-moz-user-select:none; -webkit-user-select:none; -khtml-user-select:none; -ms-user-select:none; user-select:none;

Friday, December 10, 2010

ਐਡਜੈਸਟਮੈਂਟ


ਸੁਖਮਿੰਦਰ ਸੇਖੋਂ

ਸ਼ੇਰ ਸਿੰਘ ਬੋਲਿਆ, ਯਾਰ! ਕੁਝ ਨੀਂ ਸਾਲੀ ਆਪਣੀ ਵੀ ਜ਼ਿੰਦਗੀ, ਬਸ ਧੰਦ ਈ ਪਿੱਟਦੇ ਆਂ।
ਹਾਂ, ਇਹ ਤਾਂ ਹੈ ਹੀ। ਨੌਕਰੀ ’ਚ ਕੀ ਬਣਦੈ! ਅਫਸਰਾਂ ਨੂੰ ਮੌਜਾਂ ਨੇ ਜਾਂ ਫੇਰ ਬਿਜਨੈਸਮੈਨ ਐਸ਼ ਕਰਦੇ ਨੇ।
ਰਾਮ ਲਾਲ ਨੇ ਸ਼ੇਰ ਸਿੰਘ ਦੀ ਗੱਲ ਨੂੰ ਹੋਰ ਵਿਸਥਾਰ ਦਿੱਤਾ।
ਹਾਂ, ਹੁਣ ਇਹ ਆਪਣਾ ਅਫਸਰ ਈ ਲੈ ਲਵੋ। ਚੰਗੀ ਤਨਖਾਹ ਤੇ ਹੋਰ ਛੱਤੀ ਪ੍ਰਕਾਰ ਦੀਆਂ ਸਹੂਲਤਾਂ। ਉਪਰਲੀ ਕਮਾਈ ਵੱਖਰੀ।
ਸ਼ੇਰ ਸਿੰਘ ਨੇ ਗੱਲਬਾਤ ਨੂੰ ਹੋਰ ਸਪੱਸ਼ਟ ਕੀਤਾ।
ਆਪਣਾ ਅਫਸਰ ਹੈ ਵੀ ਸਾਲਾ ਬਹੁਤ ਚਲਦਾ ਪੁਰਜਾ। ਪਤਾ ਨੀ ਕਿਸ ਤਰ੍ਹਾਂ ਸਾਮੀਆਂ  ਦੀਆਂ ਜੇਬਾਂ ’ਚੋਂ ਪੈਸੇ ਕਢਵਾ ਲੈਂਦੈ।
ਤੇ ਹੋਰ ਕੀ! ਤਨਖਾਹ ’ਚ ਤਾਂ ਸਾਲਾ ਗੁਜ਼ਾਰਾ ਈ ਮੁਸ਼ਕਲ ਨਾਲ ਚੱਲਦੈ। ਪਰ ਇਹਨੇ ਉਪਰਲੀ ਕਮਾਈ ’ਚੋਂ ਲੱਖਾਂ ਦੀ ਜ਼ਮੀਨ ਜਾਇਦਾਦ ਬਣਾ ਲਈ। ਸ਼ਹਿਰ ’ਚ ਇਹਨੇ ਕਈ ਦੁਕਾਨਾਂ ਬਣਾਕੇ ਕਿਰਾਏ ’ਤੇ ਚਾਡ਼੍ਹੀਆਂ ਹੋਈਆਂ ਨੇ।
ਸ਼ੇਰ ਸਿੰਘ ਨੇ ਗੱਲ ਦਾ ਸਿਲਸਿਲਾ ਅਗਾਂਹ ਤੋਰਦਿਆਂ ਕਿਹਾ, ਅਯਾਸ਼ ਵੀ ਹੱਦ ਦਰਜੇ ਦਾ ਐ, ਆਪਣੇ ਦਫਤਰ ਦੀਆਂ ਕਈ ਕੁਡ਼ੀਆਂ ਇਹਨੇ ਖਰਾਬ ਕੀਤੀਆਂ ਨੇ। ਸੁਣਿਐ ਆਪਣੇ ਕੰਮ ਕਢਵਾਉਣ ਲਈ ਇਹ ਕੁਡ਼ੀਆਂ ਉੱਪਰਲੇ ਲੈਵਲ ਤੇ ਵੀ ਪੇਸ਼ ਕਰਦੈ।
ਸ਼ੇਰ ਸਿੰਘ ਨੇ ਕਹਾਣੀ ਸਿਰੇ ਲਾ ਛੱਡੀ।
ਡੈਡੀ ਚਾਹ!ਅਚਾਨਕ ਉਹਨਾਂ ਦੀ ਗੱਲਬਾਤ ਦੀ ਲਡ਼ੀ ਟੁੱਟ ਗਈ ਜਦੋਂ ਸ਼ੇਰ ਸਿੰਘ ਦੀ ਜਵਾਨ ਕੁਡ਼ੀ ਚਾਹ ਦੀ ਟਰੇਅ ਟੇਬਲ ਤੇ ਟਿਕਾ ਕੇ ਚਲੀ ਗਈ।
ਆਹ ਆਪਣੀ ਗੁੱਡੀ ਵੀ ਕਾਫੀ ਵੱਡੀ ਹੋ ਗਈ। ਕਿਹਡ਼ੀ ਕਲਾਸ ’ਚ ਪਡ਼੍ਹਦੀ ਐ?ਰਾਮ ਲਾਲ ਨੇ ਸਰਸਰੀ ਤੌਰ ਤੇ ਪੁੱਛਿਆ।
ਇਹ…ਇਹਨੇ ਤਾਂ ਬੀ.ਏ. ਕੀਤੀ ਐ ਪਿਛਲੇ ਸਾਲ। ਟਾਈਪ ਸਿੱਖਣ ਲਾਈ ਐ। ਸੋਚਦੈਂ ਯਾਰ, ਆਪਣੇ ਅਫਸਰ ਨੂੰ ਕਹਿਕੇ ਇਹਨੂੰ ਵੀ ਆਪਣੇ ਦਫਤਰ ’ਚ ਈ ਕਿਤੇ ਐਡਜਸਟ…।
ਅਗਾਂਹ ਜਿਵੇਂ ਸ਼ੇਰ ਸਿੰਘ ਦੇ ਗਲ ਵਿਚ ਕੁਝ ਅਟਕ ਗਿਆ। ਉਸ ਤੋਂ ਵਾਕ ਪੂਰਾ ਨਾ ਹੋ ਸਕਿਆ।
                                                     -0-

No comments: