ਡਾ. ਬਲਦੇਵ ਸਿੰਘ ਖਹਿਰਾ
ਰਿੰਪਲ ਆਪਣੇ ਛੋਟੇ ਭਰਾ ਦੇ ਵਿਆਹ ਪਿੰਡ ਆਈ ਹੋਈ ਸੀ। ਦੁਖਸੁਖ ਕਰਦਿਆਂ ਮਾਂ ਨੂੰ ਪਤਾ ਲੱਗਿਆ ਕਿ ਘਰ ਦੇ ਕੰਮਕਾਜ ਤੇ ਨੌਕਰੀ ਕਰਕੇ ਕੁੜੀ ਔਖੀ ਹੈ। ਵਾਪਸੀ ਵਾਲੇ ਦਿਨ ਮਾਂ ਦੀ ਆਵਾਜ਼ ਸੁਣ ਕੇ ਰਿੰਪਲ ਤੇ ਉਹਦਾ ਪਤੀ ਦੋਵੇਂ ਬਾਹਰ ਆ ਗਏ।
“ਰਿੰਪੀ! ਇਹ ਆਪਣੇ ਘੁੱਦੂ ਸੀਰੀ ਦੀ ਛੋਟੀ ਧੀ ਐ, ਏਸੇ ਸਾਲ ਪੰਜਵੀ ਜਮਾਤ ਪਾਸ ਕੀਤੀ ਐ।”
“ਅੱਛਾ!” ਰਿੰਪੀ ਫੁਲਕਾਰੀ ਵਾਲੀ ਚੁੰਨੀ ਨੂੰ ਤਹਿ ਲਾਉਂਦਿਆਂ ਬੋਲੀ।
“ਮਾਪਿਆਂ ਨੇ ਅੱਗੇ ਤਾਂ ਪੜ੍ਹਾਉਣੀ ਨੀ, ਖੌਰੇ ਵਿਆਹ ਬਾਰੇ ਸੋਚਣ ਲੱਗ ਪੈਣ…।”
“ਆਹੋ! ਏਹੀ ਕੁਸ਼ ਹੁੰਦੈ ਏਹਨਾਂ ’ਚ।”
“ਮੈਂ ਮਸਾਂ ਏਹਦੀ ਮਾਂ ਨੂੰ ਮਣਾਇਐ, ਦੋ ਚਾਰ ਸਾਲ ਆਪਣੇ ਕੋਲ ਰੱਖ ਲੈ, ਤੇਰੇ ਨਾਲ ਕੰਮ ਕਰਾ ਦੂ।”
ਕੁੜੀ ਦੀਆਂ ਅੱਖਾਂ ਕਿਸੇ ਉਮੀਦ ਨਾਲ ਚਮਕ ਪਈਆਂ।
“ਪਰ ਮਾਂ! ਏਹਦਾ ਰੰਗ ਤਾਂ ਦੇਖ ਕਿੰਨਾ ਕਾਲਾ ਐ…ਸਾਰੇ ਕੀ ਕਹਿਣਗੇ! ਉਹ ਦਬੀ ਆਵਾਜ਼ ਵਿਚ ਬੋਲੀ।
ਰਿੰਪਲ ਦਾ ਪਤੀ ਆਪਣੇ ਆਪ ਨੂੰ ਰੋਕ ਨਾ ਸਕਿਆ, “ਆਹ ਜਿਹੜਾ ਵਿਆਹ ’ਚ ਦੋ ਦਿਨ ਖਾਂਦੇ ਪੀਂਦੇ ਰਹੇ…ਏਹਨਾਂ ਦੇ ਹੱਥਾਂ ਦਾ ਤਾਂ ਖਾਂਦੇ ਰਹੇ ਆਂ…ਇਹਨੂੰ ਕੀ ਹੋਇਐ?…ਚੰਗੀ ਭਲੀ ਐ…ਤੰਦਰੁਸਤ ਐ।”
ਰਿੰਪਲ ਭੈੜਾ ਜਿਹਾ ਮੂੰਹ ਬਣਾ ਕੇ ਬੋਲੀ, “ਵਿਆਹ ਮੌਕੇ ਸਾਰਿਆਂ ਨਾਲ ਇਕ ਅੱਧ ਦਿਨ ਚਲ ਗਿਆ…ਉੱਥੇ ਸ਼ਹਿਰ ’ਚ…ਕਿੱਟੀ ਪਾਰਟੀ ’ਚ ਮੇਰੀਆਂ ਸਹੇਲੀਆਂ ਨੇ ਤਾਂ ਏਹਤੋਂ ਪਾਣੀ ਵੀ ਨੀ ਪੀਣਾ…ਆਖਰ ਮੇਰੇ ਸਟੇਟਸ ਦਾ ਸਵਾਲ ਐ।”
-0-
No comments:
Post a Comment