-moz-user-select:none; -webkit-user-select:none; -khtml-user-select:none; -ms-user-select:none; user-select:none;

Thursday, November 11, 2010

ਚੌਧਰ


                                      
ਭੀਮ ਸਿੰਘ ਗਰਚਾ

ਰੌਣਕੀ ਗੁੱਸੇ ਜਿਹੇ ਨਾਲ ਰਾਮ ਲਾਲ ਰਾਮਦਾਸੀਏ ਦੇ ਘਰ ਵਿਚ ਵਡ਼ਦਾ ਹੀ ਕਡ਼ਕਵੀਂ ਆਵਾਜ਼ ਵਿਚ ਬੋਲਿਆ, ਓਏ ਮੁੰਡਿਓ, ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਐ, ਅੱਜ ਤੁਹਾਡੀ ਮਾਂ ਸਾਡੇ ਖੇਤ ’ਚੋਂ ਚੋਰੀ ਪੱਠੇ ਵੱਢ ਕੇ ਲਿਆਈ ਐ। ਜੇ ਮੈਂ ਵੇਖ ਲੈਂਦਾ ਤਾਂ ਹਰਾਮਜ਼ਾਦੀ ਨੂੰ ਗੁੱਤੋਂ ਫਡ਼ ਲੈਂਦਾ…।
ਵਿਹਡ਼ੇ ਵਿਚ ਡਾਹੇ ਮੰਜੇ ਉੱਤੇ ਆਰਾਮ ਨਾਲ ਬੈਠੇ ਰਾਮ ਲਾਲ ਦੇ ਦੋਵੇਂ ਮੁੰਡੇ ਇੱਕਦਮ ਗੁੱਸੇ ਨਾਲ ਉੱਠੇ ਤੇ ਝੱਟ ਰੌਣਕੀ ਨੂੰ ਆ ਚਿੰਬਡ਼ੇ। ਉਹਨਾਂ ਵਿੱਚੋਂ ਇਕ ਤੈਸ਼ ਵਿਚ ਆ ਕੇ ਬੋਲਿਆ, ਤੂੰ ਸਾਡੀ ਮਾਂ ਨੂੰ ਗੁੱਤੋਂ ਫਡ਼ਨ ਵਾਲਾ ਕੌਣ ਹੁਨੈਂ?
ਉਸੇ ਵੇਲੇ ਰਾਮ ਲਾਲ ਕਮਰੇ ਵਿੱਚੋਂ ਬਾਹਰ ਨਿਕਲਿਆ ਤੇ ਰੌਣਕੀ ਨੂੰ ਬਾਂਹ ਤੋਂ ਫਡ਼ਦਾ ਹੋਇਆ ਬਡ਼ੀ ਹਲੀਮੀ ਨਾਲ ਬੋਲਿਆ, ਰੌਣਕ ਸਿਆਂ, ਕਿਉਂ ਖਹਿਬਡ਼ਦੈਂ ਇਨ੍ਹਾਂ ਨਿਆਣਿਆਂ ਨਾਲ…? ਆ ਕੋਈ ਕੰਮ ਦੀ ਗੱਲ ਕਰੀਏ।
ਰਾਮ ਲਾਲ ਨੇ ਰੌਣਕੀ ਨੂੰ ਕਮਰੇ ਵਿਚ ਲਿਜਾਕੇ ਮੰਜੇ ਉੱਤੇ ਬਿਠਾ ਦਿੱਤਾ ਤੇ ਆਪ ਉਸਦੇ ਪੈਰਾਂ ਵਿਚ ਬੈਠਦਾ ਹੋਇਆ ਆਪਣੇ ਬੁੱਲ੍ਹਾਂ ਤੇ ਖਚਰੀ ਜਿਹੀ ਮੁਸਕਾਣ ਲਿਆਉਂਦਾ ਹੋਇਆ ਬੋਲਿਆ, ਰੌਣਕ ਸਿਆਂ, ਸਰਪੰਚੀ ਦੀ ਚੋਣ ਸਿਰ ਤੇ ਆ ਗਈ ਐ। ਸਾਡੇ ਸਾਰੇ ਵਿਹਡ਼ੇ ਨੇ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਐ ਕਿ ਇਸ ਵਾਰ ਪਿੰਡ ਦਾ ਸਰਪੰਚ ਤੇਰੇ ਬਾਪ ਮਿਲਖਾ ਸਿੰਘ ਨੂੰ ਬਣਾਇਆ ਜਾਵੇ। ਉਸ ਤੋਂ ਸਿਆਣਾ ਬੰਦਾ ਸਾਨੂੰ ਪਿੰਡ ’ਚ ਹੋਰ ਕੋਈ ਨਹੀਂ ਦਿੱਸਦਾ।
ਰੌਣਕੀ ਦੇ ਚਿਹਰੇ ਤੋਂ ਗੁੱਸੇ ਦੇ ਹਾਵ-ਭਾਵ ਇਕਦਮ ਉਡਾਰੀ ਮਾਰ ਗਏ ਤੇ ਉਸਦੇ ਅੰਦਰ ਇਕ ਖੁਸ਼ੀ ਦੀ ਲਹਿਰ ਜਿਹੀ ਕੰਬਣ ਲੱਗੀ। ਇਸ ਮੁੱਦੇ ਤੇ ਉਸ ਨੇ ਰਾਮ ਲਾਲ ਨਾਲ ਹੋਰ ਕਈ ਗੱਲਾਂ ਕੀਤੀਆਂ। ਫੇਰ ਕਮਰੇ ਤੋਂ ਬਾਹਰ ਆ ਕੇ ਉਸਨੇ ਮੁੰਡਿਆਂ ਨੂੰ ਸੰਬੋਧਨ ਕਰਦਿਆਂ ਕਿਹਾ, ਪੁੱਤਰੋ, ਮੈਂ ਤਾਂ ਤੁਹਾਡੇ ਨਾਲ ਹੱਸ ਰਿਹਾ ਸੀ। ਪੱਠਿਆਂ ਸਾਲਿਆਂ ਨੇ ਕਿਤੇ ਨਾਲ ਜਾਣੈ। ਹੁਣ ਤਾਂ ਸਾਡੇ ਸਾਰੇ ਖੇਤ ਤੁਸੀਂ ਆਪਣੇ ਹੀ ਸਮਝੋ।
ਦੋਵੇਂ ਮੁੰਡੇ ਹੱਕੇ-ਬੱਕੇ ਹੋਏ ਰੌਣਕੀ ਵੱਲ ਵੇਖ ਰਹੇ ਸਨ।
                                                         -0-

No comments: