ਸੰਜੀਵ ਛਾਬੜਾ
ਉਜਾਗਰ ਸਿੰਘ ਪੰਝਤਰਾਂ ਨੂੰ ਪਾਰ ਕਰ ਚੁੱਕਿਆ ਸੀ। ਉਹ ਪਿਛਲੇ ਦਸ ਦਿਨਾਂ ਤੋਂ ਮੰਜੇ ਤੇ ਪਿਆ ਸੀ। ਵਾਰੀ ਦਾ ਬੁਖਾਰ ਆਇਆ ਸੀ। ਉਸਦੀ ਧਰਮ ਪਤਨੀ ਗੁਰਨਾਮ ਕੌਰ ਉਸਨੂੰ ਬਡ਼ਾ ਹੌਂਸਲਾ ਦੇਂਦੀ, ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ। ਪਿਛਲੇ ਪੰਜ-ਸੱਤ ਸਾਲਾਂ ਤੋਂ ਨਰਮੇ ਦੀ ਫਸਲ ਵੀ ਮਾਰੀ ਗਈ ਸੀ। ਬੈਂਕ ਤੇ ਆਡ਼੍ਹਤੀਏ ਦਾ ਕਰਜਾ ਸਿਰ ਤੋਂ ਉੱਚਾ ਹੋ ਗਿਆ ਸੀ।
ਬੀਮਾਰ ਹੋਣ ਤੋਂ ਪਹਿਲਾਂ ਉਜਾਗਰ ਸਿੰਘ ਆਡ਼੍ਹਤੀਏ ਰਾਧੇ ਸ਼ਿਆਮ ਕੋਲ ਸੱਤ-ਅੱਠ ਵਾਰੀ ਹੋ ਆਇਆ ਸੀ। ਪਰ ਆਡ਼੍ਹਤੀਆ ਸੀ ਕਿ ਪੈਸੇ ਵੱਲੋਂ ਕੋਈ ਉਂਗਲ-ਅੰਗੂਠਾ ਨਹੀਂ ਫਡ਼ਾਉਂਦਾ ਸੀ। ਗੁਰਨਾਮ ਕੌਰ ਨੇ ਸਵੇਰੇ ਚੁੱਲ੍ਹਾ-ਚੌਂਕਾ ਕੀਤਾ ਤੇ ਉਜਾਗਰ ਸਿੰਘ ਕੋਲ ਮੰਜੇ ਉੱਤੇ ਬੈਠਦਿਆਂ ਕਿਹਾ, “ਸਰਦਾਰਾ…ਅੱਜ ਮੈਂ…ਜਾਵਾਂ ਚੌਧਰੀ ਰਾਧੇ ਸ਼ਿਆਮ ਕਿਆਂ ਦੇ? ਕੀ ਹੋਇਆ ਬੰਦੇ ਦੇ ਮਾਡ਼ੇ-ਚੰਗੇ ਦਿਨ ਆਉਂਦੇ ਈ ਰਹਿੰਦੇ ਨੇ। ਕੀ ਅਸੀਂ ਹੁਣ ਭੁੱਖੇ ਮਰ ਜਾਈਏ? ਤਿੰਨ ਪੀਡ਼੍ਹੀਆਂ ਤੋਂ ਆਪਣੇ ਤੇ ਉਨ੍ਹਾਂ ਦੇ ਪਰਿਵਾਰ ਦਾ ਸਾਥ ਚਲਦਾ ਆ ਰਿਹੈ।”
ਉਜਾਗਰ ਸਿੰਘ ਚਾਹੁੰਦਾ ਹੋਇਆ ਵੀ ਨਾ ਰੋਕ ਸਕਿਆ।
ਗੁਰਨਾਮ ਕੌਰ ਪਿੰਡ ਚੌਧਰੀਵਾਲ ਤੋਂ ਸ਼ਹਿਰ ਵੱਲ ਨੂੰ ਜਾਂਦੀ ਹੋਈ ਸੋਚਦੀ ਜਾ ਰਹੀ ਸੀ– ‘ਅੱਜ ਉਸਦੇ ਚਾਰ ਪੁੱਤਰ ਆਪਣੇ ਘਰ-ਪਰਿਵਾਰ ਵਾਲੇ ਹੋ ਗਏ ਹਨ, ਪਰ ਉਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦੇ ਹਨ। ਫਿਰ ਦੂਸਰੇ ਪਲ ਸੋਚਣ ਲਗਦੀ ਕਿ ਉਹ ਕਿਹਡ਼ਾ ਘਰੋਂ ਸੌਖੇ ਹਨ। ਉਹ ਵੀ ਤਾਂ ਫਸਲ ਨਾ ਹੋਣ ਕਰਕੇ ਕਰਜਾਈ ਹੋਏ ਪਏ ਹਨ। ਫਿਰ ਸੁਖ ਨਾਲ ਪਰਿਵਾਰ ਵੀ ਉਨ੍ਹਾਂ ਦਾ ਵੱਡਾ ਸੀ।’
ਇਹ ਸੋਚਦੀ ਹੋਈ ਗੁਰਨਾਮ ਕੌਰ ਚੌਧਰੀ ਰਾਧੇ ਸ਼ਿਆਮ ਦੀ ਆਡ਼੍ਹਤ ਤੇ ਪਹੁੰਚ ਗਈ। ਉੱਥੇ ਪਹੁੰਚਣ ਤੇ ਪਤਾ ਚੱਲਿਆ ਕਿ ਚੌਧਰੀ ਰਾਧੇ ਸ਼ਿਆਮ ਕੁਝ ਦਿਨਾਂ ਤੋਂ ਆਡ਼੍ਹਤ ਤੇ ਨਹੀਂ ਆ ਰਿਹਾ ਸੀ। ਉਸਨੇ ਉਹਨੂੰ ਘਰ ਮਿਲਣ ਦੀ ਸੋਚੀ।
ਚੌਧਰੀ ਰਾਧੇ ਸ਼ਿਆਮ ਆਪਣੇ ਘਰ ਦੇ ਡਰਾਇੰਗ ਰੂਮ ਵਿਚ ਕੁਝ ਬਾਬੂ ਲੋਕਾਂ ਨਾਲ ਬੈਠਾ ਹੋਇਆ ਪਰੇਸ਼ਾਨ ਨਜ਼ਰ ਆ ਰਿਹਾ ਸੀ।
“ਆ ਚਾਚੀ! ਕਿਵੇਂ ਆਉਣਾ ਹੋਇਆ?” ਰਾਧੇ ਸ਼ਿਆਮ ਨੇ ਉੱਠ ਕੇ ਗੁਰਨਾਮ ਕੌਰ ਨੂੰ ਸਿਰ ਨਿਵਾਉਂਦੇ ਹੋਏ ਕਿਹਾ।
“ਪੁੱਤ!…ਤੇਰਾ ਚਾਚਾ ਬਹੁਤ ਬੀਮਾਰ ਐ। ਘਰ ਦੇ ਰਾਸ਼ਨ-ਪਾਣੀ ਤੇ ਕਪਡ਼ੇ ਲੀਡ਼ੇ ਲਈ ਪੰਜ ਹਜ਼ਾਰ ਰੁਪਏ ਚਾਹੀਦੇ ਸੀ।” ਗੁਰਨਾਮ ਕੌਰ ਨੇ ਰਾਧੇ ਸ਼ਿਆਮ ਦੀ ਪਿੱਠ ਤੇ ਹੱਥ ਫੇਰਦੇ ਹੋਏ ਕਿਹਾ।
“ਚਾਚੀ!…ਪੈਸਾ ਤਾਂ ਹੈ ਨਹੀਂ! ਤੈਨੂੰ ਪਤਾ ਈ ਐ, ਪਿਛਲੇ ਚਾਰ-ਪੰਜ ਸਾਲ ਤੋਂ ਫਸਲ ਦੀ ਮਾਰ ਕਰਕੇ, ਫੈਕਟਰੀ ਬਹੁਤ ਬੁਰੀ ਤਰ੍ਹਾਂ ਘਾਟੇ ’ਚ ਐ। ਤੇ ਫਿਰ ਕੁਝ ਵੱਡੇ ਘਰ ਵੀ…ਪੈਸੇ ਲੈ ਕੇ…ਤੂੰ ਵੇਖਦੀ ਪਈ ਐਂ, ਕਮਰੇ ’ਚ ਬੈਠੇ ਇਹ ਬੈਂਕ ਵਾਲੇ ਮੇਰੇ ਘਰ ਤੇ ਫੈਕਟਰੀ ਦੀ ਕੁਰਕੀ ਕਰਨ ਨੂੰ ਫਿਰਦੇ ਨੇ।” ਰਾਧੇ ਸ਼ਿਆਮ ਨੇ ਠੰਡਾ ਹਉਕਾ ਲੈਂਦੇ ਹੋਏ ਕਿਹਾ।
ਗੁਰਨਾਮ ਕੌਰ ਨੂੰ ਹੁਣ ਆਪਣਾ ਆਪ ਭਾਰਾ-ਭਾਰਾ ਜਾਪ ਰਿਹਾ ਸੀ।
-0-
No comments:
Post a Comment