ਸੁਲੱਖਣ ਮੀਤ
ਭੇਤੀ ਨੇ ਜੰਗੀਰੇ ਚੋਰ ਨੂੰ ਦੱਸਿਆ, “ਅੱਜ ਰੁਪਾਲੇ ਚੋਰੀ ਹੋ ਸਕਦੀ ਐ”
“ਕਿਮੇਂ?” ਜੰਗੀਰੇ ਚੋਰ ਦੀਆਂ ਖੁਸ਼ੀ ਵਿਚ ਅੱਖਾਂ ਟੱਡੀਆਂ ਗਈਆਂ।
“ਘਰ ਆਲਾ ਘਰ ਨ੍ਹੀਂ।” ਭੇਤੀ ਦੀਆਂ ਅੱਖਾਂ ਵੀ ਟੱਡੀਆਂ ਹੋਈਆਂ ਸਨ।
“ਠੀਕ ਐ।” ਜੰਗੀਰੇ ਚੋਰ ਨੇ ਕੁਤਰੀਆਂ ਮੁੱਛਾਂ ਨੂੰ ਵੱਟ ਦਿੱਤਾ।
ਕੁੱਕੜ ਬੋਲਣ ਤੋਂ ਪਹਿਲਾਂ ਹੀ ਜੰਗੀਰਾ ਚੋਰ ਭੇਤੀ ਵੱਲੋਂ ਦੱਸੇ ਘਰ ਪੁੱਜ ਗਿਆ। ਅਗਲੇ ਹੀ ਪਲ ਉਹ ਟਰੰਕਾ ਅਤੇ ਪੇਟੀ ਕੋਲ ਖਲੋਤਾ ਸੀ।
ਤੇਜੋ ਨੂੰ ਚੋਰ ਦਾ ਸ਼ੱਕ ਹੋਇਆ। ਉਹ ਮਲਕੜੇ ਜਿਹੇ ਮੰਜੀ ਤੋਂ ਉੱਠੀ। ਬਿੱਲੀ ਵਾਂਗ ਦਬਵੇਂ ਪੈਰੀਂ ਉਹ ਸਵਿੱਚ ਕੋਲ ਪੁੱਜੀ। ਬਲਬ ਜਗਿਆ ਤਾਂ ਸੱਚ ਮੁੱਚ ਹੀ ਸਾਹਮਣੇ ਇਕ ਬੰਦਾ ਖੜਾ ਸੀ। ‘ਚੋਰ’ ਸ਼ਬਦ ਜਿਵੇਂ ਉਹਦੇ ਸੰਘ ਵਿਚ ਹੀ ਅੜ ਗਿਆ। ਤੇਜੋ ਅਤੇ ਜੰਗੀਰੇ ਨੇ ਇਕ ਦੂਜੇ ਨੂੰ ਪਹਿਚਾਣ ਲਿਆ ਸੀ। ਜੰਗੀਰੇ ਚੋਰ ਦੀਆਂ ਅੱਖਾਂ ਇਕ ਦਮ ਝੁਕ ਗਈਆਂ। ਤੇਜੋ ਨੇ ਪੁੱਛਆ, “ਵੇ ਜੰਗੀਰਿਆ, ਤੈਨੂੰ ਭੈਣ ਦਾ ਘਰ ਈ ਥਿਆਇਆ ਸੀ ਚੋਰੀ ਕਰਨ ਨੂੰ?”
“ਮੈਂ ਸੋਚਿਆ ਤਾਂ ਸੀ, ਬਈ ਸਾਡੇ ਪਿੰਡੋਂ ਇਕ ਕੁੜੀ ਰੁਪਾਲੇ ਬਿਆਹੀ ਬੀ ਤਾਂ ਹੈ, ਪਰ ਮੈਨੂੰ ਕੀ ਪਤਾ ਸੀ ਬਈ ਤੂੰ ਇਸੇ ਘਰ ਐਂ।” ਕਹਿਕੇ ਜੰਗੀਰਾ ਦੇਹਲੀ ਟੱਪਣ ਲੱਗਾ।
“ਹੁਣ ਕਿੱਧਰ ਜੰਗੀਰਿਆ?” ਤੇਜੋ ਨੇ ਉਸ ਦੀ ਬਾਂਹ ਫੜਦਿਆਂ ਕਿਹਾ।
“ਪਿੰਡ।” ਜੰਗੀਰੇ ਨੇ ਤੇਜੋ ਵੱਲ ਦੇਖੇ ਬਿਨਾ ਹੀ ਕਿਹਾ।
“ਬਹਿ ਜਾ। ਚਾਹ ਪੀ ਕੇ ਜਾਈਂ ਹੁਣ। ਮੈਂ ਚਾਹ ਧਰਦੀ ਆਂ।”
ਜੰਗੀਰਾ ਤੇਜੋ ਦੀ ਗੱਲ ਉੱਤੇ ਹੈਰਾਨ ਹੁੰਦਾ ਇਕ ਬੱਚੇ ਦੇ ਮੰਜੇ ਉੱਤੇ ਬੈਠ ਗਿਆ। ਚਾਹ ਆਉਣ ਤੀਕ ਜਿਵੇਂ ਉਹ ਪਛਤਾਉਂਦਾ ਹੀ ਰਿਹਾ। ਚਾਹ ਪੀ ਕੇ ਤੁਰਨ ਲੱਗਿਆਂ ਜੰਗੀਰੇ ਨੇ ਫਤੂਹੀ ਦੀ ਜੇਬ ਵਿੱਚੋਂ ਦਸਾਂ ਦਾ ਨੋਟ ਕੱਢਿਆ। ਫਿਰ ਉਸਨੇ ਉਹ ਨੋਟ ਤੇਜੋ ਦੇ ਠਰੇ ਜਿਹੇ ਹੱਥ ਵਿਚ ਘਸੋੜ ਜਿਹਾ ਦਿੱਤਾ।
“ਵੇ ਕੋਹੜੀਆ, ਆ ਕੀ?” ਤੇਜੋ ਨੇ ਮੁਸੇ ਜਿਹੇ ਨੋਟ ਵੱਲ ਵੇਖਦਿਆਂ ਪੁੱਛਿਆ।
“ਇਹ ਭਰਾ ਦਾ ਫਰਜ਼ ਬਣਦੈ, ਭੈਣੇ।” ਕਹਿ ਕੇ ਜੰਗੀਰਾ ਇਕ ਦਮ ਦੇਹਲੀਆਂ ਟੱਪ ਗਿਆ।
ਪਿੰਡ ਵਿਚ ਅਜੇ ਵੀ ਚੁੱਪ ਚਾਂ ਸੀ। ਕਿੱਧਰੇ ਵੀ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਨਹੀਂ ਸੀ ਆ ਰਹੀ।
-0-
No comments:
Post a Comment