-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, February 23, 2010

ਚੰਗੀ ਚੀਜ਼


ਸੁਰਿੰਦਰ ਮਕਸੂਦਪੁਰੀ

ਹਸਪਤਾਲ ਦੇ ਡਾਕਟਰ ਨੇ ਜਦੋਂ ਸੁਖਰਾਜ ਨੂੰ ਦੱਸਿਆ ਕਿ ਉਹਦੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ ਹੈ ਤਾਂ ਉਸਦੇ ਚਾਵਾਂ ਤੇ ਖੁਸ਼ੀਆਂ ਨੂੰ ਜਿਵੇਂ ਖੰਭ ਲੱਗ ਗਏ ਹੋਣ। ਹੁਣ ਸੁਖਰਾਜ ਇਹ ਖੁਸ਼ੀ ਦੀ ਖ਼ਬਰ ਆਪਣੇ ਘਰਦਿਆਂ ਨੂੰ ਸੁਣਾਉਣ ਲਈ ਤਰਲੋਮੱਛੀ ਹੋ ਰਿਹਾ ਸੀ।
ਸ਼ਹਿਰ ਤੋਂ ਉਹਦੇ ਪਿੰਡ ਨੂੰ ਜਾਂਦੀ ਆਖਰੀ ਬੱਸ ਲੰਘ ਚੁੱਕੀ ਸੀ। ਤੇ ਫਿਰ ਉਸਨੇ ਹਰ ਹਾਲਤ ਵਿਚ ਪਿੰਡ ਪੁੱਜਣ ਲਈ ਕਿਰਾਏ ਦੀ ਕਾਰ ਕਰਵਾ ਲਈ। ਘਰ ਜਾਂਦਿਆਂ ਹੀ ਸੁਖਰਾਜ ਚਾਈਂ-ਚਾਈਂ ਆਪਣੇ ਬਾਪੂ ਨੂੰ ਕਹਿਣ ਲੱਗਾ–“ਆ ਬਾਪੂ, ਤੈਨੂੰ ਇੱਕ ਚੰਗੀ ਖ਼ਬਰ ਸੁਣਾਵਾਂ।”
“ਕਾਹਦੀ ਚੰਗੀ ਖ਼ਬਰ ਐ ਪੁੱਤਰਾ?”
“ਕਿਸੇ ਚੰਗੀ ਚੀਜ਼ ਦੀ ਖ਼ਬਰ।”
“ਹਾਂ ਦੱਸ, ਕਿਹੜੀ ਚੰਗੀ ਚੀਜ਼ ਦੀ ਖ਼ਬਰ?”
“ਬਾਪੂ, ਆਪਣੇ ਘਰ ਸੁਖ ਨਾਲ ਬੇਟਾ ਜਨਮਿਆ ਏ, ਬੇਟਾ!”
ਇਹ ਖ਼ਬਰ ਜਿਵੇਂ ਬਾਪੂ ਦੀ ਦੁਖਦੀ ਰਗ ਤੇ ਠੋਕਰ ਮਾਰ ਗਈ ਹੋਵੇ। ਉਹ ਨਿਰਉੱਤਰ ਜਿਹਾ ਕਿਸੇ ਡੂੰਘੀ ਸੋਚ ਵਿਚ ਗੁਆਚਿਆ, ਟਿਕਟਿਕੀ ਲਾ ਕੇ ਆਪਣੇ ਤੋਂ ਬੇਮੁੱਖ ਤੇ ਬੇਵਫ਼ਾ ਹੋਏ ਪੁੱਤਰ ਸੁਖਰਾਜ ਦੇ ਮੁੰਹ ਵੱਲ ਵੇਖਣ ਲੱਗ ਪਿਆ।
ਤੇ ਫਿਰ ਸੁਖਰਾਜ ਨੇ ਬਾਪੂ ਦੀ ਸੋਚ ਨੂੰ ਝਜੋੜਦਿਆਂ ਕਿਹਾ, “ਬਾਪੂ, ਕੀ ਗੱਲ ਤੂੰ ਖੁਸ਼ੀ ਵਿਚ ਝੂਮਿਆ ਕਿਉਂ ਨ੍ਹੀਂ? ਗਮਗੀਨ ਜਿਹਾ ਕਿਉਂ ਹੋ ਗਿਆ ਏਂ? ਆਪੇ ਤਾਂ ਤੂੰ ਕਿਹਾ ਕਰਦਾ ਸੀ ਕਿ ਆਪਣੇ ਘਰ ਕੋਈ ਚੰਗੀ ਚੀਜ਼ ਆਵੇ ਤਾਂ ਚੰਗੈ ਤੇ ਅੱਜ…?”
“ਪੁੱਤਰਾ! ਤੂੰ ਵੀ ਤਾਂ ਮੇਰੇ ਘਰ ਇਕ ਦਿਨ ਚੰਗੀ ਚੀਜ਼ ਬਣ ਕੇ ਆਇਆ ਸੀ, ਤੇਰੇ ਆਉਣ ਤੇ ਮੈਂ ਲੱਖ ਖੁਸ਼ੀਆਂ ਮਣਾਈਆਂ, ਪਾਲਿਆ-ਪੋਸਿਆ, ਪੜ੍ਹਾਇਆ-ਲਿਖਾਇਆ ਤੇ ਚੰਗੀ ਕੁਰਸੀ ’ਤੇ ਬਿਠਾਇਆ…।“ ਬਾਪੂ ਨੇ ਇਕ ਲੰਮਾ ਹਉਕਾ ਭਰਿਆ ਤੇ ਸੇਜਲ ਹੋਈਆਂ ਅੱਖਾਂ ਨੂੰ ਮੋਢੇ ਉੱਤੇ ਰੱਖੇ ਪਰਨੇ ਦੇ ਪੱਲੂ ਨਾਲ ਪੂੰਝਣ ਲੱਗ ਪਿਆ।
-0-

Monday, February 15, 2010

ਲੁੱਟ


ਅਮਰਜੀਤ ਸਿੰਘ ਮਾਨ

ਚਾਰ-ਪੰਜ ਏਕੜ ਦਾ ਝੋਨੇ ਦਾ ਕੱਟਿਆ ਹੋਇਆ ਖੇਤ। ਦੁੱਧ ਜਿਹੇ ਸ਼ੁੱਧ ਚਿੱਟੇ ਰੰਗ ਦੇ, ਪੀਲੀਆਂ ਚੁੰਝਾਂ ਵਾਲੇ ਕਾਫੀ ਸਾਰੇ ਬਗਲੇ ਬਿਲਕੁਲ ਮੋਨਧਾਰੀ। ਆਪਣੇ ਭੋਜਨ ਲਈ ਕਿਸੇ ਡੱਡੂ ਜਾਂ ਕੀੜੇ ਮਕੋੜੇ ਦੀ ਭਾਲ ਵਿਚ ਸੋਨੇ ਰੰਗੇ ਕਰਚਿਆਂ ਵਿਚ ਬੈਠੇ ਕੁਦਰਤ ਦਾ ਸੁੰਦਰ ਦ੍ਰਿਸ਼ ਬਣ ਗਏ ਸਨ।
ਅਚਾਨਕ ਚੁੱਪ ਟੁੱਟਦੀ ਹੈ। ਇਕ ਛੋਟੇ ਬਗਲੇ ਨੇ ਆਪਣੀ ਚੁੰਝ ਥੋੜ੍ਹੀ ਜਿਹੀ ਥੱਲੇ ਕੀਤੀ ਤੇ ਝਟਕੇ ਨਾਲ ਇਕ ਛੋਟਾ ਜਿਹਾ ਡੱਡੂ ਉਸ ਦੇ ਮੂੰਹ ਵਿਚ ਆ ਗਿਆ। ਬਗਲੇ ਦੇ ਕਬਜ਼ੇ ਵਿਚ ਆ ਕੇ ਡੱਡੂ ਥੋੜ੍ਹਾ ਜਿਹਾ ਤੜਫਿਆ, ਪਿਛਲੀਆਂ ਲੱਤਾਂ ਹਿਲਾਈਆਂ। ਸੋਚਦਾ ਹੋਵੇਗਾ, ਸ਼ਾਇਦ ਮੌਤ ਦੇ ਮੂੰਹ ਵਿੱਚੋਂ ਛੁਟਕਾਰਾ ਮਿਲ ਜਾਏ। ਪਰ ਕੋਈ ਦਰਦ ਭਰੀ ਹੂਕ ਵੀ ਨਹੀਂ ਨਿਕਲੀ। ਉਸਦਾ ਮੂੰਹ ਤਾਂ ਅਮਨ ਦੇ ਪ੍ਰਤੀਕ ਸਫੈਦ ਰੰਗ ਦੇ, ਪਰ ਉਸ ਲਈ ਹਿੰਸਾ ਦੀ ਸਿਖਰ ਬਣ ਚੁੱਕੇ, ਬਗਲੇ ਦੀ ਚੁੰਝ ਵਿਚ ਜਕੜਿਆ ਪਿਆ ਸੀ।
ਫਿਰ ਚੁੱਪ ਥੋੜ੍ਹੀ ਹੋਰ ਟੁੱਟਦੀ ਹੈ। ਦੂਰ ਬੈਠਾ ਇਕ ਬਗਲਾ ਉੱਡਿਆ। ਸ਼ਾਇਦ ਉਹ ਉਸ ਬੇਵੱਸ, ਆਪਣੇ ਤੋਂ ਛੋਟੇ ਜੀਵ, ਆਪਣੇ ਸਾਥੀ ਦੇ ਭੋਜਨ ਨੂੰ ਖੋਹ ਕੇ ਆਪ ਖਾਣਾ ਚਾਹੁੰਦਾ ਸੀ। ਜਦੋਂ ਨੂੰ ਉਹ ਛੋਟੇ ਬਗਲੇ ਕੋਲ ਪਹੁੰਚਿਆ, ਨੇੜਲਾ ਇਕ ਬਗਲਾ ਉਸ ਤੋਂ ਪਹਿਲਾਂ ਹੀ ਡੱਡੂ ਨੂੰ ਖੋਹ ਕੇ ਨਿਗਲ ਚੁੱਕਾ ਸੀ। ਛੋਟਾ ਬਗਲਾ ਬੱਸ ਕੁਝ ਦੂਰ ਤੱਕ ਉਸ ਦੇ ਪਿੱਛੇ ਉੱਡਿਆ ਤੇ ਫਿਰ ਚੁੱਪ ਕਰ ਕੇ ਪਹਿਲਾਂ ਵਾਲੀ ਥਾਂ ਉੱਤੇ ਬੈਠ ਗਿਆ, ਆਪਣੇ ਭੋਜਨ ਲਈ ਕਿਸੇ ਹੋਰ ਜੀਵ ਦੀ ਉਡੀਕ ਵਿਚ, ਬਿਲਕੁਲ ਮੋਨ ਧਾਰ ਕੇ।
-0-

Friday, February 5, 2010

ਇਲਾਜ


ਵਿਵੇਕ


ਅੱਜ ਤੀਜਾ ਦਿਨ ਐ ਤਾਪ ਚੜ੍ਹੇ ਨੂੰ… ਘੱਟ ਹੋਣ ਦਾ ਨਾਂ ਈ ਨਹੀਂ ਲੈਂਦਾ… ਕਿਸੇ ਚੰਗੇ ਡਾਕਟਰ ਕੋਲ ਜਾਨੈਂ।ਬੁਖਾਰ ਨਾਲ ਟੁੱਟੇ ਸਰੀਰ ਨੂੰ ਮੁਸ਼ਕਿਲ ਨਾਲ ਸੰਭਾਲਦੇ ਹੋਏ ਮਨਜੀਤ ਨੇ ਆਪਣੀ ਪਤਨੀ ਨੂੰ ਕਿਹਾ।

ਜਰਾ ਧਿਆਨ ਨਾਲ,ਮੰਜੀ ਤੋਂ ਉੱਠਦੇ ਆਪਣੇ ਘਰਵਾਲੇ ਨੂੰ ਬਾਂਹ ਤੋਂ ਫੜਦਿਆਂ ਸੰਤੋ ਨੇ ਕਿਹਾ, ਤੁਸੀਂ ਤਾਂ ਆਪ ਲੋਕਾਂ ਦਾ ਤਾਪ ਚੜ੍ਹੇ ਦਾ ਇਲਾਜ ਕਰਦੇ ਓਂ। ਤੁਸੀਂ ਵੀ ਉਹੀ ਨੁਖਸਾ ਵਰਤ ਕੇ ਵੇਖ ਲਓ।ਮਨਜੀਤ ਦਾ ਮਾੜਾ ਹਾਲ ਵੇਖ ਕੇ ਸੰਤੋ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ ਸਨ। ਇਸ ਲਈ ਹੀ ਉਸਨੇ ਇਹ ਸਿਆਣਪ ਭਰੀ ਸਲਾਹ ਦਿੱਤੀ ਸੀ।

ਤੂੰ ਤਾਂ ਜਦੋਂ ਵੇਖੋ ਕਮਲੀਆਂ ਮਾਰਦੀ ਰਹਿਨੀਂ ਐਂ… ਇਹ ਤਾਂ ਪੇਂਡੂ ਟੋਟਕੇ ਨੇ, ਪਿਤਾ-ਪੁਰਖੀ… ਮੈਂ ਤਾਂ ਬਸ ਬਾਪੂ ਦੇ ਦੱਸੇ ਇੱਕ-ਦੋ ਮੰਤਰ ਪੜ੍ਹਕੇ ਫੂਕ ਮਾਰ ਦਿਨੈਂ… ਅਗਲਾ ਠੀਕ ਹੋ ਗਿਆ ਤਾਂ ਠੀਕ… ਨਹੀਂ ਤਾਂ ਉਹ ਜਾਣੇ ਤੇ ਉਹਦਾ ਕੰਮ… ਆਪਣਾ ਤੋਰੀ-ਫੁਲਕਾ ਚੱਲੀ ਜਾਂਦੈ… ਮੈਂ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈ ਕੇ ਆਉਨੈਂ… ਪਿੱਛੋਂ ਕੋਈ ਮਰੀਜ ਆਵੇ ਤਾਂ ਦੱਸੀ ਨਾ ਕਿ ਕਿਥੇ ਗਿਐਂ।

ਮਨਜੀਤ ਨੇ ਸਿਰ ਦਾ ਸਾਫਾ ਠੀਕ ਕੀਤਾ, ਪੈਰੀਂ ਜੁੱਤੀਆਂ ਪਾਈਆਂ ਤੇ ਤੁਰ ਪਿਆ।

-0-