-moz-user-select:none; -webkit-user-select:none; -khtml-user-select:none; -ms-user-select:none; user-select:none;

Thursday, November 18, 2010

ਮੋਢਾ


                                
ਸਤਿਪਾਲ ਖੁੱਲਰ
 ਉਸਦਾ ਦੋਸਤ ਮਰ ਗਿਆ ਸੀ। ਉਂਜ ਤਾਂ ਉਸਨੇ ਜ਼ਿੰਦਗੀ ਵਿਚ ਕਈਆਂ ਨਾਲ ਦੋਸਤੀ ਪਾਈ ਸੀ। ਪਰ ਬਹੁਤਿਆਂ ਨਾਲ ਉਹ ਨਿਭਾ ਨਹੀਂ ਸੀ ਸਕਿਆ। ਮੂੰਹ ਤੇ ਸੱਚੀ ਗੱਲ ਕਹਿਣ ਦੀ ਆਦਤ ਨੇ ਉਸਨੂੰ ਸਾਰੇ ਦੋਸਤਾਂ ਨਾਲੋਂ ਅਲੱਗ-ਥਲੱਗ ਕਰ ਦਿੱਤਾ ਸੀ। ਇੱਥੋਂ ਤਕ ਕਿ ਕਈ ਰਿਸ਼ਤੇਦਾਰ ਵੀ ਮੂੰਹ ਮੋਡ਼ ਗਏ ਸਨ। ਬਸ ਇਹੀ ਦੋਸਤ ਰਹਿ ਗਿਆ ਸੀ ਤੇ ਅੱਜ ਉਸਦੀ ਵੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਜਿਵੇਂ।
ਉਹ ਤੇ ਉਹਦੀ ਪਤਨੀ ਭਰੇ ਮਨ ਨਾਲ ਦੋਸਤ ਦੇ ਘਰ ਪਹੁੰਚੇ ਸਨ। ਪਤਨੀ ਔਰਤਾਂ ਵਿਚ ਬੈਠੀ ਮਰਨ ਵਾਲੇ ਦੀ ਪਤਨੀ ਦੇ ਗਲ ਲੱਗ ਕੇ ਰੋ ਰਹੀ ਸੀ। ਉਹ ਮਰਦਾਂ ਵਿਚ ਜਾ ਬੈਠਾ ਸੀ। ਸੱਥਰ ਤੇ ਉਹਦੇ ਦੋਸਤ ਦੇ ਤਾਏ ਚਾਚੇ, ਉਹਨਾਂ ਦੇ ਪੁੱਤਰ ਤੇ ਹੋਰ ਬਾਹਰੋਂ ਆਏ ਬੈਠੇ ਸਨ। ਉਹ ਨੀਂਵੀਂ ਪਾਈ ਬੈਠਾ ਹੰਝੂ ਕੇਰਦਾ ਰਿਹਾ। ਕੀਹਦੇ ਗਲ ਨਾਲ ਲੱਗ ਕੇ ਰੋਂਦਾ? ਸੱਥਰ ਤੇ ਬੈਠਿਆਂ ਦੀਆਂ ਗੱਲਾਂ ਸੁਣ-ਸੁਣ ਉਹ ਹੈਰਾਨ ਹੁੰਦਾ ਰਿਹਾ। ਸਭ ਕਾਰੋਬਾਰੀ ਗੱਲਾਂ ਕਰ ਰਹੇ ਸਨ।
ਪਿਛਲੇ ਸਾਲ ਦੀ ਗੱਲ ਹੈ ਜਦ ਉਸਦੇ ਇਸ ਦੋਸਤ ਦਾ ਪਿਉ ਮਰਿਆ ਸੀ। ਉਹ ਦੋਸਤ ਦੇ ਗਲ ਲੱਗ ਕੇ ਕਿੰਨਾਂ ਰੋਇਆ ਸੀ। ਸੱਥਰ ਤੇ ਕਾਨਾਫੂਸੀ ਹੋਣ ਲੱਗ ਪਈ ਸੀ। ਇਹ ਕੌਣ ਹੈ? ਇਸਨੂੰ ਸਾਡੇ ਨਾਲੋਂ ਜ਼ਿਆਦਾ ਦੁੱਖ ਤਾਂ ਨਹੀਂ! ਕਿਸੇ ਨੇ ਉੱਚੀ ਬੋਲ ਵੀ ਕੱਢ ਮਾਰਿਆ ਸੀ। ਮਾਂ ਤਾਂ ਬਹੁਤ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਗਈ ਸੀ।
 ਸਸਕਾਰ ਕਰਾ ਕੇ ਉਹ ਪਤਨੀ ਨਾਲ ਆਪਣੇ ਘਰ ਆ ਗਿਆ। ਮਨ ਭਰਿਆ ਹੋਇਆ ਸੀ। ਸ਼ਾਮ ਨੂੰ ਉਸਦੀ ਪਤਨੀ ਰੋਟੀ ਪੁੱਛਣ ਆਈ ਤਾਂ ਮਰਨ ਵਾਲੇ ਦੀਆਂ ਗੱਲਾਂ ਚੱਲ ਪਈਆਂ। ਮਨ ਦਾ ਫੋਡ਼ਾ ਫਿਸ ਪਿਆ। ਉਹਨੇ ਆਪਣੀ ਪਤਨੀ ਦੇ ਗੱਲ ਲੱਗ ਕੇ ਉੱਚੀ ਸਾਰੀ ਧਾਹ ਮਾਰੀ, ਹਾਏ ਓਏ ਮੇਰੇ ਮਿੱਤਰਾ! ਤੂੰ ਮੈਨੂੰ ਇਕੱਲਾ…
ਪਤਨੀ ਦੀਆਂ ਵੀ ਭੁੱਬਾਂ ਨਿਕਲ ਗਈਆਂ। ਕਿੰਨਾਂ ਹੀ ਚਿਰ ਉਹ ਦੋਵੇਂ ਇਕ ਦੂਜੇ ਦੇ ਗਲ ਲੱਗ ਕੇ ਰੋਂਦੇ ਰਹੇ।
                                                     -0-

No comments: