-moz-user-select:none; -webkit-user-select:none; -khtml-user-select:none; -ms-user-select:none; user-select:none;

Saturday, September 11, 2010

ਬਲੈਂਕ ਕਾਲ





ਹਰਮਨਜੀਤ

             ਟੈਲੀਫੋਨ ਦੀ ਘੰਟੀ ਵੱਜਦੀ ਹੈ।
             “ਹੈਲੋ…ਹੈਲੋ?…ਹੈਲੋ?”
             ਪਿਛਲੇ ਵੀਹਾਂ ਮਿੰਟਾਂ ਵਿਚ ਚਾਰ ਵਾਰ ਇੰਜ ਹੀ ਬਲੈਂਕ ਕਾਲਾਂ ਆਈਆਂ ਹਨ ਅਤੇ ਹਰ ਵਾਰ ਵਰਮਾ ਸਾਹਿਬ ਪਰੇਸ਼ਾਨ ਹੋ ਕੇ ਰਹਿ ਗਏ ਹਨ।
            “ਪਤਾ ਨਹੀਂ ਕੌਣ ਐ? ਐਵੇਂ ਤੰਗ ਕਰੀ ਜਾਂਦੇ ਐ…ਦੁਨੀਆਂ ਕੋਲ ਸਾਲਾ ਪੈਸਾ ਵਾਧੂ ਆਇਆ ਲੱਗਦਾ। ਲੋਕਾਂ ਨੇ ਆਪਣੇ ਨਿਆਣੇ ਵਿਗਾਡ਼ ਰੱਖੇ ਨੇ…।” ਵਰਮਾ ਸਾਹਿਬ ਗੁੱਸੇ ਵਿਚ ਲਾਲ ਪੀਲੇ ਹੋਏ ਸ਼੍ਰੀਮਤੀ ਵਰਮਾ ਨੂੰ ਮਖ਼ਾਤਿਬ ਹੁੰਦੇ ਹਨ।
            “ਕੁਮਾਰ ਦੇ ਘਰ ਐਂ ਈ ਕਾਲਾਂ ਆਉਂਦੀਆਂ ਸਨ, ਜੇ ਕੋਈ ਮਰਦ ਚੁੱਕਦਾ ਤਾਂ ਕੱਟ ਦਿੰਦਾ, ਤੇ ਜੇ ਕੋਈ ਔਰਤ ਚੁੱਕਦੀ ਤਾਂ ਉਲਟੀਆਂ-ਸਿੱਧੀਆਂ ਗੱਲਾਂ ਕਰਨ ਲੱਗ ਜਾਂਦਾ। ਉਹਨੇ ਆਈ.ਡੀ. ਕਾਲਰ ਲਵਾਇਆ ਹੁਣ।” ਸ਼੍ਰੀਮਤੀ ਵਰਮਾ ਨੇ ਵਰਮਾ ਸਾਹਿਬ ਨੂੰ ਚਾਹ ਫਡ਼ਾਉਂਦਿਆਂ ਕਿਹਾ।
“ਮੁੰਡੇ ਈ ਨਹੀਂ, ਕੁਡ਼ੀਆਂ ਵੀ ਵਿਗਡ਼ੀਆਂ ਨੇ ਅੱਜਕਲ੍ਹ। ਪ੍ਰੋਫੈਸਰ ਸੁਰਜੀਤ ਦੇ ਘਰ ਕਿਸੇ ਕੁਡ਼ੀ ਦੇ ਫੋਨ ਆਉਂਦੇ ਐ, ਜਿਹਡ਼ੀ ਬਸ ਮਰਦਾਂ ਨਾਲ ਈ ਟਾਈਮ ਪਾਸ ਕਰਨ ਲਈ ਗੱਲਾਂ ਕਰਦੀ ਐ।ਅੱਜਕਲ੍ਹ ਦੇ ਮੁੰਡੇ-ਕੁਡ਼ੀਆਂ ਨੂੰ ਤਾਂ ਅੱਗ ਲੱਗੀ ਹੋਈ ਐ।” 
            ਵਰਮਾ ਸਾਹਿਬ ਮੱਥਾ ਤਿਉਡ਼ੀਆਂ ਨਾਲ ਭਰਦੇ ਹਨ।
           “ਕੀ ਗੱਲ ਹੋਈ ਮੰਮੀ?” ਵਰਮਾ ਸਾਹਿਬ ਦੇ ਜਵਾਨ ਬੱਚੇ ਸਮੀਰ ਤੇ ਅੰਜੂ ਬੈਠਕ ਵਿਚ ਦਾਖਿਲ ਹੁੰਦਿਆਂ ਪੁੱਛਦੇ ਹਨ। ਸ਼੍ਰੀਮਤੀ ਵਰਮਾ ਗੱਲ ਦੱਸਦੀ ਹੈ।
           ‘ਸ਼ਾਇਦ ਸ਼ਮਾਂ ਦਾ ਹੋਵੇਗਾ। ਕੱਲ੍ਹ ਈ-ਮੇਲ ਕੀਤਾ ਸੀ ਤਾਂ ਮੈਂ ਲਿਖਿਆ ਸੀ ਕਿ ਸਵੇਰੇ ਨੌਂ ਵਜੇ ਫੋਨ ਕਰੀਂ। ਪਰ ਅਜੇ ਤਾਂ ਸਾਢੇ ਸੱਤ ਈ ਹੋਏ ਹਨ। ਐਤਕੀਂ ਫੋਨ ਆਇਆ ਤਾਂ ਮੈਂ ਹੀ ਚੁੱਕਾਂਗਾ।’ ਸਮੀਰ ਸੋਚਦਾ ਹੈ।
           ‘ਸ਼ਾਇਦ ਵਿਜੇ ਦਾ ਹੋਵੇਗਾ? ਦੋ ਦਿਨਾਂ ਤੋਂ ਨਾ ਤਾਂ ਮੈਂ ਉਸਨੂੰ ਮਿਲੀ ਹਾਂ ਤੇ ਨਾ ਹੀ ਕੋਈ ਫੋਨ ਕੀਤਾ। ਇਹ ਮੈਨੂੰ ਜ਼ਰੂਰ ਮਰਵਾਏਗਾ। ਮੈਂ ਕਿੰਨੀ ਵਾਰ ਕਿਹਾ ਹੈ ਕਿ ਮੈਂ ਆਪ ਹੀ ਫੋਨ ਕਰ ਲਵਾਂਗੀ, ਪਰ ਇਹ ਕਦੇ ਵੀ ਨਹੀਂ ਸਮਝਦਾ।’ ਅੰਜੂ ਦੇ ਅੰਦਰ ਡਰ ਪਸਰ ਰਿਹਾ ਹੈ।
            ਵਰਮਾ ਸਾਹਿਬ ਅਖਬਾਰ ਵਿਚ ਖੁੱਭੇ ਹਨ। ਸ਼੍ਰੀਮਤੀ ਵਰਮਾ ਮੈਗਜ਼ੀਨ ਵਿਚ ਰੁੱਝ ਗਈ। ਸਮੀਰ ਤੇ ਅੰਜੂ ਚਾਹ ਦੀਆਂ ਚੁਸਕੀਆਂ ਲੈ ਰਹੇ ਹਨ ਕਿ ਅਚਾਨਕ ਫਿਰ…
            ਸਮੀਰ ਅਹੁਲ ਕੇ ਫੋਨ ਨੂੰ ਪਿਆ, ਪਰ ਚੁੱਕਣ ਤੋਂ ਪਹਿਲਾਂ ਹੀ ਫੋਨ ਦੀ ਘੰਟੀ ਬੰਦ ਹੋ ਗਈ।
                                                                  -0-

1 comment:

ਵਿਧਾ - ਪੰਜਾਬੀ ਸਾਹਿਤ ਦਾ ਖੁੱਲ੍ਹਾ ਪੱਤਰ said...

ਆਪਣੀ ਮਿੰਨੀ ਕਹਾਣੀ ਅਤੇ ਬਾਕੀ ਦੋਸਤਾਂ ਦੀਆਂ ਕਹਾਣੀਆਂ ਵੇਖ ਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਆਪ ਜੀ ਲਗਾਤਾਰ ਕਾਰਜ ਕਰ ਰਹੇ ਹੋ ਤੇ ਸਾਨੂੰ ਪਤਾ ਵੀ ਨਹੀਂ।
ਇਸ ਕੋਸ਼ਿਸ਼ ਲਈ ਮੁਬਾਰਕਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ....

-ਹਰਮਨਜੀਤ