ਬਿਕਰਮਜੀਤ ਨੂਰ
ਸਕੂਲ ਦੇ ਪ੍ਰਿੰਸੀਪਲ ਸਮੇਤ ਅੱਧੇ ਤੋਂ ਵੱਧ ਸਟਾਫ ਗੁਰਚਰਨ ਸਿੰਘ ਦੇ ਹੱਕ ਵਿਚ ਬੋਲ ਰਿਹਾ ਸੀ। ਸਾਰਿਆਂ ਦੀ ਸਾਂਝੀ ਰਾਇ ਇਹੀ ਸੀ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੁਰਜੀਤ ਸਿੰਘ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਮੁੰਡਾ ਬੇਸ਼ੱਕ ਪਡ਼੍ਹਾਈ ਵਿਚ ਹੁਸ਼ਿਆਰ ਸੀ, ਪਰ ਉਸਨੂੰ ਇਹ ਹੱਕ ਬਿਲਕੁਲ ਨਹੀਂ ਸੀ ਕਿ ਉਹ ਅਰਥ-ਸ਼ਾਸਤਰ ਦੇ ਲੈਕਚਰਾਰ ਗੁਰਚਰਨ ਸਿੰਘ ਅਤੇ ਹਿੰਦੀ ਵਾਲੀ ਮੈਡਮ ਕਮਲੇਸ਼ ਦੇ ‘ਆਪਸੀ ਸਬੰਧਾਂ’ ਨੂੰ ਆਪਣੇ ਸਾਥੀਆਂ ਵਿਚ ਹੀ ਨਹੀਂ, ਸਗੋਂ ਸਕੂਲੋਂ ਬਾਹਰ ਵੀ ਉਛਾਲਦਾ ਫਿਰੇ। ਗੱਲ ਆਈ ਗਈ ਵੀ ਹੋ ਜਾਂਦੀ, ਪਰ ਸੁਰਜੀਤ ਦਾ ਸਾਰਿਆਂ ਸਾਹਮਣੇ ‘ਗੁਰਚਰਨ ਸਰ’ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ, ‘ਸਰ ਜੀ, ਅਸੀਂ ਤੁਹਾਡੇ ਪਾਸੋਂ ਮਿਲੀ ਉੱਚੇ ਚਰਿੱਤਰ ਦੀ ਸਿਖਿਆ ਨੂੰ ਕਿਹਡ਼ੇ ਅਰਥਾਂ ’ਚ ਆਪਣੇ ਨਾਲ ਲੈ ਜਾਵਾਂਗੇ!’ ਕਹਿ ਦੇਣਾ ਬਲਦੀ ਤੇ ਤੇਲ ਵਾਂਗ ਪਿਆ ਸੀ। ਵਿਦਿਆਰਥੀ ਵੱਲੋਂ ਬੋਲਿਆ ਗਿਆ ਦਲੇਰੀ ਭਰਿਆ ਸੱਚ, ਉਸ ਦੁਆਰਾ ਕੀਤੀ ਗਈ ਅਨੁਸ਼ਾਸ਼ਨ-ਹੀਨਤਾ ਗਰਦਾਨ ਦਿੱਤੀ ਗਈ। ’ਅਹਿਸਾਸ’ ਕਰ ਲੈਣਾ ਤਾਂ ਪਿੱਛੇ ਰਹਿ ਗਿਆ ਸੀ।
ਹੰਗਾਮੀ ਮੀਟਿੰਗ ਹੋਈ ਸੀ ਤੇ ਸੁਰਜੀਤ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ। ਲੈਕਚਰਾਰ ਗੁਰਚਰਨ ਸਿੰਘ ਨੂੰ ਸੁਖ ਦਾ ਸਾਹ ਆਇਆ ਸੀ। ਮੈਡਮ ਵੀ ਖੁਸ਼ ਸੀ।
ਅਜੇ ਹਫ਼ਤਾ ਵੀ ਨਹੀਂ ਸੀ ਬੀਤਿਆ ਕਿ ਇਕ ਦਿਨ ਗੁਰਚਰਨ ਸਿੰਘ ਨੇ ਦੇਖਿਆ, ਸੁਰਜੀਤ ਆਪਣੇ ਬਾਪੂ ਨੂੰ ਨਾਲ ਲੈ ਕੇ ਪ੍ਰਿੰਸੀਪਲ ਦੇ ਦਫ਼ਤਰ ਵਿਚ ਦਾਖਲ ਹੋ ਰਿਹਾ ਸੀ। ਨਾਲ ਤਿੰਨ ਆਦਮੀ ਹੋਰ ਵੀ ਸਨ। ਗੁਰਚਰਨ ਸਿੰਘ ਨੂੰ ਕੁਝ ਫਿਕਰ ਜਿਹਾ ਹੋਇਆ।
ਥੋਡ਼੍ਹੀ ਦੇਰ ਬਾਅਦ ਸੇਵਾਦਾਰ ਨੇ ਆ ਕੇ ਕਿਹਾ, “ਸਰ, ਤੁਹਾਨੂੰ ਪ੍ਰਿੰਸੀਪਲ ਸਾਹਿਬ ਨੇ ਬੁਲਾਇਐ।”
ਗੁਰਚਰਨ ਸਿੰਘ ਆਪਣੇ ਇਕ ਮਿੱਤਰ ਸਹਿ-ਕਰਮੀ ਨੂੰ ਨਾਲ ਲੈ ਕੇ ਦਫ਼ਤਰ ਵਿਚ ਪਹੁੰਚ ਗਿਆ।
ਪ੍ਰਿੰਸੀਪਲ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਇਕ ਪੰਚਾਇਤ ਮੈਂਬਰ ਨੇ ਗੁਚਰਨ ਸਿੰਘ ਨੂੰ ਸੰਬੋਧਨ ਕਰਕੇ ਬਹੁਤ ਹੀ ਗੰਭੀਰਤਾ ਨਾਲ ਕਿਹਾ, “ਮੁਆਫ ਕਰ ਦਿਓ ਮਾਸਟਰ ਜੀ ਮੁੰਡੇ ਨੂੰ।”
“ਤੁਹਾਡਾ ਆਪਣਾ ਹੀ ਬੱਚੈ ਜੀ, ਬੱਚਿਆਂ ਤੋਂ ਗਲਤੀ ਹੋ ਜਾਂਦੀ ਐ।” ਕਿਸੇ ਦੂਸਰੇ ਨੇ ਪ੍ਰਿੰਸੀਪਲ ਵੱਲ ਦੇਖਦਿਆਂ ਕਿਹਾ।
ਸੁਰਜੀਤ ਨੀਵੀਂ ਪਾਈ ਚੁੱਪਚਾਪ ਖਡ਼ਾ ਸੀ।
“ਪੇਪਰਾਂ ਦੇ ਦਿਨ ਐ ਜੀ, ਜੁਆਕ ਦਾ ਸਾਲ ਖਰਾਬ ਹੋ ਜੂਗਾ।” ਇਸ ਆਵਾਜ਼ ਵਿਚ ਵੀ ਪੂਰੀ ਨਿਮਰਤਾ ਸੀ।
“ਮੈਂ ਤਾਂ ਜੀ ਇਸ ਬੇਵਕੂਫ ਨੂੰ ਰੋਜ਼ ਹੀ ਸਮਝਾਉਂਦਾ ਰਹਿਨੈਂ” ਸੁਰਜੀਤ ਦਾ ਬਾਪੂ ਜਿਵੇਂ ਗਿਡ਼ਗਿਡ਼ਾ ਕੇ ਕਹਿ ਰਿਹਾ ਸੀ, “ਆਪ ਤੋਂ ਵੱਡਿਆਂ ਦੇ ਕੰਮਾਂ ਵਿਚ ਕਦੇ ਦਖਲ ਨ੍ਹੀਂ ਦੇਣਾ ਚਾਹੀਦਾ।”
ਫਿਰ ਬਾਪੂ ਨੇ ਸੁਰਜੀਤ ਨੂੰ ਝਾਡ਼ ਪਾਉਂਦਿਆਂ ਕਿਹਾ, “ਲੈ ਮੰਗ ਸਾਰਿਆਂ ਦੇ ਸਾਹਮਣੇ ਮਾਫੀ।”
ਅਜਿਹਾ ਕਹਿੰਦਿਆਂ ਮੁੰਡੇ ਦੇ ਬਾਪੂ ਨੇ ਵਾਰੋ-ਵਾਰੀ ਪਹਿਲਾਂ ਗੁਰਚਰਨ ਸਿੰਘ ਅਤੇ ਫਿਰ ਪ੍ਰਿੰਸੀਪਲ ਦੇ ਚਿਹਰੇ ਵੱਲ ਵੀ ਦੇਖਿਆ ਸੀ।
ਸੁਰਜੀਤ ਰੋਣਹਾਕਾ ਹੋ ਗਿਆ ਸੀ। ਉਸਦੇ ਮੂੰਹੋਂ ਬੋਲ ਨਹੀਂ ਸਨ ਨਿਕਲ ਰਹੇ। ਉਸਨੇ ਆਪਣਾ ਸਿਰ ਹੋਰ ਨੀਵਾਂ ਕਰ ਲਿਆ ਸੀ।
…ਤੇ ਸਿਰ ਤਾਂ ਅਰਥ ਸ਼ਾਸਤਰ ਦੇ ਲੈਕਚਰਾਰ ਗੁਰਚਰਨ ਸਿੰਘ ਤੋਂ ਵੀ ਉਤਾਂਹ ਨਹੀਂ ਸੀ ਚੁੱਕਿਆ ਜਾ ਰਿਹਾ।
-0-
No comments:
Post a Comment