈ ਲਿਆਓ, ਖਵਾਓ ਤੋ ਬੰਦਾ ਨੌ ਬਰ ਨੌ…।”
“ਧੀਏ, ਛੱਡ…ਫਾਇਦਾ ਤਾਂ ਕੋਈ ਨਹੀਂ…ਮੈਂ ਤਾਂ ਇਹਤੋਂ ਅੱਗੇ ਈ ਅੱਕੀ ਪਈ ਆਂ…ਹੱਛਾ, ਜੇ ਤੂੰ ਬਹੁਤਾ ਕਹਿੰਨੀ ਏਂ ਤਾਂ ਕਰ ਲੈਂਦੀ ਆਂ ਕੋਸ਼ਿਸ਼…।”
ਸ਼ਹਿਰ ਗਈ। ਦਵਾਈ ਲੈ ਕੇ ਆਈ। ਰਾਤ ਨੂੰ ਸ਼ਰਾਬੀ ਹੋਏ ਨੂੰ ਖੁਆ ਵੀ ਦਿੱਤੀ।
ਸਵੇਰੇ ਕਾਬਲ ਸਿੰਘ ਮੰਜੇ ਉੱਤੇ ਆਕੜਿਆ ਪਿਆ ਸੀ।
“ਬੀਬੀ, ਭਾਪਾ ਤਾਂ ਹਿਲਦਾ ਨਹੀਂ…ਤੂੰ ਸ਼ਰਾਬ ਛਡਾਉਣ ਵਾਲੀ ਦਵਾਈ ਦਿੱਤੀ ਸੀ…?
“ਹਾਂ ਧੀਏ, ਹੌਲੀ ਬੋਲ…ਡਾਕਟਰ ਕਹਿਦਾ ਸੀ, ਦਸ ਹਾਰ ਲੱਗੂ…ਸ਼ਰਾਬ ਛੱਡ ਦਊ…ਪਰ ਗਰੰਟੀ ਕੋਈ ਨਹੀਂ…ਫੇਰ ਪੀਣ ਲੱਗ ਪਏ…ਮੈਂ ਸੋਚਿਆ, ਦਸ ਹਾਰ ਵੀ ਜਾਊ ਤੇ ਕੱਲ ਨੂੰ ਫੇਰ ਉਹੀ ਰੰਡੀ ਰੋਣਾ…ਮੈਂ ਦਸ ਹਾਰ ਬਚਾਇਆ ਤੇ ਦਸਾਂ ਰੁਪਈਆਂ ਦੀ ਕਣਕ ਵਾਲੀ ਡੱਬੀ ਲੈ ਲਈ। ਰਾਤੀਂ ਉਹੋ ਇੱਕ ਗੋਲੀ ਦਿੱਤੀ ਏ…।” ਉਹਨੇ ਹੌਲੀ ਜਿਹੇ ਨੂੰਹ ਦੇ ਕੰਨ ਵਿੱਚ ਕਿਹਾ।
“ਹੈਂ! ਬੀਬੀ, ਸਲਫਾਸ ਖੁਆ ’ਤੀ…ਬੰਦਾ ਗੁਆ ਲਿਆ…ਕੀ ੈਦਾ ਹੋਇਆ…।”
“ਨੀ, ਕਿਉਂ ਨਹੀਂ ਫੈਦਾ ਹੋਇਆ…ਦਵਾਈ ਤਾਂ ਪੂਰੀ ਕਾਟ ਕਰਗੀ…ਦੇਖੀਂ ਹੁਣ ਜੇ ਕਦੇ ਮੰਗ ਗਿਆ ਸ਼ਰਾਬ…।”

ਇੰਨਾ ਕਹਿੰਦਿਆਂ ਜਿ ਵੇਂ ਉਹਦੇ ਚਿਹਰੇ ਉੱਤੇ ਅਜੀਬ ਕਿਸਮ ਦਾ ਸਕੂਨ ਸੀ।
                                        -0-

Friday, July 15, 2011

ਲਾਲ ਬੱਤੀ ਦਾ ਸੱਚ


ਹਰਦਮ ਸਿੰਘ ਮਾਨ

          ਐਮ. ਐਲ. ਏ. ਬਣਨ ਤੋਂ ਪੂਰੇ ਸਾਢੇ ਚਾਰ ਸਾਲਾਂ ਬਾਅਦ ਨੇਤਾ ਜੀ ਅੱਜ ਆਪਣੇ ਜਿਗਰੀ ਯਾਰ ਦੇ ਘਰ ਆਏ ਸਨ। ਆਉਂਦਿਆਂ ਹੀ ਆਪਣੇ ਯਾਰ ਨੂੰ ਗਲਵੱਕੜੀ ਪਾਈ, ਲੈ ਵੱਡੇ ਭਾਈ, ਅੱਜ ਮੈਂ ਖੁੱਲ੍ਹਾ ਟੈਮ ਕੱਢ ਕੇ ਆਇਐਂ। ਅੱਜ ਵੱਡੇ ਭਾਈ ਦਾ ਕੋਈ ਉਲਾਂਭਾ ਨਹੀਂ ਰਹਿਣ ਦੇਣਾ ਆਪਣੇ ਸਿਰ।

          ਉਹ ਦੋਵੇਂ ਜਣੇ ਡਰਾਇੰਗ ਰੂਮ ਵਿਚ ਏ. ਸੀ. ਛੱਡ ਕੇ ਬੈਠ ਗਏ। ਗੱਲਾਂ ਬਾਤਾਂ ਸ਼ੁਰੂ ਹੋ ਗਈਆਂ।
          ਅਸਲ ਚ ਅੱਜ ਰਾਜਨੀਤੀ ਦਾ ਕੰਮ ਬੜਾ ਕੁੱਤਾ ਹੋ ਗਿਐ ਵੱਡੇ ਭਾਈ! ਤੈਨੂੰ ਪਤਾ ਈ ਐ ਪਹਿਲਾਂ ਚੋਣਾਂ ਵੇਲੇ ਕਿਵੇਂ ਸਾਲੇ ਹਰੇਕ ਲੰਗੜੇ ਲੂਲੇ ਦੇ ਪੈਰੀਂ ਹੱਥ ਲਾਉਣੇ ਪੈਂਦੇ ਐ, ਥਾਂ ਥਾਂ ਹੱਥ ਜੋੜੋ ਤੇ ਕਰੋੜਾਂ ਰੁਪਏ ਵੀ ਖਰਚੋ। ਫਿਰ ਜੇ ਐਮ. ਐਲ. ਏ. ਬਣ ਗੇ...ਅੱਜ ਜੀ ਓਹਦੇ ਘਰ ਮਰਗ ਦਾ ਭੋਗ ਐ, ਫਲਾਣੇ ਦੀ ਕੁੜੀ ਦਾ ਸ਼ਗਨ, ਢਿਮਕੇ ਦੇ ਮੁੰਡੇ ਦਾ ਵਿਆਹ, ਫਲਾਣੇ ਥਾਂ ਜਗਰਾਤਾ, ਅਖੰਡ ਪਾਠ ਦਾ ਭੋਗ, ਮੈਡੀਕਲ ਕੈਂਪ ਤੇ ਹੋਰ ਪਤਾ ਨੀਂ ਕੀ ਕੀ ਤੇ ਪਤਾ ਨੀਂ ਕਿੱਥੇ ਕਿੱਥੇ ਜਾਣਾ ਪੈਂਦੈ। ਕਦੇ ਕਦੇ ਤਾਂ ਲਗਦੈ ਸਾਲੀ ਇਹ ਕੋਈ ਜ਼ਿੰਦਗੀ ਐ?

       ਆਂਉਂਦੀਐਂ ਗੱਲਾਂ ਐਮ. ਐਲ. ਏ. ਬਣ ਕੇ... ਜਿਗਰੀ ਯਾਰ ਨੇ ਵਿਚਦੀ ਹੁੰਗਾਰਾ ਭਰਿਆ।

       ਨਹੀਂ ਵੱਡੇ ਭਾਈ, ਝੂਠ ਨਹੀਂ ਮੈਂ ਸੱਚ ਕਹਿਨੈਂ

       ਚੱਲ ਮੰਨ ਲੈਨੇਂ ਆਂ।

           ਨੇਤਾ ਜੀ ਦੀ ਵਾਰਤਾਲਾਪ ਜਾਰੀ ਰਹੀ, ਜਿਵੇਂ ਸੱਚਮੁੱਚ ਹੀ ਰਾਜਨੀਤੀ ਤੋਂ ਔਖੇ ਹੋਣ।

           ਜਦੋਂ ਦਿਨ ਛਿਪਾਅ ਜਿਹਾ ਹੋ ਗਿਐ ਤਾਂ ਜਿਗਰੀ ਯਾਰ ਬੋਲਿਆ, ਚੱਲ ਛੱਡ ਹੁਣ ਇੰਜ ਦੱਸ ਬਈ ਵਿਸਕੀ ਕਿਹੜੀ ਚੱਲੂ?

       ਲੈ ਤੈਥੋਂ ਕੁਛ ਭੁੱਲਿਐ ਵੱਡੇ ਭਾਈ!

           ਵਿਸਕੀ ਆ ਗਈ। ਦੋ ਤਿਨ ਪੈੱਗ ਲਾਉਣ ਮਗਰੋਂ ਨੇਤਾ ਜੀ ਅਸਲੀ ਰੌਂਅ ਚ ਆ ਗਏ, ਵੱਡੇ ਭਾਈ ਹੁਣ ਸਾਰੇ ਛੀ ਮਹੀਨੇ ਰਹਿਗੇ ਚੋਣਾਂ ਚ। ਹੁਣ ਤਾਂ ਤੇਰੇ ਰੱਖਣ ਦੇ ਆਂ ... ਤੂੰ ਹੋਣੈਂ ਮੇਰੀ ਚੋਣ ਮੁਹਿੰਮ ਦਾ ਇੰਚਾਰਜ, ਪਹਿਲਾਂ ਵਾਂਗ... ਤੇ ਜੇ ਐਤਕੀਂ ਜਿੱਤ ਨਸੀਬ ਹੋਈ ਤਾਂ ਸਾਰੀ ਉਮਰ ਤੇਰਾ ਪਾਣੀ ਭਰੂੰ, ਨੰਗੇ ਸਿਰ।ਕਹਿੰਦੇ ਹੋਏ ਨੇਤਾ ਨੇ ਇਕ ਵੱਡਾ ਪੈੱਗ ਹੋਰ ਪਾ ਲਿਆ ਤੇ ਫੇਰ ਜਿਗਰੀ ਯਾਰ ਦੇ ਗੋਡੇ ਘੁੱਟਣ ਲੱਗ ਪਿਆ, ਯਾਰਾ, ਤੂੰ ਦੂਜੀ ਵਾਰ ਐਮ. ਐਲ. ਏ. ਬਣਾ ਦੇ, ਆਪਣੀ ਲਾਲ ਬੱਤੀ ਵਾਲੀ ਗੱਡੀ ਪੱਕੀ ਐ। ਫੇਰ ਵੇਖੀਂ ਮੰਤਰੀ ਬਣਨਸਾਰ ਚੰਡੀਗੜੋਂ ਲਾਲ ਬੱਤੀ ਵਾਲੀ ਗੱਡੀ ਸਿੱਧੀ ਤੇਰੇ ਬੂਹੇ ਤੇ ਆ ਕੇ ਰੁਕੂ। ਨੇਤਾ ਜੀ ਪੂਰੇ ਸਰੂਰ ਚ ਆ ਗਏ, ਨਾਲੇ ਇਕ ਗੱਲ ਯਾਦ ਰੱਖੀਂ, ਆਪਾਂ ਕੇਰਾਂ ਮੰਤਰੀ ਬਣਗੇ ਨਾ ਵੱਡੇ ਭਾਈ... ਫੇਰ ਆਪਾਂ ਕਿਸੇ ਕੰਜਰ ਦੀ ਨੀਂ ਸੁਣਨੀਂ। ਰੌਲਾ ਪਾਈ ਜਾਣ ਲੋਕ ਜਿੰਨਾ ਮਰਜ਼ੀ, ਰਾਜਧਾਨੀ ਚ ਰਹਾਂਗੇ ਠਾਠ ਨਾਲ...ਫੇਰ ਆਪਾਂ ਇਹਨਾ ਲੋਕਾਂ ਤੋਂ ਕੀ ਲੈਣੈ...ਐਵੇਂ ਕੀੜੇ ਮਕੌੜੇ… ਨੇਤਾ ਦੇ ਮੂਹੋਂ ਲਾਲ ਬੱਤੀ ਦਾ ਸੱਚ ਡੁੱਲ੍ਹ ਰਿਹਾ ਸੀ।
                                                       -0-

Saturday, July 9, 2011

ਮਖੌਲ


ਸਤਿਪਾਲ ਖੁੱਲਰ

ਮਿਲਣੀ ਦੀ ਰਸਮ ਹੋ ਚੁੱਕੀ ਸੀ ਕੁੜੀ ਦਾ ਬਾਪ ਹਰ ਇੱਕ ਨੂੰ ਪੈਸਿਆਂ ਦੇ ਨਾਲ ਨਾਲ ਕੁਝ ਨਾ ਕੁਝ ਦੇ ਚੁੱਕਾ ਸੀ। ਕਿਸੇ ਨੂੰ ਕੰਬਲ ਉੱਤੇ ਸੌ ਰੁਪਈਆ, ਕਿਸੇ ਨੂੰ ਪੰਜਾਹ ਤੇ ਕਿਸੇ ਨੂੰ ਮੁੰਦਰੀ ਨਾਲ ਕੰਬਲ। ਇਸ ਤੋਂ ਪਹਿਲਾਂ ਕੁਆਰ-ਧੋਤੀ ਦੀ ਰਸਮ ਵੀ ਹੋਈ ਸੀ। ਮੁੰਡੇ ਦੀ ਭੈਣ ਤੇ ਜੀਜੇ ਦੀ ਝੋਲੀ ਵਿੱਚ ਸੌ-ਸੌ ਰੁਪਈਆ ਪਾਇਆ ਗਿਆ ਸੀ। ਇੰਜ ਲਗਦਾ ਸੀ, ਕੁੜੀ ਦਾ ਬਾਪ ਅੱਜ ਬਲੀ ਦਾ ਬਕਰਾ ਬਣਿਆ ਹੋਇਆ ਹੈ। ਸ਼ਗਨ ਵਿੱਚ ਉਸਨੇ ਸਕੂਟਰ ਦਿੱਤਾ ਸੀ। ਪਰ ਵਿਚੋਲੇ ਰਾਹੀਂ ਮੁੰਡੇ ਵਾਲਿਆਂ ਨੇ ਏਅਰ-ਕੰਡੀਸ਼ਨਰ ਦੀ ਵੀ ਮੰਗ ਕਰ ਲਈ ਸੀ। ਵਿਆਹ-ਸ਼ਾਦੀ ਵਿੱਚ ਤਾਂ ਖੁਸ਼ੀ ਨਾਲ ਦੇਣ ਦਾ ਵੀ ਬੋਝ ਹੀ ਹੁੰਦਾ ਹੈ ਤੇ ਮੰਗ ਪੂਰੀ ਕਰਨੀ ਤਾਂ ਹੋਰ ਵੀ ਦੁਖਦਾਈ ਹੋ ਜਾਂਦੀ ਹੈ।
ਰਾਮ ਲਾਲ ਦੀ ਵੱਡੀ ਲੜਕੀ ਨੇ ਬਿਨਾਂ ਦਾਜ ਤੋਂ ਵਿਆਹ ਕਰਵਾਇਆ ਸੀ, ਆਪਣੇ ਆਪ। ਉਹ ਬਾਪ ਨੂੰ ਹੌਂਸਲਾ ਵੀ ਦੇ ਰਹੀ ਸੀ ਤੇ ਭੱਜ-ਨੱਠ ਵੀ ਕਰ ਰਹੀ ਸੀ। ਦੋ-ਚਾਰ ਹਾਰ ਦਾ ਇੱਧਰ-ਉੱਧਰ ਲੱਗਣਾ ਕੋਈ ਖਾਸ ਗੱਲ ਨਹੀਂ ਹੁੰਦੀ। ਪਰ ਵੀਹ-ਬਾਈ ਹਾਰ ਦਾ ਅਚਾਨਕ ਖਰਚ…ਜਦੋਂ ਪੈਸੇ-ਪੈਸੇ ਦੀ ਲੋੜ ਹੋਵੇ। ਵੱਡੀ ਕੁੜੀ ਨੇ ਬਾਪ ਨੂੰ ਸਮਝਾਇਆ, ਹੌਂਸਲਾ ਦਿੱਤਾ, “ਬਾਪੂ ਜੀ, ਜੇ ਮੇਰੇ ਵਿਆਹ ਤੇ ਤੁਸੀਂ ਦਾਜ ਦੇਂਦੇ ਤਾਂ ਕੀ ਖਰਚ ਨਾ ਹੁੰਦਾ? ਸਮਝ ਲਵੋ ਕਿ ਏਅਰ ਕੰਡੀਸ਼ਨਰ ਦਾ ਖਰਚ ਇੱਧਰ ਆ ਗਿਆ।” ਪਰ ਬਾਪ ਨੂੰ ਚੈਨ ਕਿੱਥੇ। ਇਹ ਤਾਂ ਕਰਨਾ ਹੀ ਸੀ, ਸੋ ਕਰਨਾ ਪਿਆ। ਧੀ ਤੋਂ ਬਾਪ ਦੀ ਬੇਚੈਨੀ ਦੇਖੀ ਨਹੀਂ ਸੀ ਜਾ ਰਹੀ । ਉਹ ਦੇਖ ਰਹੀ ਸੀ ਕਿ ਉਸਦਾ ਬਾਪ ਅੰਦਰੋਂ ਟੁੱਟਿਆ ਪਿਆ ਹੈ।
ਹੁਣ ਰਿਬਨ ਕੱਟਣ ਦੀ ਰਸਮ ਸੀ। ਕੁੜੀਆਂ ਰਿਬਨ ਬੰਨ੍ਹੀ ਖੜ੍ਹੀਆਂ ਸਨ। ਰਾਮ ਲਾਲ ਦੀ ਵੱਡੀ ਕੁੜੀ ਸਭ ਤੋਂ ਮੂਹਰੇ ਸੀ। ਇਹ ਰਸਮ ਉਸੇ ਨਾਲ ਸੰਬੰਧਿਤ ਸੀ। ਮੁੰਡੇ ਨੇ ਰਿਬਨ ਕੱਟਿਆ ਤੇ ਸੌ ਰੁਪਿਆ ਥਾਲੀ ਵਿੱਚ ਵਗਾਹ ਮਾਰਿਆ।
“ਇੰਨੇ ਨਾਲ ਨਹੀਂ ਚਲਣਾ ਜੀਜਾ ਜੀ,” ਕੁੜੀ ਨੇ ਅੱਖਾਂ ਮਟਕਾ ਕੇ ਕਿਹਾ।
“ਹੋਰ ਕਿੰਨੇ ਨਾਲ ਸਰੇਗਾ, ਸਾਲੀ ਸਾਹਿਬਾ?
“ਇੱਕ ਲੱਖ।” ਕੁੜੀ ਦੀ ਮੁਸਕਰਾਹਟ ਮੁੰਡੇ ਨੂੰ ਅੰਦਰ ਤੱਕ ਹਿਲਾ ਗਈ।
“ਭੈਣ ਜੀ, ਮਖੌਲ ਤਾਂ ਨਹੀਂ ਕਰ ਰਹੇ…?” ਮੁੰਡਾ ਬੋਲਿਆ।
“ਜੇ ਤੁਸੀਂ ਏਅਰ ਕੰਡੀਸ਼ਨਰ ਮਖੌਲ ਨਾਲ ਮੰਗਿਆ ਹੈ ਤਾਂ ਸਮਝੋ ਮੈਂ ਵੀ…।”
“ਹੈਂ…!” ਮੁੰਡੇ ਨੇ ਸੋਚਿਆ ਸੀ, ਸਾਲੀ ਸ਼ਾਇਦ ਮਖੌਲ ਕਰ ਰਹੀ ਹੈ। ਪਰ ਉਹ ਤਾਂ ਗੰਭੀਰ ਸੀ।
ਰੌਲਾ ਪੈ ਗਿਆ। ਕੁੜੀਆਂ ਲੰਘਣ ਨਹੀਂ ਦੇ ਰਹੀਆਂ ਸਨ। ਗੱਲ ਵਧ ਗਈ। ਮੁੰਡੇ ਦੇ ਬਾਪ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਵਿੱਚ ਬੋਲਿਆ, “ਰਾਹ-ਰਾਹ ਦੀ ਗੱਲ ਕਰੋ ਬੀਬਾ। ਜਿੰਨਾ ਸ਼ਗਨ ਵਿਹਾਰ ਬਣਦਾ ਹੈ ਲੈ ਲਵੋ।”
“ਇਹ ਰਾਹ ਮਾਸੜ ਜੀ, ਥੋਡੇ ਵਰਗਿਆਂ ਦੇ ਹੀ ਬਣਾਏ ਹੋਏ ਹਨ। ਤੁਸੀਂ ਕਦ ਸਾਡੇ ਨਾਲ ਰਾਹ ਦੀ…।” ਕੁੜੀ ਗੁੱਸੇ ਵਿੱਚ ਸੀ। ਪਰ ਕੁੜੀ ਦੇ ਬਾਪ ਨੇ ਗੱਲ ਸੰਭਾਲ ਲਈ ਸੀ। ਆਖਰ ਕੁੜੀ ਵੀ ਢਲ ਗਈ ਸੀ।
“ਜੀਜਾ ਜੀ, ਮੈਂ ਤਾਂ ਦਸ ਰੁਪੈ ਲਵਾਂਗੀ। ਸਿਰਫ ਦਸ ਰੁਪੈ। ਮੈਂ ਤਾਂ ਦੇਖਣਾ ਸੀ, ਤੁਹਾਡੇ ਤੇ ਕੀ ਗੁਜ਼ਰਦੀ ਹੈ ਜਦ ਅਚਾਨਕ…।” ਕੁੜੀ ਪਿੱਛੇ ਹਟ ਗਈ ਸੀ।
ਬਰਾਤੀ ਲੰਘ ਰਹੇ ਸਨ। ਪਰ ਕੁਝ ਬਰਾਤੀਆਂ ਨੂੰ ਕੁੜੀ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਸੀ।
                                       -0-

Saturday, July 2, 2011

ਮੁਸੀਬਤ


ਵਿਵੇਕ

“ਅੱਜ ਕੰਮ ਕਿਵੇਂ ਰਿਹਾ?” ਸ਼ਾਮੀਂ ਦੁਕਾਨ ਬੰਦ ਕਰ ਘਰ ਆਏ ਬਲਦੇਵ ਨੂੰ ਉਸ ਦੀ ਮਾਂ ਨੇ ਪੁੱਛਿਆ।
ਬਲਦੇਵ ਨੇ ਲਗਾਤਾਰ ਪੰਜ ਸਾਲ ਲਾ ਕੇ ਸਕੂਟਰ ਮੋਟਰ-ਸਾਇਕਲ ਦੀ ਰਿਪੇਰਿੰਗ ਦਾ ਕੰਮ ਸਿੱਖਿਆ ਸੀ। ਤੇ ਹੁਣ ਸ਼ਹਿਰੋਂ ਪਿੰਡ ਵੱਲ ਆਉਂਦੀ ਸੜਕ ਉੱਤੇ ਦੁਕਾਨ ਕਿਰਾਏ ਤੇ ਲੈ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਕੰਮ ਦਾ ਪਹਿਲਾ ਦਿਨ ਸੀ। ਏਸੇ ਲਈ ਮਾਂ ਨੇ ਚਾਅ ਨਾਲ ਕੰਮ ਬਾਰੇ ਪੁੱਛਿਆ ਸੀ।
“ਹਾਂ ਮਾਂ, ਕੰਮ ਤਾਂ ਠੀਕ ਚੱਲ ਪਵੇਗਾ। ਕੁੱਝ ਸ਼ਹਿਰ ਦੀ ਜਾਣ-ਪਛਾਣ ਹੈ। ਤੇ ਬਾਕੀ ਦੁਕਾਨ ਵੀ ਆਪਣੇ ਪਿੰਡ ਦੇ ਰਾਹ ਤੇ ਹੈ। ਪਿੰਡ ਦੇ ਗਾਹਕ ਵੀ ਆਪਣੇ ਕੋਲ ਹੀ ਆਉਣਗੇ।” ਬਲਦੇਵ ਦੀ ਆਵਾਜ਼ ਵਿੱਚ ਨਵੇਂ ਕੰਮ ਦਾ ਜੋਸ਼ ਸੀ ਅਤੇ ਅੱਖਾਂ ਵਿੱਚ ਚੰਗੇ ਭਵਿੱਖ ਦੀ ਆਸ।
“ਚੱਲ ਪੁੱਤ, ਤੇਰਾ ਕੰਮ ਚੱਲ ਪਵੇ ਤਾਂ ਹੀ ਘਰ ਦੀ ਹਾਲਤ ਸੁਧਰੇਗੀ। ਦੋ ਭੈਣਾ ਦੇ ਵਿਆਹ ਹੁਣ ਤੇਰੇ ਹੀ ਆਸਰੇ ਹੋਣਗੇ। ਤੇਰੇ ਪਿਓ ਦੀ ਕਮਾਈ ਨਾਲ ਮਸਾਂ ਘਰ ਦਾ ਗੁਾਰਾ ਚੱਲਦੈ। ਬਾਕੀ ਤੈਨੂੰ ਪਤਾ ਹੀ ਹੈ, ਜਿਵੇਂ ਉਹ ਪੂਰੀ ਪਾਉਂਦੈ ਰਿਕਸ਼ਾ ਵਾਹ ਕੇ…ਤੁਸੀਂ ਦੋਵੇਂ ਰਲ ਮਿਲ ਘਰ ਦੀ ਜੁੰਮੇਵਾਰੀ ਚੁੱਕੋ, ” ਮਾਂ ਨੇ ਬਲਦੇਵ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ।
ਉਸੇ ਵੇਲੇ ਕਮਰੇ ਵਿੱਚ ਕਰਤਾਰ ਸਿੰਘ ਦਾਖਲ ਹੋਇਆ। ਉਸ ਦੇ ਪੈਰ ਲੜਖੜਾ ਰਹੇ ਸਨ। ਕਮਰੇ ਵਿੱਚ ਸ਼ਰਾਬ ਦੀ ਹਵਾੜ ਜਿਹੀ ਘੁਲ ਗਈ। ਕਰਤਾਰਾ ਵੀ ਕੋਲ ਆ ਮੰਜੀ ਉੱਤੇ ਬਹਿ ਗਿਆ, “ਹੋਰ ਸੁਣਾ ਕਾਕਾ, ਕੰਮ ਠੀਕ ਹੈ?
“ਹਾਂ ਬਾਪੂ, ਕੰਮ ਚੰਗਾ ਹੀ ਲੱਗਦਾ।” ਬਲਦੇਵ ਨੇ ਬਿਨਾ ਆਪਣੇ ਪਿਓ ਵੱਲ ਵੇਖਿਆਂ ਕਿਹਾ।
“ਫਿਰ ਤਾਂ ਠੀਕ ਹੈ। ਕੰਮ ਚੱਲਣਾ ਚਾਹੀਦੈ। ਮੈਂ ਤਾਂ ਇਹੋ ਚਾਹੁੰਦਾ ਹਾਂ ਬਈ ਤੇਰਾ ਕੰਮ ਚੱਲ ਪਵੇ। ਮੈਂ ਤਾਂ ਥੱਕ ਗਿਐਂ, ਮਿਹਨਤ ਮਜ਼ਦੂਰੀ ਕਰਦਿਆਂ ਕਰਦਿਆਂ। ਹੁਣ ਤੂੰ ਕੰਮ ਕਰ, ਮੈਂ ਤਾਂ ਵਿਹਲਾ ਬਹਿ ਕੇ ਖਾਵਾਂਗਾ। ਮੇਰੇ ਤੋਂ ਹੁਣ ਨਹੀਂ ਹੁੰਦਾ ਕੰਮ,” ਸਰੂਰ ਵਿੱਚ ਅੱਖਾਂ ਮੀਟਦਿਆਂ  ਕਰਤਾਰਾ ਬੋਲਿਆ।
“ਇਹ ਕੀ ਗੱਲ ਹੋਈ। ਮੁੰਡਾ ਕੰਮ ਕਰਦੈ, ਤੂੰ ਵੀ ਕੰਮ ਕਰ। ਮਿਲ ਕੇ ਘਰ ਨੂੰ ਤੋਰੋ।” ਬਲਦੇਵ ਦੀ ਮਾਂ ਬੋਲੀ।
“ਓਏ, ਤੂੰ ਐਵੇਂ ਨਾ ਬੁੜਬੁੜ ਕਰੀ ਜਾ। ਮੈਂ ਨਹੀਂ ਹੁਣ ਕੋਈ ਕੰਮ ਕਰਨਾ। ਮੈਂ ਤਾਂ ਵਿਹਲੇ ਬਹਿ ਕੇ ਖਾਣੈ।” ਕਰਤਾਰੇ ਦੀ ਆਵਾਜ਼ ਵਿੱਚ ਰੋਅਬ ਸੀ।
ਸਾਰਾ ਟੱਬਰ ਖੜਾ ਉਹਨੂੰ ਵੇਖਦਾ ਰਹਿ ਗਿਆ। ਤੇ ਕਰਤਾਰਾ ਉੱਥੇ ਹੀ ਲੋਰ ਵਿੱਚ ਗੰਢ ਜਿਹੀ ਬਣ ਕੇ ਪੈ ਗਿਆ।
                                       -0-