-moz-user-select:none; -webkit-user-select:none; -khtml-user-select:none; -ms-user-select:none; user-select:none;

Thursday, September 23, 2010

ਜਿਉਂਦੇ ਲੋਕ


ਡਾ. ਹਰਭਜਨ ਸਿੰਘ

ਸਡ਼ਕ ਤੇ ਜਾਂਦਿਆਂ ਜਿਉਂ ਹੀ ਮੈਂ ਆਪਣਾ ਸਕੂਟਰ ਸੱਜੇ ਪਾਸੇ ਮੋਡ਼ਿਆ ਤਾਂ ਸਾਹਮਣਿਉਂ ਆਉਂਦਾ ਇਕ ਸਾਈਕਲ ਸਵਾਰ ਆਪਣਾ ਸੰਤੁਲਨ ਗੁਆ ਬੈਠਾ ਤੇ ਡਿੱਗ ਪਿਆ। ਇੰਨੇ ਨੂੰ ਮੈਂ ਮੋਡ਼ ਕੱਟ ਚੁੱਕਿਆ ਸੀ। ਮੈਂ ਪਿੱਛੋਂ ਮੁਡ਼ ਕੇ ਦੇਖਿਆ ਉਹਦੀ ਇਕ ਬਾਂਹ ਨਹੀਂ ਸੀ। ਚਲਦੇ-ਚਲਦੇ ਮੈਂ ਸੋਚਿਆ, ਪਈ ਉੱਤਰ ਕੇ ਪਤਾ ਲਵਾਂ, ਪਰ ਪਤਾ ਨਹੀਂ ਕਿਹਡ਼ੀ ਕਾਹਲੀ ਵਿੱਚ ਸਾਂ ਕਿ ਆਪਣੇ ਆਪ ਨੂੰ ਰੋਕ ਹੀ ਨਾ ਸਕਿਆ। ਰਾਤ ਨੂੰ ਜਦ ਰੋਟੀ ਖਾਣ ਲੱਗਿਆ ਤਾਂ ਰੋਟੀ ਅੰਦਰ ਹੀ ਨਾ ਲੰਘੇ। ਮਨ ਬਾਰ ਬਾਰ ਲਾਹਨਤਾਂ ਪਾਵੇ, ਬਈ ਉੱਤਰ ਕੇ ਉਹਦੀ ਮਦਦ ਕਿਉਂ ਨਾ ਕੀਤੀ, ਮੁਆਫੀ ਕਿਉਂ ਨਾ ਮੰਗੀ। ਇਹਨਾਂ ਸੋਚਾਂ ਵਿਚ ਹੀ ਰਾਤ ਲੰਘ ਗਈ।
ਅਗਲੇ ਦਿਨ ਮੈਂ ਸਕੂਟਰ ਚੁੱਕਿਆ ਤੇ ਉਸ ਚੌਂਕ ਵਿਚ ਪਹੁੰਚ ਗਿਆ। ਉੱਥੇ ਇਕ ਰੇਹਡ਼ੀ ਵਾਲੇ ਨੂੰ ਪੁੱਛਿਆ ਕਿ ਕੱਲ੍ਹ ਜੋ ਬੰਦਾ ਸਾਈਕਲ ਤੋਂ ਡਿੱਗਿਆ ਸੀ, ਉਸ ਬਾਰੇ ਦੱਸੋ। ਰੇਹਡ਼ੀ ਵਾਲੇ ਨੇ ਦੱਸਿਆ, ਪਈ ਉਹ ਤਾਂ ਇਕ ਬਾਂਹ ਵਾਲਾ ਤੇਜੂ ਹੈ, ਫੈਕਟਰੀ ਵਿਚ ਕੰਮ ਕਰਦਾ ਹੈ ਤੇ ਸ਼ਾਮ ਨੂੰ ਰੋਜ਼ ਇੱਥੋਂ ਲੰਘਦਾ ਹੈ।
ਮੈਂ ਸ਼ਾਮ ਵੇਲੇ ਉੱਥੇ ਜਾ ਕੇ ਖਡ਼ਾ ਹੋ ਗਿਆ। ਥੋਡ਼੍ਹੀ ਦੇਰ ਬਾਅਦ ਮੈਂ ਦੇਖਿਆ, ਉਹ ਇਕ ਬਾਂਹ ਨਾਲ ਹੌਲੀ ਹੌਲੀ ਸਾਈਕਲ ਚਲਾਉਂਦਾ ਆ ਰਿਹਾ ਸੀ। ਕੋਲ ਆਉਣ ਤੇ ਮੈਂ ਉਸਨੂੰ ਰੋਕ ਲਿਆ ਤੇ ਆਖਿਆ, ਭਾਈ ਸਾਹਿਬ, ਮੈਂ ਉਹੀ ਬੰਦਾ ਹਾਂ ਜਿਸ ਦੀ ਵਜਾਹ ਨਾਲ ਤੁਸੀਂ ਕੱਲ੍ਹ ਇੱਥੇ ਡਿਗ ਪਏ ਸਉ, ਮੈਂ ਆਇਆ ਹਾਂ।ਇੰਨਾ ਕਹਿ ਕੇ ਮੈਂ ਉਹਨੂੰ ਜੱਫੀ ਵਿਚ ਲੈ ਲਿਆ।
ਉਹ ਹੱਸ ਪਿਆ, ਭਾਅ ਜੀ, ਅਸੀਂ ਤਾਂ ਰੋਜ਼ ਹੀ ਕਈ ਠੋਕਰਾਂ ਖਾਈਦੀਆਂ ਨੇ, ਇਹ ਕਿਹਡ਼ੀ ਵੱਡੀ ਗੱਲ ਹੋ ਗਈ। ਮੈਨੂੰ ਤੇ ਕੱਲ੍ਹ ਵਾਲੀ ਗੱਲ ਦਾ ਉੱਕਾ ਹੀ ਚੇਤਾ ਭੁੱਲ ਗਿਆ।ਏਨਾ ਕਹਿੰਦਿਆਂ ਉਹਨੇ ਆਪਣੇ ਇਕ ਹੱਥ ਨਾਲ ਮੇਰੀ ਪਿੱਠ ਤੇ ਥਾਪਡ਼ਾ ਮਾਰਿਆ।
ਉਸਦੇ ਥਾਪਡ਼ੇ ਵਿਚ ਮੇਰੀਆਂ ਦੋਨੋਂ ਬਾਹਵਾਂ ਨਾਲੋਂ ਕਿਤੇ ਵੱਧ ਤਾਕਤ ਸੀ ਤੇ ਇਉਂ ਜਾਪਣ ਲੱਗ ਪਿਆ ਜਿਵੇਂ ਉਹਦੀ ਦ੍ਰਿਡ਼ਤਾ ਸਾਹਮਣੇ ਮੇਰੀਆਂ ਦੋਨੋਂ ਬਾਹਵਾਂ ਢਿੱਲੀਆਂ ਪੈ ਰਹੀਆਂ ਹੋਣ।
                                                  -0-

No comments: