-moz-user-select:none; -webkit-user-select:none; -khtml-user-select:none; -ms-user-select:none; user-select:none;

Monday, November 29, 2010

ਬੀਮਾਰ


                            
ਪਾਂਧੀ ਨਨਕਾਣਵੀ

ਕਲਾਸ ਖਤਮ ਹੋਣ ਪਿੱਛੋਂ ਪ੍ਰੋ. ਅਰੋਡ਼ਾ ਨੇ ਮਿਸਿਜ ਰੀਟਾ ਨੂੰ ਪੁੱਛਿਆ, ਮਿਸਿਜ ਰੀਟਾ, ਤੂੰ ਕਈ ਦਿਨਾਂ ਤੋਂ ਕਾਲਜ ਨਹੀਂ ਆਉਂਦੀ ਰਹੀ?
ਮੇਰੇ ਹਸਬੈਂਡ ਬੀਮਾਰ ਸਨ, ਪ੍ਰੋਫੈਸਰ ਸਾਹਿਬ।
ਹੱਛਾ! ਫਿਰ ਤਾਂ ਕਾਫੀ ਕੁਝ ਪਡ਼੍ਹਾ ਚੁੱਕਾ ਮੈਂ। ਨਾਲੇ ‘ਹੀਰ’ ਬਾਰੇ ਵੀ ਆਪਣਾ ਲੈਕਚਰ ਦੇ ਚੁੱਕਾ।
ਮੈਂ ਨੋਟਸ ਲੈ ਲਵਾਂਗੀ ਆਪਣੇ ਕੁਲੀਗ ਤੋਂ, ਪ੍ਰੋਫੈਸਰ ਸਾਹਿਬ।
ਚੱਲ ਤੇਰੀ ਖਾਤਰ…ਜੇ ਤੂੰ ਸੰਡੇ ਨੂੰ ਟਾਈਮ ਕੱਢੇਂ ਤਾਂ…।
ਹਾਂ-ਹਾਂ, ਕਿਉਂ ਨਹੀਂ। ਚਲੋ ਕੱਲ ਸੰਡੇ ਐ, ਮੈਂ ਆ ਜਾਵਾਂਗੀ।
ਠੀਕ ਐ, ਠੀਕ ਚਾਰ ਵਜੇ ਸ਼ਾਮ। ਮੈਂ ਦੋ ਘੰਟਿਆਂ ਵਿਚ…ਦਰਅਸਲ ਮੇਰੀ ਇੱਛਾ ਹੈ ਕਿ ਤੂੰ ਯੂਨੀਵਰਸਿਟੀ ’ਚੋਂ ਫਸਟ ਕਲਾਸ ਫਸਟ ਆਵੇਂ।
ਥੈਂਕ ਯੂ, ਸਰ!ਮਿਸਿਜ ਰੀਟਾ ਦਿਲਕਸ਼ ਅੰਦਾਜ਼ ਵਿਚ ਮੁਸਕਰਾਈ ਤਾਂ ਪ੍ਰੋ. ਅਰੋਡ਼ਾ ਦੀਆਂ ਅੱਖਾਂ ਵਿਚ ਚਮਕ ਆ ਗਈ।
ਤੇ ਅਗਲੀ ਸ਼ਾਮ ਮਿਸਿਜ ਰੀਟਾ ਪ੍ਰੋ. ਅਰੋਡ਼ਾ ਦੇ ਘਰ ਸੀ। ਅਰੋਡ਼ਾ ਨੇ ਵੀ ਬਡ਼ੇ ਤਪਾਕ ਨਾਲ ਉਸਦਾ ਸਵਾਗਤ ਕੀਤਾ।
ਡਰਾਇੰਗ-ਰੂਮ ਵਿਚ ਵਡ਼ਦਿਆਂ ਹੀ ਰੀਟਾ ਨੇ ਪ੍ਰੋਫੈਸਰ ਸਾਹਿਬ ਦੀ ਪਤਨੀ ਨੂੰ ਗੈਰਹਾਜ਼ਰ ਵੇਖਕੇ ਪੁੱਛਿਆ, ਤੁਹਾਡੇ ਮਿਸਿਜ ਕਿੱਥੇ ਨੇ, ਪ੍ਰੋਫੈਸਰ ਸਾਹਿਬ?
ਉਹ ਤਾਂ ਜਲੰਧਰ ਗਏ ਹੋਏ ਨੇ। ਅਗਲੇ ਹਫਤੇ ਆਉਣਗੇ। ਏਸੇ ਲਈ ਮੈਂ ਕਿਹਾ ਸੀ ਕਿ ਦੋ ਘੰਟਿਆਂ ’ਚ ਸਾਰਾ ਲੈਕਚਰ…ਹੱਛਾ, ਚਾਹ ਪੀਉਗੇ ਨਾ?
ਹਾਂ-ਹਾਂ, ਮੈਂ ਆਪੇ ਬਣਾ ਲੈਨੀਂ ਐਂ, ਪ੍ਰੋਫੈਸਰ ਸਾਹਿਬ।ਤੇ ਮਿਸਿਜ ਰੀਟਾ ਕਿਚਨ ਵਿਚ ਚਲੀ ਗਈ। ਉਹ ਚਾਹ ਬਨਾਉਣ ਵਿਚ ਰੁੱਝੀ ਹੋਈ ਸੀ ਕਿ ਇਤਨੇ ਵਿਚ ਪ੍ਰੋ. ਅਰੋਡ਼ਾ ਨੇ ਉਸ ਨੂੰ ਪਿੱਛੋਂ ਆ ਘੁੱਟਿਆ।
ਓਹ, ਪ੍ਰੋਫੈਸਰ ਸਾਹਿਬ, ਇਹ ਕੀ?
ਇਹ…ਇਹ…ਹੇ…ਹੇ…ਹੈਂ…।
ਮਾਲੂਮ ਹੁੰਦੈ, ਤੁਸੀਂ ਵੀ ਬੀਮਾਰ ਓ ਅੱਜ। ਤੁਹਾਨੂੰ ਰੈਸਟ ਦੀ ਲੋਡ਼ ਏ। ਚਲੋ, ਫਿਰ ਕਦੇ ਪਡ਼੍ਹ ਲਵਾਂਗੀ ਮੈਂ।
ਤੇ ਇਹ ਕਹਿੰਦਿਆਂ ਹੋਇਆਂ ਉਹ ਕੋਠੀਉਂ ਬਾਹਰ ਨਿਕਲ ਗਈ।
ਪ੍ਰੋ. ਅਰੋਡ਼ਾ ਦੇ ਚਿਹਰੇ ਦਾ ਰੰਗ ਇੰਜ ਪੀਲਾ ਜ਼ਰਦ ਹੋ ਗਿਆ, ਜਿਵੇਂ ਉਹ ਸੱਚਮੁਚ ਹੀ ਬੀਮਾਰ ਹੋਵੇ।
                                                -0-

No comments: