-moz-user-select:none; -webkit-user-select:none; -khtml-user-select:none; -ms-user-select:none; user-select:none;

Saturday, May 22, 2010

ਰੁੱਸੀਆਂ ਆਂਦਰਾਂ



-->ਬਲਦੇਵ ਸਿੰਘ ਖਹਿਰਾ
ਲੰਮੇ ਸਮੇਂ ਤੋਂ ਬਾਅਦ ਘਰ ਦੇ ਸਾਰੇ ਜੀਅ, ਦੋ ਭੈਣਾ ਤੇ ਤਿੰਨ ਭਰਾ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੋਏ। ਮਾਹੌਲ ਬਡ਼ਾ ਗਮਗੀਨ ਤੇ ਸੰਜੀਦਾ ਸੀ। ਖਾਮੋਸ਼ੀ ਨੂੰ ਤੋਡ਼ਦਿਆਂ ਵੱਡੀ ਭੈਣ ਤਰੁਣਾ ਨੇ ਕਿਹਾ, ਵੀਰੇ! ਯਾਦ ਐ? ਛੋਟੇ ਹੁੰਦੇ ਲੁਕਣਮੀਚੀ ਖੇਡਦਿਆਂ ਮੈਂ ਉਸ ਅਲਮਾਰੀ ‘ਤੇ ਚਡ਼੍ਹ ਕੇ ਲੁਕ ਗਈ ਤੇ ਫਿਰ ਉੱਥੇ ਈ ਸੌਂ ਗਈ ਸੀ।
ਵੱਡੇ ਭਰਾ ਵਰੁਣ ਦੇ ਮੂੰਹ ’ਤੇ ਫਿੱਕੀ ਜਿਹੀ ਮੁਸਕਾਨ ਆਈ। ਉਸ ਤੋਂ ਛੋਟੀ ਕਰੁਣਾ ਸਭ ਤੋਂ ਛੋਟੇ ਕਰਣ ਦੇ ਮੌਢੇ ਉੱਤੇ ਹੱਥ ਰੱਖ ਕੇ ਬੋਲੀ, ਤੇ ਇਹ ਭੋਲਾ ਬਾਦਸ਼ਾਹ ਆਪਣੀ ਖੇਡ ‘ਚ ਐਵੇਂ ਈ ਵੱਜਦਾ ਫਿਰਦਾ ਹੁੰਦਾ ਸੀ। ਇਹਨੂੰ ਕਹਿਣਾ ਲੁਕ ਜਾ, ਤਾਂ ਇਹ ਜਾ ਕੇ ਕੋਨੇ ‘ਚ ਖਡ਼ੋ ਜਾਂਦਾ ਤੇ ਅੱਖਾਂ ਮੀਟ ਲੈਂਦਾ।
ਗਮ ਦੇ ਬੱਦਲ ਕੁਝ ਛਟਣ ਲੱਗੇ। ਤਰੁਣਾ ਫਿਰ ਬੋਲੀ, ਇਹ ਯਾਦਾਂ ਦੇ ਖਜ਼ਾਨੇ ਹਮੇਸ਼ਾ ਸਾਡੇ ਨਾਲ ਰਹਿਣਗੇ।
ਸਭ ਤੋਂ ਵੱਡਾ ਸੰਜੀਵ ਸਿਰ ਹਿਲਾਉਂਦਾ ਫੁਸਫੁਸਾਇਆ, ਪਰ ਜਿਹਡ਼ਾ ਖਜ਼ਾਨਾ ਅਸੀਂ ਅੱਜ ਗੁਆ ਲਿਆ, ਉਹ ਮੁਡ਼ ਕੇ ਨਹੀਂ ਮਿਲਣਾ,ਫਿਰ ਕੁਝ ਸੰਭਲ ਕੇ ਚਿਹਰਾ ਪੂੰਝਦਾ ਬੋਲਿਆ, ਮੈਨੂੰ ਸਾਰੀ ਉਮਰ ਏਹੀ ਪਛਤਾਵਾ ਤੇ ਦੁੱਖ ਰਹੂਗਾ ਕਿ ਅਸੀਂ ਸਾਰਿਆਂ ਨੇ ਮਾਂ ਦੇ ਪੈਨਸ਼ਨ-ਲਾਭ ਦੇ ਪੈਸਿਆਂ ਬਾਰੇ ਆਪਸ ’ਚ ਲਡ਼ ਕੇ ਮਾਂ ਨੂੰ ਦੁਖੀ ਕੀਤਾ ਤੇ ਉਸ ਤੋਂ ਵੱਡੀ ਗੱਲ ਮੁਡ਼ਕੇ ਇੱਕ ਦੂਜੇ ਨੂੰ ਮਿਲੇ ਵੀ ਨਾ…ਮਾਂ ਨੇ ਕਿੰਨੇ ਸੁਨੇਹੇ ਭੇਜੇ…ਚਿੱਠੀਆਂ ਪਾਈਆਂ…ਪਰ ਅਸੀਂ…ਸੰਜੀਵ ਦੇ ਹੰਝੂ ਵਗ ਤੁਰੇ।
ਕਰਣ, ਜਿਸਦੇ ਕੋਲ ਮਾਂ ਰਹਿੰਦੀ ਸੀ, ਬੋਲਿਆ, ਮਾਂ ਨੂੰ ਤਾਂ ਤੁਹਾਡੇ ਸਾਰਿਆਂ ਦਾ ਵਿਛੋਡ਼ਾ ਈ ਲੈ ਗਿਆ… ਆਖਰੀ ਵੇਲੇ ਵੀ ਉਹਦੀਆਂ ਅੱਖਾਂ ਦਰਵਾਜ਼ੇ ’ਤੇ ਈ ਲੱਗੀਆਂ ਰਹੀਆਂ…
ਬਾਕੀ ਭੈਣ-ਭਰਾ ਆਪਣੇ ਰੁਝੇਵੇਂ ਤੇ ਆਉਣ ਬਾਰੇ ਬਣਾਏ ਪ੍ਰੋਗਰਾਮਾਂ ਬਾਰੇ ਦੱਸਣ ਲਈ ਉਤਾਵਲੇ ਜਾਪੇ। ਕੋਲ ਬੈਠੇ ਉਹਨਾਂ ਦੇ ਚਾਚਾ ਜੀ ਸਭ ਦੇਖ ਰਹੇ ਸੀ। ਲੰਮਾ ਹਉਕਾ ਲੈ ਕੇ ਉਹ ਉੱਠ ਖਡ਼ੇ ਤੇ ਜਾਂਦੇ ਹੋਏ ਬੋਲੇ, ਇਕ ਵਿਧਵਾ ਮਾਂ ਨੇ ਤੁਹਾਨੂੰ ਸਾਰਿਆਂ ਨੂੰ ਪਾਲਿਆ-ਪੋਸਿਆ…ਪਡ਼੍ਹਾ-ਲਿਖਾ ਕੇ ਕਾਬਲ ਬਣਾਇਆ…ਤੁਹਾਨੂੰ ਪਰਿਵਾਰ ਵਾਲੇ ਬਣਾਇਆ ਤੇ ਤੁਸੀਂ ਸਾਰੇ ਇਕ ਮਾਂ ਨੂੰ ਨਹੀਂ ਸਾਂਭ ਸਕੇ…ਅੰਦਰੇ-ਅੰਦਰ ਤਡ਼ਪਦੀ, ਕੁਰਲਾਉਂਦੀ ਵਿਚਾਰੀ ਤੁਰਗੀ…ਅੱਜ ਇਨ੍ਹਾਂ ਗੱਲਾਂ ਨਾਲ ਕੀਹਨੂੰ ਸੁਖ ਦੇਣ ਆਏ ਓਂ?…ਜਾਓ ਆਪਣੇ ਘਰਾਂ ਨੂੰ…
-0-

Monday, May 10, 2010

ਪੈਨਸ਼ਨ


-->
ਹਰਜਿੰਦਰ ਪਾਲ ਕੌਰ ਕੰਗ

ਤਿੰਨ ਸਾਲ ਹੋ ਗਏ ਸੀ ਛਿੰਦੋ ਨੂੰ ਵਿਧਵਾ ਪੈਨਸ਼ਨ ਲਈ ਬੈਂਕ ਦੇ ਗੇਡ਼ੇ ਕੱਟਦੀ ਨੂੰ, ਅਜੇ ਇਕ ਵੀ ਪੈਨਸ਼ਨ ਨਹੀਂ ਮਿਲੀ ਸੀ। ਅੱਜ ਫਿਰ ਉਹ ਬੈਂਕ ਵਿਚ ਵਡ਼ੀ ਹੀ ਸੀ ਕਿ ਉਸ ਨੂੰ ਮੁਹੱਲੇ ਦੇ ਠੇਕੇਦਾਰ ਦੀ ਪਤਨੀ ਮਿਲ ਪਈ। ਭਾਵੇਂ ਦੋਨੋਂ ਇਕ ਹੀ ਮੁਹੱਲੇ ਦੇ ਵਿਚ ਰਹਿੰਦੀਆਂ ਸਨ, ਪਰ ਦੋਨਾਂ ਦਾ ਆਪਸ ਵਿਚ ਕੋਈ ਬਹੁਤਾ ਮੇਲ-ਮਿਲਾਪ ਨਹੀਂ ਸੀ।
ਸੁਣਾ ਕਿਦਾਂ ਚੱਲਦਾ ਗੁਜ਼ਾਰਾ?ਠੇਕੇਦਾਰਨੀ ਬੋਲੀ।
ਟੈਮ ਪਾਸ ਕਰਦੇ ਐਂ ਭੈਣ ਜੀ, ਗੁਜ਼ਾਰਾ ਕਾਹਦਾ?
ਨਾ ਮੁੰਡਾ ਨਹੀਂ ਕਰਦਾ ਕੁਝ? ਸੁੱਖ ਨਾਲ ਜਵਾਨ ਹੋ ਗਿਆ ਹੁਣ ਤੇ।
ਕਾਰਖਾਨੇ ’ਚ ਜਾਂਦਾ ਕੰਮ ’ਤੇ। ਲੂਣ-ਤੇਲ ਚਲਦਾ ਜਾਂਦਾ।
ਤੂੰ ਵੀ ਕੋਈ ਕੰਮ-ਕਾਰ ਲੱਭ ਲੈਣਾ ਸੀ।
ਮੈਂ ਵੀ ਸਲਾਈ-ਕਢਾਈ ਕਰਕੇ ਥੋਡ਼੍ਹਾ-ਬਹੁਤ ਕਮਾ ਲੈਂਦੀ ਸਾਂ, ਉਹ ਵੀ ਰੋ-ਰੋ ਕੇ ਨਿਗ੍ਹਾ ਘੱਟਗੀ ਆ। ਸੂਈ ’ਚ ਧਾਗਾ ਨਹੀਂ ਪੈਂਦਾ ਹੁਣ ਤੇ। ਤੁਸੀਂ ਸੁਣਾਓ ਭੈਣ ਜੀ, ਸਭ ਪਰਵਾਰ ਠੀਕ-ਠਾਕ ਏ? ਬਾਹਰ ਵਾਲੇ ਦਾ ਆਇਆ ਕੋਈ ਫੋਨ-ਫਾਨ?ਛਿੰਦੋ ਨੇ ਵੀ ਪੁੱਛ ਲਿਆ।
ਸਭ ਠੀਕ ਏ, ਫੋਨ ਆਉਂਦਾ ਰਹਿੰਦੈ। ਕਾਕਾ ਹੋਇਆ ਏ। ਨਾਲੇ ਛੋਟੇ ਨੇ ਵੀ ਇੰਜੀਨੀਅਰਿੰਗ ਕਰ ਲਈ ਏ।
ਫਿਰ ਤਾਂ ਦੂਹਰੀਆਂ ਵਧਾਈਆਂ ਭੈਣ ਜੀ।
ਤੂੰ ਵੀ ਵਧ ਧੀਏ! ਹੁਣ ਤਾਂ ਬਸ ਕਿਸੇ ਚੀਜ਼ ਦੀ ਕਮੀ ਨਹੀਂ, ਆ ਸਿਹਤ ਈ ਬੱਸ ਢਿੱਲੀ ਮੱਠੀ ਰਹਿੰਦੀ ਏ।
ਕੀ ਗੱਲ ਸਿਹਤ ਨੂੰ?
ਸਡ਼ ਜਾਣਾ ਗੋਡਿਆਂ ਤੋਂ ਨਹੀਂ ਹਿੱਲਿਆ ਜਾਂਦਾ। ਛੇ ਮਹੀਨੇ ਦੀ ਪੈਨਸ਼ਨ ਜਮਾਂ ਪਈ ਸੀ ਲੈਣ ਨੂੰ।
ਕਿਦਾਂ ਆਏ ਫੇਰ?
ਠੇਕੇਦਾਰ ਸਾਬ੍ਹ ਆਪ ਆਏ ਨੇ ਗੱਡੀ ਤੇ ਲੈ ਕੇ। ਚੰਗਾ ਧੀਏ, ਬਾਹਰ ’ਡੀਕ ਰਹੇ ਹੋਣੇ ਨੇ। ਤੂੰ ਵੀ ਕਰ ਲੈ ਆਪਣੀ ਪੈਨਸ਼ਨ ਦਾ ਪਤਾ, ਆਈ ਕਿ ਨਹੀਂ।ਕਹਿੰਦੀ ਹੋਈ ਠੇਕੇਦਾਰਨੀ ਬਾਹਰ ਨਿਕਲ ਕੇ ਸਫਾਰੀ ਉੱਤੇ ਸਵਾਰ ਹੋ ਗਈ।
ਛਿੰਦੋ ਫਿਰ ਰੋਜ਼ ਦੀ ਤਰ੍ਹਾਂ ਖਾਲੀ ਹੱਥ ਮਲਦੀ ਬੈਂਕ ਤੋਂ ਬਾਹਰ ਨਿਕਲਕੇ ਰਿਕਸ਼ੇ ਦੀ ਭਾਲ ਕਰਨ ਲੱਗ ਪਈ।
-0-

Saturday, May 1, 2010

ਜੂਠ ਸੁੱਚ


ਸੁਲੱਖਣ ਮੀਤ(ਪ੍ਰਿੰ.)


ਮੈਂ ਤੇ ਪਾਲੀ ਲਾਗਲੇ ਪਿੰਡ ਪ੍ਰਾਇਮਰੀ ਸਕੂਲ ਵਿਚ ਪਡ਼੍ਹਨ ਜਾਇਆ ਕਰਦੇ। ਦੁਪਹਿਰੇ ਜਦੋਂ ਅਸੀਂ ਇੱਕਠੇ ਰੋਟੀ ਖਾਂਦੇ ਤਾਂ ਉਹ ਤਾਂ ਮੈਥੋਂ ਅਚਾਰ ਜਾਂ ਸੁੱਕੀ ਸਬਜ਼ੀ ਮੰਗ ਲੈਂਦੀ, ਪਰ ਮੈਂ ਉਸ ਕੋਲੋਂ ਕਦੇ ਵੀ ਅਚਾਰ ਜਾਂ ਸਬਜ਼ੀ ਨਾ ਲੈਂਦਾ। ਉਹ ਕਦੇ ਕਦੇ ਮੇਰੇ ਦਿਲ ਦੀ ਗੱਲ ਬੁੱਝਦੀ ਹੋਈ ਕਹਿੰਦੀ, ਕੀ ਗੱਲ? ਮੇਰਾ ਅਚਾਰ ਜਾਂ ਸਬਜ਼ੀ ਜੂਠੀ ਐ, ਤੂੰ ਨ੍ਹੀਂ ਲੈਂਦਾ?

ਮੈਂ ਉਤਲੇ ਮਨੋਂ ਕਹਿ ਦਿੰਦਾ, ਨਹੀਂ, ਇਹ ਗੱਲ ਨ੍ਹੀਂ, ਬੱਸ ਉਈਂ।

ਫਿਰ ਅਸੀਂ ਦੋਵੇਂ ਹੀ ਦੂਸਰੇ ਲਾਗਲੇ ਪਿੰਡ ਹਾਈ ਸਕੂਲ ਜਾ ਦਾਖਲ ਹੋਏ। ਹੁਣ ਉਹ ਕੁਡ਼ੀਆਂ ਨਾਲ ਰੋਟੀ ਖਾਂਦੀ ਮੈਥੋਂ ਜਰੀ ਨਾ ਜਾਂਦੀ। ਕੁਦਰਤੀ ਇਕ ਦਿਨ ਉਹਦੀਆਂ ਸਹੇਲੀਆਂ ਨਾ ਆਈਆਂ। ਅਸੀਂ ਦੋਵੇਂ ਇਕ ਦੂਸਰੇ ਵੱਲ ਵਧੇ ਅਤੇ ਨਵੇਕਲੇ ਜਿਹੇ ਥਾਂ ਬੈਠ ਕੇ ਰੋਟੀ ਖਾਣ ਲੱਗ ਪਏ। ਮੈਂ ਹੌਂਸਲਾ ਜਿਹਾ ਕਰਕੇ ਕਿਹਾ, ਪਾਲੀ, ਅਚਾਰ ਤਾਂ ਦੇਈਂ ਥੋਡ਼੍ਹਾ ਜਿਹਾ।

ਜੂਠੈ।ਪਾਲੀ ਨੇ ਸ਼ਰਾਰਤ ਨਾਲ ਕਿਹਾ।

ਇਸ ਉਮਰੇ ਕਿਹਡ਼ੀ ਜੂਠ ਸੁੱਚ ਹੁੰਦੀ ਐ ਕਮਲੀਏ। ਤੇਰਾ ਜੂਠਾ ਅਚਾਰ ਤਾਂ ਕੀ, ਹੁਣ ਤਾਂ ਮੈਂ ਤੈਨੂੰ ਵੀ ਖਾਂ ਲਾਂ…।

ਪਾਲੀ ਜਿਵੇਂ ਸਾਰੀ ਹੀ ਸ਼ਰਮਾ ਗਈ। ਇਕ ਪਾਸੇ ਮੂੰਹ ਕਰਕੇ ਅਚਾਰ ਫਡ਼ਾਉਂਦਿਆਂ ਪਾਲੀ ਨੇ ਮੇਰੀ ਉਂਗਲ ਘੁੱਟ ਦਿੱਤੀ। ਮੈਂ ਕਿੰਨਾ ਚਿਰ ਉਸ ਉਂਗਲ ਨੂੰ ਚੂਸਦਾ ਰਿਹਾ।

-0-