-moz-user-select:none; -webkit-user-select:none; -khtml-user-select:none; -ms-user-select:none; user-select:none;

Thursday, September 23, 2010

ਜਿਉਂਦੇ ਲੋਕ


ਡਾ. ਹਰਭਜਨ ਸਿੰਘ

ਸਡ਼ਕ ਤੇ ਜਾਂਦਿਆਂ ਜਿਉਂ ਹੀ ਮੈਂ ਆਪਣਾ ਸਕੂਟਰ ਸੱਜੇ ਪਾਸੇ ਮੋਡ਼ਿਆ ਤਾਂ ਸਾਹਮਣਿਉਂ ਆਉਂਦਾ ਇਕ ਸਾਈਕਲ ਸਵਾਰ ਆਪਣਾ ਸੰਤੁਲਨ ਗੁਆ ਬੈਠਾ ਤੇ ਡਿੱਗ ਪਿਆ। ਇੰਨੇ ਨੂੰ ਮੈਂ ਮੋਡ਼ ਕੱਟ ਚੁੱਕਿਆ ਸੀ। ਮੈਂ ਪਿੱਛੋਂ ਮੁਡ਼ ਕੇ ਦੇਖਿਆ ਉਹਦੀ ਇਕ ਬਾਂਹ ਨਹੀਂ ਸੀ। ਚਲਦੇ-ਚਲਦੇ ਮੈਂ ਸੋਚਿਆ, ਪਈ ਉੱਤਰ ਕੇ ਪਤਾ ਲਵਾਂ, ਪਰ ਪਤਾ ਨਹੀਂ ਕਿਹਡ਼ੀ ਕਾਹਲੀ ਵਿੱਚ ਸਾਂ ਕਿ ਆਪਣੇ ਆਪ ਨੂੰ ਰੋਕ ਹੀ ਨਾ ਸਕਿਆ। ਰਾਤ ਨੂੰ ਜਦ ਰੋਟੀ ਖਾਣ ਲੱਗਿਆ ਤਾਂ ਰੋਟੀ ਅੰਦਰ ਹੀ ਨਾ ਲੰਘੇ। ਮਨ ਬਾਰ ਬਾਰ ਲਾਹਨਤਾਂ ਪਾਵੇ, ਬਈ ਉੱਤਰ ਕੇ ਉਹਦੀ ਮਦਦ ਕਿਉਂ ਨਾ ਕੀਤੀ, ਮੁਆਫੀ ਕਿਉਂ ਨਾ ਮੰਗੀ। ਇਹਨਾਂ ਸੋਚਾਂ ਵਿਚ ਹੀ ਰਾਤ ਲੰਘ ਗਈ।
ਅਗਲੇ ਦਿਨ ਮੈਂ ਸਕੂਟਰ ਚੁੱਕਿਆ ਤੇ ਉਸ ਚੌਂਕ ਵਿਚ ਪਹੁੰਚ ਗਿਆ। ਉੱਥੇ ਇਕ ਰੇਹਡ਼ੀ ਵਾਲੇ ਨੂੰ ਪੁੱਛਿਆ ਕਿ ਕੱਲ੍ਹ ਜੋ ਬੰਦਾ ਸਾਈਕਲ ਤੋਂ ਡਿੱਗਿਆ ਸੀ, ਉਸ ਬਾਰੇ ਦੱਸੋ। ਰੇਹਡ਼ੀ ਵਾਲੇ ਨੇ ਦੱਸਿਆ, ਪਈ ਉਹ ਤਾਂ ਇਕ ਬਾਂਹ ਵਾਲਾ ਤੇਜੂ ਹੈ, ਫੈਕਟਰੀ ਵਿਚ ਕੰਮ ਕਰਦਾ ਹੈ ਤੇ ਸ਼ਾਮ ਨੂੰ ਰੋਜ਼ ਇੱਥੋਂ ਲੰਘਦਾ ਹੈ।
ਮੈਂ ਸ਼ਾਮ ਵੇਲੇ ਉੱਥੇ ਜਾ ਕੇ ਖਡ਼ਾ ਹੋ ਗਿਆ। ਥੋਡ਼੍ਹੀ ਦੇਰ ਬਾਅਦ ਮੈਂ ਦੇਖਿਆ, ਉਹ ਇਕ ਬਾਂਹ ਨਾਲ ਹੌਲੀ ਹੌਲੀ ਸਾਈਕਲ ਚਲਾਉਂਦਾ ਆ ਰਿਹਾ ਸੀ। ਕੋਲ ਆਉਣ ਤੇ ਮੈਂ ਉਸਨੂੰ ਰੋਕ ਲਿਆ ਤੇ ਆਖਿਆ, ਭਾਈ ਸਾਹਿਬ, ਮੈਂ ਉਹੀ ਬੰਦਾ ਹਾਂ ਜਿਸ ਦੀ ਵਜਾਹ ਨਾਲ ਤੁਸੀਂ ਕੱਲ੍ਹ ਇੱਥੇ ਡਿਗ ਪਏ ਸਉ, ਮੈਂ ਆਇਆ ਹਾਂ।ਇੰਨਾ ਕਹਿ ਕੇ ਮੈਂ ਉਹਨੂੰ ਜੱਫੀ ਵਿਚ ਲੈ ਲਿਆ।
ਉਹ ਹੱਸ ਪਿਆ, ਭਾਅ ਜੀ, ਅਸੀਂ ਤਾਂ ਰੋਜ਼ ਹੀ ਕਈ ਠੋਕਰਾਂ ਖਾਈਦੀਆਂ ਨੇ, ਇਹ ਕਿਹਡ਼ੀ ਵੱਡੀ ਗੱਲ ਹੋ ਗਈ। ਮੈਨੂੰ ਤੇ ਕੱਲ੍ਹ ਵਾਲੀ ਗੱਲ ਦਾ ਉੱਕਾ ਹੀ ਚੇਤਾ ਭੁੱਲ ਗਿਆ।ਏਨਾ ਕਹਿੰਦਿਆਂ ਉਹਨੇ ਆਪਣੇ ਇਕ ਹੱਥ ਨਾਲ ਮੇਰੀ ਪਿੱਠ ਤੇ ਥਾਪਡ਼ਾ ਮਾਰਿਆ।
ਉਸਦੇ ਥਾਪਡ਼ੇ ਵਿਚ ਮੇਰੀਆਂ ਦੋਨੋਂ ਬਾਹਵਾਂ ਨਾਲੋਂ ਕਿਤੇ ਵੱਧ ਤਾਕਤ ਸੀ ਤੇ ਇਉਂ ਜਾਪਣ ਲੱਗ ਪਿਆ ਜਿਵੇਂ ਉਹਦੀ ਦ੍ਰਿਡ਼ਤਾ ਸਾਹਮਣੇ ਮੇਰੀਆਂ ਦੋਨੋਂ ਬਾਹਵਾਂ ਢਿੱਲੀਆਂ ਪੈ ਰਹੀਆਂ ਹੋਣ।
                                                  -0-

Saturday, September 11, 2010

ਬਲੈਂਕ ਕਾਲ





ਹਰਮਨਜੀਤ

             ਟੈਲੀਫੋਨ ਦੀ ਘੰਟੀ ਵੱਜਦੀ ਹੈ।
             “ਹੈਲੋ…ਹੈਲੋ?…ਹੈਲੋ?”
             ਪਿਛਲੇ ਵੀਹਾਂ ਮਿੰਟਾਂ ਵਿਚ ਚਾਰ ਵਾਰ ਇੰਜ ਹੀ ਬਲੈਂਕ ਕਾਲਾਂ ਆਈਆਂ ਹਨ ਅਤੇ ਹਰ ਵਾਰ ਵਰਮਾ ਸਾਹਿਬ ਪਰੇਸ਼ਾਨ ਹੋ ਕੇ ਰਹਿ ਗਏ ਹਨ।
            “ਪਤਾ ਨਹੀਂ ਕੌਣ ਐ? ਐਵੇਂ ਤੰਗ ਕਰੀ ਜਾਂਦੇ ਐ…ਦੁਨੀਆਂ ਕੋਲ ਸਾਲਾ ਪੈਸਾ ਵਾਧੂ ਆਇਆ ਲੱਗਦਾ। ਲੋਕਾਂ ਨੇ ਆਪਣੇ ਨਿਆਣੇ ਵਿਗਾਡ਼ ਰੱਖੇ ਨੇ…।” ਵਰਮਾ ਸਾਹਿਬ ਗੁੱਸੇ ਵਿਚ ਲਾਲ ਪੀਲੇ ਹੋਏ ਸ਼੍ਰੀਮਤੀ ਵਰਮਾ ਨੂੰ ਮਖ਼ਾਤਿਬ ਹੁੰਦੇ ਹਨ।
            “ਕੁਮਾਰ ਦੇ ਘਰ ਐਂ ਈ ਕਾਲਾਂ ਆਉਂਦੀਆਂ ਸਨ, ਜੇ ਕੋਈ ਮਰਦ ਚੁੱਕਦਾ ਤਾਂ ਕੱਟ ਦਿੰਦਾ, ਤੇ ਜੇ ਕੋਈ ਔਰਤ ਚੁੱਕਦੀ ਤਾਂ ਉਲਟੀਆਂ-ਸਿੱਧੀਆਂ ਗੱਲਾਂ ਕਰਨ ਲੱਗ ਜਾਂਦਾ। ਉਹਨੇ ਆਈ.ਡੀ. ਕਾਲਰ ਲਵਾਇਆ ਹੁਣ।” ਸ਼੍ਰੀਮਤੀ ਵਰਮਾ ਨੇ ਵਰਮਾ ਸਾਹਿਬ ਨੂੰ ਚਾਹ ਫਡ਼ਾਉਂਦਿਆਂ ਕਿਹਾ।
“ਮੁੰਡੇ ਈ ਨਹੀਂ, ਕੁਡ਼ੀਆਂ ਵੀ ਵਿਗਡ਼ੀਆਂ ਨੇ ਅੱਜਕਲ੍ਹ। ਪ੍ਰੋਫੈਸਰ ਸੁਰਜੀਤ ਦੇ ਘਰ ਕਿਸੇ ਕੁਡ਼ੀ ਦੇ ਫੋਨ ਆਉਂਦੇ ਐ, ਜਿਹਡ਼ੀ ਬਸ ਮਰਦਾਂ ਨਾਲ ਈ ਟਾਈਮ ਪਾਸ ਕਰਨ ਲਈ ਗੱਲਾਂ ਕਰਦੀ ਐ।ਅੱਜਕਲ੍ਹ ਦੇ ਮੁੰਡੇ-ਕੁਡ਼ੀਆਂ ਨੂੰ ਤਾਂ ਅੱਗ ਲੱਗੀ ਹੋਈ ਐ।” 
            ਵਰਮਾ ਸਾਹਿਬ ਮੱਥਾ ਤਿਉਡ਼ੀਆਂ ਨਾਲ ਭਰਦੇ ਹਨ।
           “ਕੀ ਗੱਲ ਹੋਈ ਮੰਮੀ?” ਵਰਮਾ ਸਾਹਿਬ ਦੇ ਜਵਾਨ ਬੱਚੇ ਸਮੀਰ ਤੇ ਅੰਜੂ ਬੈਠਕ ਵਿਚ ਦਾਖਿਲ ਹੁੰਦਿਆਂ ਪੁੱਛਦੇ ਹਨ। ਸ਼੍ਰੀਮਤੀ ਵਰਮਾ ਗੱਲ ਦੱਸਦੀ ਹੈ।
           ‘ਸ਼ਾਇਦ ਸ਼ਮਾਂ ਦਾ ਹੋਵੇਗਾ। ਕੱਲ੍ਹ ਈ-ਮੇਲ ਕੀਤਾ ਸੀ ਤਾਂ ਮੈਂ ਲਿਖਿਆ ਸੀ ਕਿ ਸਵੇਰੇ ਨੌਂ ਵਜੇ ਫੋਨ ਕਰੀਂ। ਪਰ ਅਜੇ ਤਾਂ ਸਾਢੇ ਸੱਤ ਈ ਹੋਏ ਹਨ। ਐਤਕੀਂ ਫੋਨ ਆਇਆ ਤਾਂ ਮੈਂ ਹੀ ਚੁੱਕਾਂਗਾ।’ ਸਮੀਰ ਸੋਚਦਾ ਹੈ।
           ‘ਸ਼ਾਇਦ ਵਿਜੇ ਦਾ ਹੋਵੇਗਾ? ਦੋ ਦਿਨਾਂ ਤੋਂ ਨਾ ਤਾਂ ਮੈਂ ਉਸਨੂੰ ਮਿਲੀ ਹਾਂ ਤੇ ਨਾ ਹੀ ਕੋਈ ਫੋਨ ਕੀਤਾ। ਇਹ ਮੈਨੂੰ ਜ਼ਰੂਰ ਮਰਵਾਏਗਾ। ਮੈਂ ਕਿੰਨੀ ਵਾਰ ਕਿਹਾ ਹੈ ਕਿ ਮੈਂ ਆਪ ਹੀ ਫੋਨ ਕਰ ਲਵਾਂਗੀ, ਪਰ ਇਹ ਕਦੇ ਵੀ ਨਹੀਂ ਸਮਝਦਾ।’ ਅੰਜੂ ਦੇ ਅੰਦਰ ਡਰ ਪਸਰ ਰਿਹਾ ਹੈ।
            ਵਰਮਾ ਸਾਹਿਬ ਅਖਬਾਰ ਵਿਚ ਖੁੱਭੇ ਹਨ। ਸ਼੍ਰੀਮਤੀ ਵਰਮਾ ਮੈਗਜ਼ੀਨ ਵਿਚ ਰੁੱਝ ਗਈ। ਸਮੀਰ ਤੇ ਅੰਜੂ ਚਾਹ ਦੀਆਂ ਚੁਸਕੀਆਂ ਲੈ ਰਹੇ ਹਨ ਕਿ ਅਚਾਨਕ ਫਿਰ…
            ਸਮੀਰ ਅਹੁਲ ਕੇ ਫੋਨ ਨੂੰ ਪਿਆ, ਪਰ ਚੁੱਕਣ ਤੋਂ ਪਹਿਲਾਂ ਹੀ ਫੋਨ ਦੀ ਘੰਟੀ ਬੰਦ ਹੋ ਗਈ।
                                                                  -0-

Thursday, September 2, 2010

ਦਖਲ-ਅੰਦਾਜ਼ੀ


                                   



ਬਿਕਰਮਜੀਤ ਨੂਰ

ਸਕੂਲ ਦੇ ਪ੍ਰਿੰਸੀਪਲ ਸਮੇਤ ਅੱਧੇ ਤੋਂ ਵੱਧ ਸਟਾਫ ਗੁਰਚਰਨ ਸਿੰਘ ਦੇ ਹੱਕ ਵਿਚ ਬੋਲ ਰਿਹਾ ਸੀ। ਸਾਰਿਆਂ ਦੀ ਸਾਂਝੀ ਰਾਇ ਇਹੀ ਸੀ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੁਰਜੀਤ ਸਿੰਘ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਮੁੰਡਾ ਬੇਸ਼ੱਕ ਪਡ਼੍ਹਾਈ ਵਿਚ ਹੁਸ਼ਿਆਰ ਸੀ, ਪਰ ਉਸਨੂੰ ਇਹ ਹੱਕ ਬਿਲਕੁਲ ਨਹੀਂ ਸੀ ਕਿ ਉਹ ਅਰਥ-ਸ਼ਾਸਤਰ ਦੇ ਲੈਕਚਰਾਰ ਗੁਰਚਰਨ ਸਿੰਘ ਅਤੇ ਹਿੰਦੀ ਵਾਲੀ ਮੈਡਮ ਕਮਲੇਸ਼ ਦੇ ‘ਆਪਸੀ ਸਬੰਧਾਂ’ ਨੂੰ ਆਪਣੇ ਸਾਥੀਆਂ ਵਿਚ ਹੀ ਨਹੀਂ, ਸਗੋਂ ਸਕੂਲੋਂ ਬਾਹਰ ਵੀ ਉਛਾਲਦਾ ਫਿਰੇ। ਗੱਲ ਆਈ ਗਈ ਵੀ ਹੋ ਜਾਂਦੀ, ਪਰ ਸੁਰਜੀਤ ਦਾ ਸਾਰਿਆਂ ਸਾਹਮਣੇ ‘ਗੁਰਚਰਨ ਸਰ’ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ, ‘ਸਰ ਜੀ, ਅਸੀਂ ਤੁਹਾਡੇ ਪਾਸੋਂ ਮਿਲੀ ਉੱਚੇ ਚਰਿੱਤਰ ਦੀ ਸਿਖਿਆ ਨੂੰ ਕਿਹਡ਼ੇ ਅਰਥਾਂ ’ਚ ਆਪਣੇ ਨਾਲ ਲੈ ਜਾਵਾਂਗੇ!’ ਕਹਿ ਦੇਣਾ ਬਲਦੀ ਤੇ ਤੇਲ ਵਾਂਗ ਪਿਆ ਸੀ। ਵਿਦਿਆਰਥੀ ਵੱਲੋਂ ਬੋਲਿਆ ਗਿਆ ਦਲੇਰੀ ਭਰਿਆ ਸੱਚ, ਉਸ ਦੁਆਰਾ ਕੀਤੀ ਗਈ ਅਨੁਸ਼ਾਸ਼ਨ-ਹੀਨਤਾ ਗਰਦਾਨ ਦਿੱਤੀ ਗਈ। ’ਅਹਿਸਾਸ’ ਕਰ ਲੈਣਾ ਤਾਂ ਪਿੱਛੇ ਰਹਿ ਗਿਆ ਸੀ।
ਹੰਗਾਮੀ ਮੀਟਿੰਗ ਹੋਈ ਸੀ ਤੇ ਸੁਰਜੀਤ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ। ਲੈਕਚਰਾਰ ਗੁਰਚਰਨ ਸਿੰਘ ਨੂੰ ਸੁਖ ਦਾ ਸਾਹ ਆਇਆ ਸੀ। ਮੈਡਮ ਵੀ ਖੁਸ਼ ਸੀ।
ਅਜੇ ਹਫ਼ਤਾ ਵੀ ਨਹੀਂ ਸੀ ਬੀਤਿਆ ਕਿ ਇਕ ਦਿਨ ਗੁਰਚਰਨ ਸਿੰਘ ਨੇ ਦੇਖਿਆ, ਸੁਰਜੀਤ ਆਪਣੇ ਬਾਪੂ ਨੂੰ ਨਾਲ ਲੈ ਕੇ ਪ੍ਰਿੰਸੀਪਲ ਦੇ ਦਫ਼ਤਰ ਵਿਚ ਦਾਖਲ ਹੋ ਰਿਹਾ ਸੀ। ਨਾਲ ਤਿੰਨ ਆਦਮੀ ਹੋਰ ਵੀ ਸਨ। ਗੁਰਚਰਨ ਸਿੰਘ ਨੂੰ ਕੁਝ ਫਿਕਰ ਜਿਹਾ ਹੋਇਆ।
ਥੋਡ਼੍ਹੀ ਦੇਰ ਬਾਅਦ ਸੇਵਾਦਾਰ ਨੇ ਆ ਕੇ ਕਿਹਾ, ਸਰ, ਤੁਹਾਨੂੰ ਪ੍ਰਿੰਸੀਪਲ ਸਾਹਿਬ ਨੇ ਬੁਲਾਇਐ।
ਗੁਰਚਰਨ ਸਿੰਘ ਆਪਣੇ ਇਕ ਮਿੱਤਰ ਸਹਿ-ਕਰਮੀ ਨੂੰ ਨਾਲ ਲੈ ਕੇ ਦਫ਼ਤਰ ਵਿਚ ਪਹੁੰਚ ਗਿਆ।
ਪ੍ਰਿੰਸੀਪਲ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਇਕ ਪੰਚਾਇਤ ਮੈਂਬਰ ਨੇ ਗੁਚਰਨ ਸਿੰਘ ਨੂੰ ਸੰਬੋਧਨ ਕਰਕੇ ਬਹੁਤ ਹੀ ਗੰਭੀਰਤਾ ਨਾਲ ਕਿਹਾ, ਮੁਆਫ ਕਰ ਦਿਓ ਮਾਸਟਰ ਜੀ ਮੁੰਡੇ ਨੂੰ।
ਤੁਹਾਡਾ ਆਪਣਾ ਹੀ ਬੱਚੈ ਜੀ, ਬੱਚਿਆਂ ਤੋਂ ਗਲਤੀ ਹੋ ਜਾਂਦੀ ਐ।ਕਿਸੇ ਦੂਸਰੇ ਨੇ ਪ੍ਰਿੰਸੀਪਲ ਵੱਲ ਦੇਖਦਿਆਂ ਕਿਹਾ।
ਸੁਰਜੀਤ ਨੀਵੀਂ ਪਾਈ ਚੁੱਪਚਾਪ ਖਡ਼ਾ ਸੀ।
ਪੇਪਰਾਂ ਦੇ ਦਿਨ ਐ ਜੀ, ਜੁਆਕ ਦਾ ਸਾਲ ਖਰਾਬ ਹੋ ਜੂਗਾ।ਇਸ ਆਵਾਜ਼ ਵਿਚ ਵੀ ਪੂਰੀ ਨਿਮਰਤਾ ਸੀ।
ਮੈਂ ਤਾਂ ਜੀ ਇਸ ਬੇਵਕੂਫ ਨੂੰ ਰੋਜ਼ ਹੀ ਸਮਝਾਉਂਦਾ ਰਹਿਨੈਂਸੁਰਜੀਤ ਦਾ ਬਾਪੂ ਜਿਵੇਂ ਗਿਡ਼ਗਿਡ਼ਾ ਕੇ ਕਹਿ ਰਿਹਾ ਸੀ, ਆਪ ਤੋਂ ਵੱਡਿਆਂ ਦੇ ਕੰਮਾਂ ਵਿਚ ਕਦੇ ਦਖਲ ਨ੍ਹੀਂ ਦੇਣਾ ਚਾਹੀਦਾ।
ਫਿਰ ਬਾਪੂ ਨੇ ਸੁਰਜੀਤ ਨੂੰ ਝਾਡ਼ ਪਾਉਂਦਿਆਂ ਕਿਹਾ, ਲੈ ਮੰਗ ਸਾਰਿਆਂ ਦੇ ਸਾਹਮਣੇ ਮਾਫੀ।
ਅਜਿਹਾ ਕਹਿੰਦਿਆਂ ਮੁੰਡੇ ਦੇ ਬਾਪੂ ਨੇ ਵਾਰੋ-ਵਾਰੀ ਪਹਿਲਾਂ ਗੁਰਚਰਨ ਸਿੰਘ ਅਤੇ ਫਿਰ ਪ੍ਰਿੰਸੀਪਲ ਦੇ ਚਿਹਰੇ ਵੱਲ ਵੀ ਦੇਖਿਆ ਸੀ।
ਸੁਰਜੀਤ ਰੋਣਹਾਕਾ ਹੋ ਗਿਆ ਸੀ। ਉਸਦੇ ਮੂੰਹੋਂ ਬੋਲ ਨਹੀਂ ਸਨ ਨਿਕਲ ਰਹੇ। ਉਸਨੇ ਆਪਣਾ ਸਿਰ ਹੋਰ ਨੀਵਾਂ ਕਰ ਲਿਆ ਸੀ।
…ਤੇ ਸਿਰ ਤਾਂ ਅਰਥ ਸ਼ਾਸਤਰ ਦੇ ਲੈਕਚਰਾਰ ਗੁਰਚਰਨ ਸਿੰਘ ਤੋਂ ਵੀ ਉਤਾਂਹ ਨਹੀਂ ਸੀ ਚੁੱਕਿਆ ਜਾ ਰਿਹਾ।
                                                 -0-