Friday, May 29, 2009
ਸਟੇਟਸ
Friday, May 22, 2009
ਸੰਤੁਸ਼ਟੀ
ਦਰੱਖਤ ਦੀ ਛਾਂ ਹੇਠ ਲੇਟ ਕੇ ਖਰਬੂਜੇ ਵੇਚ ਰਹੇ ਬਜ਼ੁਰਗ ਨੂੰ ਇਕ ਆਦਮੀ ਨੇ ਪੁੱਛਿਆ, “ਖਰਬੂਜੇ ਕਿਸ ਭਾਅ ਵੇਚੇ ਜਾ ਰਹੇ ਨੇ?”
ਬਜ਼ੁਰਗ ਨੇ ਲੇਟਿਆਂ ਹੀ ਉੱਤਰ ਦਿੱਤਾ, “ਪੰਜਾਹ ਪੈਸੇ ਦਾ ਇਕ ਐ, ਕੋਈ ਲੈ ਲਓ।”
ਉਹ ਆਦਮੀ ਬਹੁਤ ਹੈਰਾਨ ਹੋਇਆ। ਉਸ ਨੇ ਬਜ਼ੁਰਗ ਨੂੰ ਕਿਹਾ, “ਤੁਹਾਨੂੰ ਇਕ ਸਲਾਹ ਦਿਆਂ। ਤੁਸੀਂ ਖਰਬੂਜੇ ਬੈਠ ਕੇ ਵੇਚਿਆ ਕਰੋ।”
ਬਜ਼ੁਰਗ ਨੇ ਪੁੱਛਿਆ, “ਬੈਠ ਕੇ ਖਰਬੂਜੇ ਵੇਚਣ ਨਾਲ ਕੀ ਹੋਏਗਾ?”
ਆਦਮੀ ਬੋਲਿਆ, “ਬੈਠ ਕੇ ਖਰਬੂਜੇ ਧਿਆਨ ਨਾਲ ਵੇਚੋ ਤਾਂ ਇਨ੍ਹਾਂ ਵਿੱਚੋਂ ਕੁਝ ਇਕ ਰੁਪਏ ਦੇ ਤੇ ਕੁਝ ਇਸ ਤੋਂ ਵੀ ਵੱਧ ਦੇ ਵਿਕ ਸਕਦੇ ਹਨ। ਇਸ ਤਰ੍ਹਾਂ ਤੁਸੀਂ ਰੋਜ਼ ਬਹੁਤ ਪੈਸੇ ਕਮਾ ਸਕਦੇ ਹੋ ਤੇ ਇੱਥੇ ਇਕ ਪੱਕੀ ਦੁਕਾਨ ਖੜੀ ਕਰਨ ਦੇ ਯੋਗ ਹੋ ਸਕਦੇ ਹੋ।”
“ਗੱਲ ਤਾਂ ਤੇਰੀ ਠੀਕ ਐ। ਪਰ ਦੁਕਾਨ ’ਚ ਮੈਂ ਕੀ ਕਰਾਂਗਾ?”
“ਦੁਕਾਨ ’ਚ ਬਹਿ ਕੇ ਤੁਸੀਂ ਆਰਾਮ ਨਾਲ ਖਰਬੂਜੇ ਵੇਚ ਸਕੋਗੇ।”
ਬਜ਼ੁਰਗ ਕੁਝ ਦੇਰ ਉਸ ਆਦਮੀ ਦੇ ਚਿਹਰੇ ਵੱਲ ਵੇਖਦਾ ਰਿਹਾ ਤੇ ਫਿਰ ਬੋਲਿਆ, “ਫਿਰ ਆਰਾਮ ਕਿੱਥੇ ਰਹਿਣੈ। ਆਰਾਮ ਨਾਲ ਤਾਂ ਮੈਂ ਹੁਣ ਖਰਬੂਜੇ ਵੇਚ ਰਿਹੈਂ।”
-0-
Thursday, May 21, 2009
ਰਿਸ਼ਤਾ
ਸੁਲੱਖਣ ਮੀਤ
ਭੇਤੀ ਨੇ ਜੰਗੀਰੇ ਚੋਰ ਨੂੰ ਦੱਸਿਆ, “ਅੱਜ ਰੁਪਾਲੇ ਚੋਰੀ ਹੋ ਸਕਦੀ ਐ”
“ਕਿਮੇਂ?” ਜੰਗੀਰੇ ਚੋਰ ਦੀਆਂ ਖੁਸ਼ੀ ਵਿਚ ਅੱਖਾਂ ਟੱਡੀਆਂ ਗਈਆਂ।
“ਘਰ ਆਲਾ ਘਰ ਨ੍ਹੀਂ।” ਭੇਤੀ ਦੀਆਂ ਅੱਖਾਂ ਵੀ ਟੱਡੀਆਂ ਹੋਈਆਂ ਸਨ।
“ਠੀਕ ਐ।” ਜੰਗੀਰੇ ਚੋਰ ਨੇ ਕੁਤਰੀਆਂ ਮੁੱਛਾਂ ਨੂੰ ਵੱਟ ਦਿੱਤਾ।
ਕੁੱਕੜ ਬੋਲਣ ਤੋਂ ਪਹਿਲਾਂ ਹੀ ਜੰਗੀਰਾ ਚੋਰ ਭੇਤੀ ਵੱਲੋਂ ਦੱਸੇ ਘਰ ਪੁੱਜ ਗਿਆ। ਅਗਲੇ ਹੀ ਪਲ ਉਹ ਟਰੰਕਾ ਅਤੇ ਪੇਟੀ ਕੋਲ ਖਲੋਤਾ ਸੀ।
ਤੇਜੋ ਨੂੰ ਚੋਰ ਦਾ ਸ਼ੱਕ ਹੋਇਆ। ਉਹ ਮਲਕੜੇ ਜਿਹੇ ਮੰਜੀ ਤੋਂ ਉੱਠੀ। ਬਿੱਲੀ ਵਾਂਗ ਦਬਵੇਂ ਪੈਰੀਂ ਉਹ ਸਵਿੱਚ ਕੋਲ ਪੁੱਜੀ। ਬਲਬ ਜਗਿਆ ਤਾਂ ਸੱਚ ਮੁੱਚ ਹੀ ਸਾਹਮਣੇ ਇਕ ਬੰਦਾ ਖੜਾ ਸੀ। ‘ਚੋਰ’ ਸ਼ਬਦ ਜਿਵੇਂ ਉਹਦੇ ਸੰਘ ਵਿਚ ਹੀ ਅੜ ਗਿਆ। ਤੇਜੋ ਅਤੇ ਜੰਗੀਰੇ ਨੇ ਇਕ ਦੂਜੇ ਨੂੰ ਪਹਿਚਾਣ ਲਿਆ ਸੀ। ਜੰਗੀਰੇ ਚੋਰ ਦੀਆਂ ਅੱਖਾਂ ਇਕ ਦਮ ਝੁਕ ਗਈਆਂ। ਤੇਜੋ ਨੇ ਪੁੱਛਆ, “ਵੇ ਜੰਗੀਰਿਆ, ਤੈਨੂੰ ਭੈਣ ਦਾ ਘਰ ਈ ਥਿਆਇਆ ਸੀ ਚੋਰੀ ਕਰਨ ਨੂੰ?”
“ਮੈਂ ਸੋਚਿਆ ਤਾਂ ਸੀ, ਬਈ ਸਾਡੇ ਪਿੰਡੋਂ ਇਕ ਕੁੜੀ ਰੁਪਾਲੇ ਬਿਆਹੀ ਬੀ ਤਾਂ ਹੈ, ਪਰ ਮੈਨੂੰ ਕੀ ਪਤਾ ਸੀ ਬਈ ਤੂੰ ਇਸੇ ਘਰ ਐਂ।” ਕਹਿਕੇ ਜੰਗੀਰਾ ਦੇਹਲੀ ਟੱਪਣ ਲੱਗਾ।
“ਹੁਣ ਕਿੱਧਰ ਜੰਗੀਰਿਆ?” ਤੇਜੋ ਨੇ ਉਸ ਦੀ ਬਾਂਹ ਫੜਦਿਆਂ ਕਿਹਾ।
“ਪਿੰਡ।” ਜੰਗੀਰੇ ਨੇ ਤੇਜੋ ਵੱਲ ਦੇਖੇ ਬਿਨਾ ਹੀ ਕਿਹਾ।
“ਬਹਿ ਜਾ। ਚਾਹ ਪੀ ਕੇ ਜਾਈਂ ਹੁਣ। ਮੈਂ ਚਾਹ ਧਰਦੀ ਆਂ।”
ਜੰਗੀਰਾ ਤੇਜੋ ਦੀ ਗੱਲ ਉੱਤੇ ਹੈਰਾਨ ਹੁੰਦਾ ਇਕ ਬੱਚੇ ਦੇ ਮੰਜੇ ਉੱਤੇ ਬੈਠ ਗਿਆ। ਚਾਹ ਆਉਣ ਤੀਕ ਜਿਵੇਂ ਉਹ ਪਛਤਾਉਂਦਾ ਹੀ ਰਿਹਾ। ਚਾਹ ਪੀ ਕੇ ਤੁਰਨ ਲੱਗਿਆਂ ਜੰਗੀਰੇ ਨੇ ਫਤੂਹੀ ਦੀ ਜੇਬ ਵਿੱਚੋਂ ਦਸਾਂ ਦਾ ਨੋਟ ਕੱਢਿਆ। ਫਿਰ ਉਸਨੇ ਉਹ ਨੋਟ ਤੇਜੋ ਦੇ ਠਰੇ ਜਿਹੇ ਹੱਥ ਵਿਚ ਘਸੋੜ ਜਿਹਾ ਦਿੱਤਾ।
“ਵੇ ਕੋਹੜੀਆ, ਆ ਕੀ?” ਤੇਜੋ ਨੇ ਮੁਸੇ ਜਿਹੇ ਨੋਟ ਵੱਲ ਵੇਖਦਿਆਂ ਪੁੱਛਿਆ।
“ਇਹ ਭਰਾ ਦਾ ਫਰਜ਼ ਬਣਦੈ, ਭੈਣੇ।” ਕਹਿ ਕੇ ਜੰਗੀਰਾ ਇਕ ਦਮ ਦੇਹਲੀਆਂ ਟੱਪ ਗਿਆ।
ਪਿੰਡ ਵਿਚ ਅਜੇ ਵੀ ਚੁੱਪ ਚਾਂ ਸੀ। ਕਿੱਧਰੇ ਵੀ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਨਹੀਂ ਸੀ ਆ ਰਹੀ।
-0-
Wednesday, May 20, 2009
ਨਿਜੜੇ
ਬਿਸ਼ਨੇ ਦੇ ਦੋਵੇਂ ਪੁੱਤ ਡੇਰੇ ਦੇ ਵਿਹੜੇ ਵਿਚ ਪਿੱਪਲ ਹੇਠਾਂ ਮੰਜੇ ਉੱਤੇ ਪਏ ਬਿਸ਼ਨੇ ਕੋਲ ਆ ਕੇ ਚੁੱਪ ਖੜੋ ਗਏ। ਨੂੰਹਾਂ ਨੇ ਮੰਜੇ ਦੀਆਂ ਪੈਂਦਾਂ ਵੱਲ ਹੋ ਕੇ ਬਿਸ਼ਨੇ ਦੇ ਪੈਰ ਛੁੰਹਦਿਆਂ ਹੌਲੀ ਜਿਹੀ ਕਿਹਾ, “ਮੱਥਾ ਟੇਕਦੀ ਆਂ ਬਾਬਾ ਜੀ।”
ਬਿਸ਼ਨਾ ਚੁੱਪ ਪਿਆ ਰਿਹਾ।
“ਕਿਮੇ ਠੀਕ ਓਂ ਬਾਬਾ ਜੀ?” ਛੋਟੀ ਨੂੰਹ ਬੋਲੀ।
“ਠੀਕ-ਠੂਕ ਤਾਂ ਇਹੋ ਜਾ ਈ ਐ ਭਾਈ, ਚਾਰ-ਪੰਜ ਦਿਨ ਹੋਗੇ, ਤਾਪ ਚੜ੍ਹਦਾ ਰਿਹੈ। ਰੋਟੀ ਵੀ ਘੱਟ ਈ ਖਾਂਦੈ। ਸੰਤਾਂ ਨੇ ਪੁੜੀਆਂ ਦਿੱਤੀਐਂ, ਅੱਜ ਕੁਝ ਫਰਕ ਐ,” ਕੋਲ ਬੈਠਾ ਚੇਲਾ ਬੋਲਿਆ, “ਬਿਸ਼ਨ ਸਿਆਂ , ਤੈਨੂੰ ਲੈਣ ਆਏ ਐ।”
“ਮੈਨੂੰ ਪਤੈ ਮੇਰੇ ਜੰਮਿਆਂ ਦਾ, ਬੱਸ। ਹੁਣ ਐਥੇ ਈ ਭਲਾ ਐਂ ਜਿਹੜਾ ਟੈਮ ਲੰਘੀ ਜਾਂਦੈ, ਬਥੇਰੀ ਹੋ ਲੀ।” ਬਿਸ਼ਨਾ ਪਿਆ-ਪਿਆ ਬੋਲਿਆ।
“ਤੂੰ ਕਹੀ ਤਾਂ ਜਾਨੈਂ, ਪਰ ਬੈਠਾ ਆਵਦੀ ਅੜੀ ’ਚ ਐਵੇਂ ਐਥੇ।” ਛੋਟਾ ਮੁੰਡਾ ਬੋਲਿਆ।
“ਅੱਛਾ! ਅੱਜ ਤੁਸੀਂ ਆਹ ਕਹਿਨੇਂ ਓਂ । ਪਿਛਲੇ ਵਰ੍ਹੇ ਜਦੋਂ ਮੇਰੇ ਪਿੱਛੇ ਕਾਟੋ-ਕਲੇਸ਼ ਹੁੰਦਾ ਸੀ,ਆਹ ਵੱਡਾ ਆ ਕੇ ਕਹਿ ਗਿਆ ਸੀ, ਅਸੀਂ ਤਾਂ ਨੌਕਰੀਆਂ ਵਾਲੇ ਆਂ, ਦਿਨ ਚੜ੍ਹਦੇ ਨੂੰ ਨਿਕਲ ਜਾਨੇਂ ਆਂ, ਟਿੱਕੀ ਛਿਪੀ ਤੋਂ ਘਰ ਵੜਦੇ ਆਂ। ਨਾਲੇ ਤੂੰ ਵੀ ਤਾਂ ਕਿਹਾ ਸੀ, ਮੈਂ ਕੱਲਾ ਜਣਾ ਕਿੱਧਰ-ਕਿੱਧਰ ਹੋਵਾਂ? ਫੇਰ ਮੇਰਾ ਤਾਂ ਕੋਈ ਨਾ ਬਣਿਆ, ਓਹ ਉਤਲੈ ਮੇਰਾ ਤਾਂ , ਜਾਂ ਫੇਰ ਆਹ ਭਗਤ ਨੇ ਵਿਚਾਰੇ, ਜਿਨ੍ਹਾਂ ਕੋਲ ਤੜਕੇ-ਆਥਣੇ ਰੋਟੀ ਦੀ ਬੁਰਕੀ ਖਾਈਦੀ ਐ।…ਬਾਕੀ ਥੋਨੂੰ ਦੋਹਾਂ ਨੂੰ ਹਿੱਸਾ ਦਿੱਤਾ ਹੋਇਐ, ਆਵਦੇ ਹਿੱਸੇ ਆਲੀ ਜ਼ਮੀਨ ਮੈਂ ਡੇਰੇ ਦੇ ਨਾਂ ਕਰਾਉਣੀ ਐ, ਥੋਨੂੰ ਤਾਂ ਕੋਈ ’ਤਰਾਜ ਨ੍ਹੀਂ?” ਬਿਸ਼ਨੇ ਨੇ ਮੁੰਡਿਆਂ ਨੂੰ ਕਿਹਾ।
“ਬੱਸ ਆਹੀ ਕਸਰ ਰਹਿੰਦੀ ਐ,” ਛੋਟਾ ਮੁੰਡਾ ਤਿੜਕ ਕੇ ਬੋਲਿਆ।
“ਕਿਉਂ? ਅਸੀਂ ਤੇਰੇ ਧੀਆਂ-ਪੁੱਤ ਨ੍ਹੀਂ, ਬਾਬਾ ਜੀ, ਸੁੱਖੀ-ਸਾਂਦੀ ਤੇਰੇ ਸਭ ਕੁਛ ਐ। ਜਿਉਂਦੇ ਰਹਿਣ ਤੇਰੇ ਪੋਤੇ-ਪੋਤੀਆਂ, ਤੇਰੇ ਵਾਰਸ ਨੇ। ਡੇਰੇ-ਗੁਰਦੁਆਰਿਆਂ ਨੂੰ ਤਾਂ ਔਤਾਂ ਦੀ ਜੈਦਾਤ ਜਾਂਦੀ ਐ। ਜੇ ਤੂੰ ਸਾਨੂੰ ਜਿਉਂਦਿਆਂ ਨੂੰ ਈ ਮਾਰਨੈ ਤਾਂ ਤੇਰੀ ਮਰਜ਼ੀ।” ਵੱਡੀ ਨੂੰਹ ਗੱਲ ਸੁਣਦਿਆਂ ਪੂਰੇ ਗੁੱਸੇ ਨਾਲ ਬੋਲੀ।
“ਭਾਈ ਸੁਰਜੀਤ ਕੁਰੇ, ਮੈਂ ਜੰਮੇ-ਪਾਲੇ ਤਾਂ ਜਿਉਂਦਿਆਂ ’ਚ ਰਹਿਣ ਨੂੰ ਹੀ ਸੀ, ਨਾਲੇ ਆਹ ਔਤ ਵਾਲਾ ਟੱਪਾ ਤੂੰ ਤਾਂ ਅੱਜ ਕ੍ਹੈਨੀਂ ਐਂ, ਮੈਨੂੰ ਤਾਂ ਡੂਢ ਸਾਲ ਹੋ ਗਿਆ ਸੁਣਦੇ ਨੂੰ , ਜਦੋਂ ਦਾ ਡੇਰੇ ਵਾਲਿਆਂ ਕੋਲ ਮੰਜੇ ’ਚ ਪਿਆ ਦਿਨ ਕਟੀ ਕਰਦਾਂ।” ਕਹਿੰਦਿਆਂ ਬਿਸ਼ਨ ਸਿੰਘ ਦੀਆਂ ਅੱਖਾਂ ਦੇ ਡੇਲਿਆਂ ਵਿੱਚੋਂ ਪਾਣੀ ਸਿੰਮ ਆਇਆ ਤੇ ਲੰਮਾ ਹਉਕਾ ਭਰਦਿਆਂ ਉਹ ਚੁੱਪ ਹੋ ਗਿਆ।
-0-
Tuesday, May 19, 2009
ਰਿਸ਼ਤੇ
ਜਸਬੀਰ ਢੰਡ
ਤਿੰਨ ਭੈਣਾ ਹਨ ਉਹ।
ਪਿਛਲੇ ਦਿਨੀਂ ਵੱਡੀ ਦਾ ਘਰਵਾਲਾ ਅਚਾਨਕ ਸੁਰਗਵਾਸ ਹੋ ਗਿਆ।
ਸਵੇਰੇ ਹਸਪਤਾਲ ਦਾਖਲ ਕਰਵਾਇਆ ਤੇ ਸ਼ਾਮੀਂ ਮੁੱਕ ਵੀ ਗਿਆ। ਉਸੇ ਵੇਲੇ ਸਕੀਰੀਆਂ ਵਿਚ ਟੈਲੀਫੋਨ ਕਰ ਦਿੱਤੇ ਮੁੰਡੇ ਨੇ। ਰਿਸ਼ਤੇਦਾਰ ਮੂੰਹ-ਹਨੇਰੇ ਹੀ ਘਰਾਂ ਤੋਂ ਚੱਲ ਪਏ।
ਦੋਵੇਂ ਭੈਣਾ ਤੇ ਉਹਨਾਂ ਦੇ ਘਰਵਾਲੇ ਦਸ ਵੱਜਣ ਤੋਂ ਪਹਿਲਾਂ ਹੀ ਪਹੁੰਚ ਗਏ ਸਨ।
ਘਰ ਬਹੁਤ ਹੀ ਭੀੜਾ ਸੀ। ਜਿੱਥੇ ਲਾਸ਼ ਪਈ ਸੀ ਉੱਥੇ ਹੀ ਦਸ-ਬਾਰਾਂ ਜਨਾਨੀਆਂ ਬੈਠੀਆਂ ਹੋਈਆਂ ਸਨ। ਤਿੰਨ ਕੁ ਫੁੱਟ ਚੌੜੀ ਗੈਲਰੀ ਵਿਚ ਪੰਜ-ਸੱਤ ਬੰਦੇ ਬੈਠਣ ਜੋਗੀ ਥਾਂ ਸੀ ਮਸਾਂ। ਰਿਸ਼ਤੇਦਾਰ, ਗਲੀ-ਗੁਆਂਢ ਤੇ ਦੋਸਤ-ਮਿੱਤਰ ਆਈ ਜਾਂਦੇ ਤੇ ਬਾਹਰ ਨਿੱਕਲੀ ਜਾਂਦੇ। ਅੰਦਰ ਰੋਣ-ਕੁਰਲਾਣ ਮੱਚਿਆ ਹੋਇਆ ਸੀ।
ਗਲੀ ਵੀ ਭੀੜੀ ਸੀ । ਕੋਈ ਕਿਤੇ ਖੜਾ ਸੀ, ਕੋਈ ਕਿਤੇ ਬੈਠਾ ਸੀ। ਕਈ ਤਾਂ ਦੁਕਾਨਾਂ ਦੇ ਥੜ੍ਹਿਆਂ ਉੱਤੇ ਹੀ ਬੈਠੇ ਸਨ। ਉੱਤੋਂ ਲੋਹੜੇ ਦੀ ਗਰਮੀ ਤੇ ਹੁੰਮਸ।
ਦੋਵੇਂ ਸਾਢੂ ਅੰਦਰ ਗਏ, ਦਸ-ਵੀਹ ਮਿੰਟ ਲਾਸ਼ ਕੋਲ ਬੈਠੇ, ਸਾਲੀ ਕੋਲ ਅਫਸੋਸ ਕੀਤਾ ਤੇ ਫਿਰ ਬਾਹਰ ਆ ਗਏ। ਭੈਣਾਂ ਭੈਣ ਕੋਲ ਬੈਠੀਆਂ ਰਹੀਆਂ।
ਅਜੇ ਦਸ ਵੱਜੇ ਸਨ। ਦਿੱਲੀਓਂ ਭਾਈ ਨੇ ਗੱਡੀ ਤੇ ਆਉਣਾ ਸੀ ਤੇ ਉਹਦੇ ਆਉਣ ਤੇ ਹੀ ਦੋ ਵਜੇ ਸਸਕਾਰ ਹੋਣਾ ਸੀ। ਬਾਹਰ ਚੌੜੀ ਸੜਕ ਤੇ ਆ ਕੇ ਉਹਨਾਂ ਖੁੱਲ੍ਹਾ ਸਾਹ ਲਿਆ।
“ਚੱਲ ਯਾਰ! ਸ਼ੇਵ ਈ ਕਰਾ ਲਈਏ।” ਨਾਈ ਦੀ ਦੁਕਾਨ ਵੇਖਕੇ ਛੋਟੇ ਸਾਢੂ ਨੇ ਕਿਹਾ।
ਇਕ ਸ਼ੇਵ ਕਰਾਉਂਦਾ ਰਿਹਾ, ਦੂਜਾ ਅਖਬਾਰਾਂ ਵੇਖਦਾ ਰਿਹਾ। ਸਵੇਰੇ ਘੋਰ ਹਨੇਰੇ ਤੁਰਨ ਕਾਰਨ ਅਖਬਾਰ ਵੀ ਨਹੀਂ ਵੇਖੇ ਸਨ। ਅੱਧੇ ਘੰਟੇ ਬਾਦ ਉਹ ਫੇਰ ਵਿਹਲੇ ਸਨ।
“ਚੱਲ ਯਾਰ! ਕੁਝ ਪੇਟ-ਪੂਜਾ ਕਰਕੇ ਆਈਏ। ਤੜਕੇ ਦਾ ਚਾਹ ਦਾ ਕੱਪ ਈ ਪੀਤੈ।…”
ਬਜ਼ਾਰਾਂ ਦੀ ਰੌਣਕ ਵੇਖਦੇ ਹੋਏ ਉਹ ਮੇਨ ਬਜ਼ਾਰ ਵਿਚ ਆ ਨਿਕਲੇ। ਧੁੱਪ ਸੂਈਆਂ ਵਾਂਗ ਚੁਭ ਰਹੀ ਸੀ।
“ਬੜੇ ਕਲੋਟੇ ਫਸੇ ਯਾਰ! ਕਿਹੜੇ ਵੇਲੇ ਦੋ ਵੱਜਣਗੇ?” ਛੋਟਾ ਬੋਲਿਆ।
“ਦੋ ਵਜੇ ਦਾ ਵੀ ਕੀ ਪਤੈ? ਗੱਡੀ ਲੇਟ ਵੀ ਹੋ ਸਕਦੀ ਐ।” ਵੱਡੇ ਨੇ ਖਦਸ਼ਾ ਜਾਹਰ ਕੀਤਾ।
ਵੱਗ ਵਿੱਚੋਂ ਆਉਟਲੀ ਵੱਛੀ ਵਾਂਗ ਉਹ ਬੇਗਾਨੇ ਸ਼ਹਿਰ ਵਿਚ ਮਾਰੇ-ਮਾਰੇ ਫਿਰ ਰਹੇ ਸਨ। ਅਚਾਨਕ ਛੋਟਾ ਸਾਢੂ ਵੱਡੇ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਬੋਲਿਆ, “ਬੀਅਰ ਨਾ ਪੀਏ ਇਕ-ਇਕ।”
“ਕਮਾਲ ਕਰਦੈਂ ਸਹਿਗਲ ਤੂੰ ਵੀ! ਜੰਨ ਤਾਂ ਨੀ ਆਏ!” ਵੱਡਾ ਗੁੱਸੇ ਵਿਚ ਬੋਲਿਆ।
“ਵੇਖੋ ਸੱਭਰਵਾਲ ਸਾਹਬ! ਜਿਹੜਾ ਕੁਸ਼ ਹੋਣਾ ਸੀ, ਉਹ ਤਾਂ ਹੋ ਗਿਆ। ਹੁਣ ਬੰਦਾ ਤਾਂ ਮੁੜਦਾ ਨੀ…ਆਪਣੇ ਕੁਝ ਖਾਣ ਜਾਂ ਪੀਣ ਨਾਲ ਤਾਂ ਕੋਈ ਫਰਕ ਨੀ ਪੈਣਾ।”
“ਨਹੀਂ ਯਾਰ, ਕੋਈ ਵੇਖੂਗਾ ਤਾਂ ਕੀ ਕਹੂਗਾ।” ਵੱਡਾ ਬੋਲਿਆ।
“ਵੇਖਣ ਨੂੰ ਆਪਣੇ ਕੋਈ ਮਗਰ ਤੁਰਿਆ ਫਰਦੈ? ਐਥੇ ਐਡੇ ਸ਼ਹਿਰ ’ਚ ਆਪਾਂ ਨੂੰ ਕੌਣ ਜਾਣਦੈ?”
“ਨਹੀਂ ਯਾਰ, ਮੈਨੂੰ ਠੀਕ ਨਹੀਂ ਲਗਦਾ।” ਵੱਡੇ ਨੇ ਕਿਹਾ ਤਾਂ ਛੋਟਾ ਚੁੱਪ ਕਰ ਗਿਆ।
ਕੁਝ ਦੇਰ ਉਹ ਚੁੱਪ ਚਾਪ ਤੁਰੇ ਗਏ। ਵਾਪਸ ਘਰੇ ਮੁੜਨ ਦੇ ਖਿਆਲ ਨਾਲ ਦੋਵੇਂ ਅੱਕਲਕਾਣ ਜਿਹੇ ਹੋ ਗਏ। ਵੱਡੇ ਨੇ ਘੜੀ ਵੇਖੀ। ਅਜੇ ਗਿਆਰਾਂ ਵੱਜੇ ਸਨ।
ਅਚਾਨਕ ਸਾਹਮਣੇ ਬੀਅਰ-ਬਾਰ ਦੇ ਵੱਡੇ ਸਾਰੇ ਸਾਈਨ-ਬੋਰਡ ਉੱਤੇ ਗੌਡਫਾਦਰ ਨਾਲ ਝੱਗੋ ਝੱਗ ਭਰੇ ਮੱਗ ਨੂੰ ਹੱਥ ਵਿਚ ਫੜੀ ਵੱਡੀਆਂ ਮੁੱਛਾਂ ਵਾਲੇ ਆਦਮੀ ਦੀ ਤਸਵੀਰ ਵੇਖ ਵੱਡਾ ਬੋਲਿਆ, “ਚੱਲ ਯਾਰ! ਵੇਖੀ ਜਾਊ!”
ਤੇ ਦੋਵੇਂ ਸਾਢੂ ਚੋਰ-ਅੱਖਾਂ ਨਾਲ ਇੱਧਰ-ਉੱਧਰ ਵੇਖਦਿਆਂ ਤੇਜੀ ਨਾਲ ਬਾਰ ਵਿਚ ਵੜ ਗਏ।
-0-
Monday, May 18, 2009
ਬਦਲਦੇ ਰਿਸ਼ਤੇ
ਹਾਕਮ ਸਿੰਘ ਦੇ ਵੱਡੇ ਮੁੰਡੇ ਨਛੱਤਰ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਚੜ੍ਹਦੀ ਉਮਰੇ ਹੋਈ ਇਸ ਮੌਤ ਕਰਕੇ ਘਰ ਵਿਚ ਮਾਤਮ ਛਾ ਗਿਆ ਸੀ। ਉਸਦੀ ਜਵਾਨ ਪਤਨੀ ਬੁੜ੍ਹੀਆਂ ਦੇ ਹੱਥੋਂ ਛੁੱਟ ਲਾਸ਼ ਉੱਪਰ ਡਿੱਗਦੀ ਦੋ-ਹੱਥੜੀ ਪਿੱਟ ਰਹੀ ਸੀ। ਲਾਸ਼ ਦਾ ਸੰਸਕਾਰ ਹੋ ਗਿਆ। ਤੀਜੇ ਦਿਨ ਫੁੱਲ ਚੁਗੇ ਗਏ। ਫੁੱਲ ਚੁਗਾਉਣ ਆਏ ਨਛੱਤਰ ਦੇ ਸਹੁਰਿਆਂ ਵਿੱਚੋਂ ਇਕ ਬਜ਼ੁਰਗ ਨੇ ਹਾਕਮ ਸਿੰਘ ਕੋਲ ਗੱਲ ਤੋਰੀ, “ਹਾਕਮ ਸਿਹਾਂ, ਸਾਡੀ ਧੀ ਲਈ ਤਾਂ ਹੁਣ ਜਗ ’ਚ ਨ੍ਹੇਰ ਹੀ ਨ੍ਹੇਰ ਐ…ਪਹਾੜ ਜਿੱਡੀ ਜ਼ਿੰਦਗੀ ਲਈ ਕੋਈ ਆਸਰਾ ਚਾਹੀਦੈ। ਛੋਟੇ ਕਾਕੇ ਲਈ ਅਸੀਂ ਦੁਸਹਿਰੇ ਆਲੇ ਦਿਨ ਪੱਗ ਲਈ ਆਈਏ?…ਤੁਸੀਂ ਵਿਚਾਰ ਕਰਲੋ। ਰੱਬ ਦਾ ਭਾਣਾ ਮੰਨ ਕੇ ਦੋਵੇਂ ਧੀਆਂ ਇੱਕੋ ਚੁੱਲ੍ਹੇ ਰੋਟੀ ਖਾਈ ਜਾਣਗੀਆਂ…।”
“ਕੋਈ ਨਹੀਂ ਸਾਡੇ ਵੱਲੋਂ ਕੋਈ ਉਲਾਂਭਾ ਨਹੀਂ ਆਉਂਦਾ…” ਹਾਕਮ ਸਿੰਘ ਨੇ ਨਛੱਤਰ ਦੇ ਸਹੁਰਿਆਂ ਨੂੰ ਧਰਵਾਸਾ ਦਿੱਤਾ।
ਨਛੱਤਰ ਤੋਂ ਛੋਟੇ ਸਵਰਨ ਦੇ ਘਰ ਵਾਲੀ ਕਰਮਜੀਤ ਕੋਲ ਜਦੋਂ ਇਹ ਗੱਲ ਪੁੱਜੀ ਤਾਂ ਉਸ ਨੇ ਤਾਂ ਘਰ ਵਿਚ ਵਾਵੇਲਾ ਖੜਾ ਕਰ ਦਿੱਤਾ। ਸੱਸ ਸਹੁਰੇ ਨੇ ਸਵਰਨ ਨੂੰ ਵੀ ਰਾਜ਼ੀ ਕਰ ਲਿਆ। ਪਰੰਤੂ ਕਰਮਜੀਤ ਨੇ ਤਾਂ ਇਕ ਹੀ ਹਿੰਡ ਫੜ ਲਈ ਸੀ, “ਤੀਹੋਕਾਲ ਮੈਂ ਇਹ ਨਹੀਂ ਹੋਣ ਦੇਣਾ। ਮੈਂ ਆਪਣੇ ਸਾਂਈ ਨੂੰ ਕਿਵੇਂ ਵੰਡਦਿਆਂ…!”
ਕਰਮਜੀਤ ਦੇ ਇਸ ਫੈਸਲੇ ਦੀ ਉਸ ਦੇ ਪੇਕਿਆਂ ਨੇ ਵੀ ਹਿਮਾਇਤ ਕੀਤੀ। ਦੁਸਹਿਰੇ ਦਾ ਦਿਨ ਆ ਗਿਆ। ਕਰਮਜੀਤ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਸਨ। ਵਿਹੜੇ ਵਿਚ ਸੋਗ ਕਰਨ ਵਾਲਿਆਂ ਦੇ ਇੱਕਠ ਤੋਂ ਪਰ੍ਹਾਂ ਨਿਵੇਕਲੇ ਜਿਹੇ, ਹਾਕਮ ਸਿੰਘ, ਹਾਕਮ ਦੇ ਘਰੋਂ, ਸਵਰਨ, ਕਰਮਜੀਤ ਅਤੇ ਸਵਰਗੀ ਨਛੱਤਰ ਤੇ ਸਵਰਨ ਦੇ ਸਹੁਰੇ ਅਜੇ ਵੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਕਰਮਜੀਤ ਆਪਣੇ ਫੈਸਲੇ ਉੱਤੇ ਅੜੀ ਹੋਈ ਸੀ।
“ਗੱਲ ਸੁਣ ਲਉ ਸਾਰੇ…ਮੈਂ ਕਰੂੰ ਜ਼ਮੀਨ ਦੇ ਤਿੰਨ ਹਿੱਸੇ…ਤੀਜੇ ਹਿੱਸੇ ਦੀ ਦੇਊਂ ਸਵਰਨ ਨੂੰ…ਨਛੱਤਰ ਦੀ ਤੇ ਮੇਰੀ ਵੰਡ ਹੋਊਗੀ ਅੱਡ…ਮੈਂ ਤਾਂ ਚਾਹੁੰਦਾ ਸੀ ਕਿ ਵੰਡੀਆਂ ਨਾ ਪੈਣ ਅਤੇ ਸਾਰੀ ਦਾ ਮਾਲਕ ਬਣੇ ਸਵਰਨ…ਪਰ ਜੇ ਥੋਡੀ ਅੜੀ ਐ ਤਾਂ ਮੇਰੀ ਵੀ ਹੁਣ ਵੇਖਿਓ ਅੜੀ…।” ਖੂੰਡੇ ਦੇ ਸਹਾਰੇ ਉਠਦੇ ਹਾਕਮ ਸਿੰਘ ਨੇ ਆਪਣਾ ਫੈਸਲਾ ਸੁਣਾਇਆ।
ਸਵਰਨ ਦੇ ਸਹੁਰਿਆਂ ਦੇ ਮੂੰਹ ਅੱਡੇ ਰਹਿ ਗਏ। ਉਹ ਕਰਮਜੀਤ ਨੂੰ ਸਮਝਾਉਣ ਲੱਗੇ। ਜ਼ਮੀਨ ਦੀਆਂ ਵੰਡੀਆਂ ਵਾਲੀ ਗੱਲ ਨੇ ਸਭ ਨੂੰ ਢਿੱਲੇ ਕਰ ਦਿੱਤਾ।
ਭੋਗ ਉਪਰੰਤ ਨਛੱਤਰ ਦੇ ਸਹੁਰੇ ਸਵਰਨ ਦੇ ਪੱਗ ਬਨ੍ਹਾ ਕੇ ਚਲੇ ਗਏ।
-0-
Saturday, May 16, 2009
ਕਲਾ-ਕਿਰਤ
ਰੇਲਵੇ ਸਟੇਸ਼ਨ ਦੇ ਵਿਸ਼ਰਾਮ-ਘਰ ਦੀ ਬਾਹਰਲੀ ਥੜ੍ਹੀ ਉੱਤੇ ਉਸਨੂੰ ਨਾ ਵੇਖ ਕੇ ਉਹ ਘਬਰਾ ਜਿਹਾ ਗਿਆ। ਅਜੇ ਕੱਲ੍ਹ ਤਾਂ ਉਹ ਇੱਥੇ ਹੀ ਬੈਠਾ ਸੀ।
ਪਿਛਲੇ ਕਈ ਮਹੀਨਿਆਂ ਤੋਂ ਉਹ ਇਸ ਦਰਵੇਸ਼ ਮੰਗਤੇ ਨੂੰ ਵੇਖ ਰਿਹਾ ਸੀ। ਉਹ ਪਹਿਲੀ ਗੱਡੀ ਰਾਹੀਂ ਡਿਊਟੀ ਤੇ ਜਾਂਦਾ ਹੈ। ਉਹ ਕਲਾਕਾਰ ਹੈ ਤੇ ਆਪਣੇ ਰੰਗ-ਬੁਰਸ਼ ਨਾਲ ਹੀ ਰੱਖਦਾ ਹੈ।
ਉਹ ਮੰਗਤਾ ਕਿਸੇ ਤੋਂ ਕੁਝ ਮੰਗਦਾ ਨਹੀਂ, ਬੱਸ ਜੋ ਮਿਲ ਜਾਂਦਾ ਉਹੀ ਖਾ ਲੈਂਦਾ। ਆਲਸੀ ਜਿਹਾ, ਨਾ ਨਹਾਉਣ ਦਾ ਚਾਅ, ਨਾ ਦਾਤਣ-ਕੁਰਲਾ ਕਰਨ ਦੀ ਰੀਝ। ਸਦਾ ਲਿਬੜਿਆ ਜਿਹਾ ਰਹਿੰਦਾ। ਆਉਣ-ਜਾਣ ਵਾਲਿਆਂ ਵੱਲ ਹਸਰਤ ਨਾਲ ਵੇਖਦਾ। ਨੈਣ-ਨਕਸ਼ ਸੁਹਣੇ, ਅੱਖਾਂ ਵਿੱਚ ਅਜੀਬ ਜਿਹੀ ਚਮਕ। ਪਤਾ ਨਹੀਂ ਕਿਉਂ, ਉਹ ਜ਼ਿੰਦਗੀ ਤੋਂ ਹਾਰ ਮੰਨ ਬੈਠਾ।
ਕਲਾਕਾਰ ਉਸਨੂੰ ਰੋਜ਼ ਵੇਖਦਾ। ਉਹਦੇ ਮਨ ਵਿਚ ਉਸਦਾ ਚਿੱਤਰ ਬਣਾਉਣ ਦੀ ਖਾਹਿਸ਼ ਸੀ। ਕੱਲ੍ਹ ਉਹਨੂੰ ਸਮਾਂ ਮਿਲ ਗਿਆ। ਗੱਡੀ ਅੱਧਾ ਘੰਟਾ ਲੇਟ ਸੀ। ਉਹ ਉਸਦੇ ਨੇੜੇ ਇਕ ਬੈਂਚ ਉੱਤੇ ਜਾ ਬੈਠਾ ਤੇ ਉਸ ਵੱਲ ਵੇਖ ਕੇ ਕਾਗਜ ਉੱਪਰ ਬੁਰਸ਼ ਚਲਾਉਣ ਲੱਗਾ।
ਕਲਾਕਾਰ ਨੂੰ ਵਾਰ-ਵਾਰ ਤੱਕਦਾ ਵੇਖ, ਮੰਗਤਾ ਝੁੰਜਲਾ ਗਿਆ, “ਕੀ ਕਰਦੇ ਓਂ? ਮੈਨੂੰ ਇੰਜ ਕਿਉਂ ਘੂਰਦੇ ਓਂ?”
“ਕੁਝ ਨਹੀਂ, ਕੁਝ ਨਹੀਂ…ਬੱਸ…।”
ਪੰਦਰਾਂ ਮਿੰਟਾਂ ਵਿਚ ਹੀ ਚਿੱਤਰ ਤਿਆਰ ਕਰ ਕਲਾਕਾਰ ਨੇ ਉਸਨੂੰ ਵਿਖਾਇਆ ਤਾਂ ਉਹ ਬੋਲਿਆ, “ਇਹ ਕੌਣ?”
“ਇਹ ਤੂੰ ਹੀ ਹੈਂ…ਇਹ ਤੇਰਾ ਚਿੱਤਰ ਐ…ਤੇਰੀ ਫੋਟੋ…।”
“ਮੈਂ ਐੱਡਾ ਸੁਹਣਾ!” ਉਹ ਚਾਅ ਨਾਲ ਉੱਠ ਬੈਠਾ।
“ਹਾਂ, ਤੂੰ ਤਾਂ ਇਸ ਤੋਂ ਵੀ ਸੁਹਣਾ ਐਂ…ਬਹੁਤ ਸੁਹਣਾ!”
ਤੇ ਅੱਜ ਮੰਗਤੇ ਨੂੰ ਉੱਥੇ ਨਾ ਵੇਖ, ਕਲਾਕਾਰ ਨੇ ਉਸ ਬਾਰੇ ਸਟੇਸ਼ਨ ਮਾਸਟਰ ਤੋਂ ਪੁੱਛਿਆ।
ਉਹ ਕੱਲ੍ਹ ਤੁਹਾਡੇ ਜਾਣ ਬਾਦ ਨਲਕੇ ਹੇਠ ਨਹਾ ਕੇ ਮੇਰੇ ਕੋਲ ਆਇਆ ਸੀ। ਮੈਂ ਉਸਨੂੰ ਪਾਉਣ ਲਈ ਆਪਣਾ ਪੁਰਾਣਾ ਸੂਟ ਦੇ ਦਿੱਤਾ। ਸੂਟ ਪਾ ਕੇ ਉਹ ਬੜਾ ਖੁਸ਼ ਹੋਇਆ।
“ਪਰ ਉਹ ਗਿਆ ਕਿੱਥੇ?”
“ਉਹ ਵੇਖੋ, ਸਟੇਸ਼ਨ ਦਾ ਨਵਾਂ ਫਰਸ਼ ਲੱਗ ਰਿਹੈ। ਉੱਥੇ ਦਿਹਾੜੀ ਕਰਨ ਲੱਗਾ ਹੋਇਐ।”
ਕਲਾਕਾਰ ਨੇ ਉੱਧਰ ਆਪਣੀ ਜਿਉਂਦੀ ਜਾਗਦੀ ਕਲਾ-ਕਿਰਤ ਵੱਲ ਵੇਖਿਆ ਤੇ ਮੁਸਕਰਾ ਪਿਆ।
-0-
Saturday, May 2, 2009
ਅਹਿਸਾਸ
ਆਪਣੇ ਬੱਚੇ ਨੂੰ ਉਂਗਲੀ ਲਾਈ, ਜਿਉਂ ਹੀ ਮੈਂ ਬਾਜ਼ਾਰ ਵਿਚ ਦਾਖਲ ਹੋਇਆ ਤਾਂ ਬੱਚੇ ਨੇ ਫਰਮਾਇਸ਼ਾਂ ਦੀ ਝੜੀ ਲਾ ਦਿੱਤੀ। ਅਖੇ, ‘ਡੈਡੀ ਉਹ ਲੈਣਾ…! ਡੈਡੀ, ਆਹ ਲੈਣਾ…।’ ਤੇ ਮੈਂ ਲਾਰੇ-ਲੱਪੇ ਲਾ ਕੇ ਬੱਚੇ ਨੂੰ ਪਰਚਾਉਣ ਦੀ ਕੋਸ਼ਿਸ਼ ਕਰਦਾ ਰਿਹਾ।
ਮੈਨੂੰ ਪਤਾ ਸੀ ਕਿ ਮੇਰੀ ਜੇਬ ਦੀ ਸਮਰਥਾ ਬੱਚੇ ਲਈ ਇਕ ਰੁਪਏ ਦੀ ‘ਚੀਜ਼ੀ’ ਲੈ ਕੇ ਦੇਣ ਤੋਂ ਵੱਧ ਨਹੀਂ ਸੀ।
ਪਰ ਬੱਚਾ…?
‘ਡੈਡੀ ਉਹ ਲੈਣਾ…।’
‘ਉਹ ਕੀ…? ਫੁੱਟਬਾਲ ?’
‘ਹਾਂ…।’
‘ਨਹੀਂ ਬੇਟੇ, ਛੋਟੇ ਬੱਚੇ ਨ੍ਹੀਂ ਫੁੱਟਬਾਲ ਨਾਲ ਖੇਡਦੇ ਹੁੰਦੇ…।’
‘ਡੈਡੀ, ਮੈਂ ਤਾਂ ਉਹ ਲੈਣੀ ਆ, ਸ਼ਾਈਕਲੀ…।’
‘ਲੈ, ਤੂੰ ਹੁਣ ਕਿਤੇ ਛੋਟੈਂ, ਸਾਈਕਲੀ ਤਾਂ ਛੋਟੇ ਬੱਚੇ ਚਲਾਉਂਦੇ ਹੁੰਦੇ ਆ…’
ਮੈਂ ਬੱਚੇ ਨੂੰ ਇਉਂ ਧੂਹੀ ਲਿਜਾ ਰਿਹਾ ਸੀ, ਜਿਵੇਂ ਕਸਾਈ ਬਕਰੀ ਨੂੰ…। ਪਰ ਬਰਛੇ ਟੰਗਿਆ ਮੇਰਾ ਦਿਲ ਬੁਰੀ ਤਰ੍ਹਾਂ ਤੜਫ ਰਿਹਾ ਸੀ । ਵਾਹ ! ਮਜ਼ਬੂਰੀ !!
‘ਡੈਡੀ, ਉਹ ਲੈਣਾ…?’
‘ਉਹ ਕੀ…?’
‘ਡੈਡੀ ਉਹ…।’ ਬੱਚੇ ਉਂਗਲੀ ਸੇਧੀ, ‘ਉਹ…ਪਿਸਤੌਲ…।’
‘ਨਹੀਂ ਬੇਟੇ, ਪਿਸਤੌਲ ਨਾਲ ਨ੍ਹੀਂ ਖੇਡੀਦਾ, ਪੁਲਿਸ ਵਾਲੇ ਫੜ ਲੈਂਦੇ ਆ…।’
ਤੇ ਹੁਣ ਤਕ ਮੇਰੀ ਬੇਬਸੀ ਝੁੰਜਲਾ ਕੇ ਗੁੱਸੇ ਦਾ ਰੂਪ ਧਾਰਨ ਕਰ ਗਈ ਸੀ।
‘ਡੈਡੀ ਉਹ…।’ ਤੇ ਬਾਕੀ ਦੇ ਸ਼ਬਦ ਬੱਚੇ ਦੇ ਮੂੰਹੋਂ ਨਿਕਲਣ ਤੋਂ ਪਹਿਲਾਂ ਹੀ ਥੱਪੜ ਦੀ ਲਪੇਟ ਵਿਚ ਆ ਕੇ ਦਮ ਤੋੜ ਗਏ ਸਨ ।
ਤੇ ਬੱਚੇ ਦੀਆਂ ਮਾਸੂਮ ਅੱਖਾਂ ’ਚੋਂ ਵਹਿੰਦੇ ਹੰਝੂਆਂ ਵਿਚੋਂ ਮੈਨੂੰ ਆਪਣਾ ‘ਬਚਪਨ’ ਦਿਸਿਆ ਤੇ ਅੱਜ ਪਹਿਲੀ ਵਾਰ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਰੇ ਬਾਜ਼ਾਰ ਵਿਚ ਬਾਪੂ ਮੇਰੇ ‘ਥੱਪੜ’ ਕਿਉਂ ਮਾਰਦਾ ਹੁੰਦਾ ਸੀ।
-0-