ਸ਼ਿਆਮ ਸੁੰਦਰ ਅਗਰਵਾਲ
ਘਰ ਦੀ ਮਾਲਕਣ ਦਾ ਕਤਲ ਕਰ, ਸਾਰੀ ਨਕਦੀ ਤੇ ਜ਼ੇਵਰ ਥੈਲੇ ਵਿਚ ਸਮੇਟ ਸਾਧਾ ਜਦੋਂ ਮਕਾਨ ਤੋਂ ਬਾਹਰ ਨਿਕਲਿਆ ਤਾਂ ਲੋਕਾਂ ਦੀ ਨਿਗ੍ਹਾ ਵਿਚ ਆ ਗਿਆ। ‘ਚੋਰ-ਚੋਰ’ ਦਾ ਸ਼ੋਰ ਮਚ ਗਿਆ। ਘਬਰਾਹਟ ਵਿਚ ਸਾਧੇ ਤੋਂ ਸਕੂਟਰ ਵੀ ਸਟਾਰਟ ਨਾ ਹੋਇਆ। ਲੋਕਾਂ ਤੋਂ ਬਚਣ ਲਈ ਉਹ ਪੈਦਲ ਹੀ ਭੱਜ ਲਿਆ।
ਪੂਰਾ ਵਾਹ ਲਾ ਕੇ ਭੱਜਦਿਆਂ ਵੀ ਸਾਧੇ ਨੂੰ ਲੱਗ ਰਿਹਾ ਸੀ ਕਿ ਛੇਤੀ ਹੀ ਲੋਕ ਉਹਨੂੰ ਧੋਣੋਂ ਨੱਪ ਲੈਣਗੇ। ਆਪਣੇ ਬਚਾ ਲਈ ਉਹ ਪੁਲਿਸ ਥਾਣੇ ਵਿਚ ਵੜ ਗਿਆ।
ਸਾਧੇ ਪਿੱਛੇ ਲੱਗੀ ਭੀੜ ਨੂੰ ਵੇਖ ਥਾਣੇਦਾਰ ਨੂੰ ਲੱਗਾ ਕਿ ਉਹ ਉਸਨੂੰ ਬਚਾ ਨਹੀਂ ਸਕੇਗਾ। ਉਹਨੇ ਸਾਧੇ ਨੂੰ ਦੂਜੇ ਰਸਤੇ ਤੋਂ ਬਾਹਰ ਕੱਢ ਦਿੱਤਾ। ਜਦੋਂ ਸਾਧਾ ਥਾਣੇ ਤੋਂ ਬਾਹਰ ਨਿਕਲਿਆ ਤਾਂ ਉਹਦਾ ਥੈਲਾ ਪਹਿਲਾਂ ਨਾਲੋਂ ਹਲਕਾ ਹੋ ਗਿਆ ਸੀ।
ਲੋਕਾਂ ਨੂੰ ਥਾਣੇਦਾਰ ਦੀ ਕਰਤੂਤ ਦਾ ਪਤਾ ਲੱਗ ਗਿਆ। ਉਹ ਫਿਰ ਤੋਂ ਸਾਧੇ ਮਗਰ ਭੱਜ ਤੁਰੇ।
ਸਾਧੇ ਨੂੰ ਆਪਣੀ ਜਾਨ ਫਿਰ ਤੋਂ ਕੁੜੱਕੀ ਵਿਚ ਫਸੀ ਲੱਗੀ। ਉਹ ਘਬਰਾ ਗਿਆ। ਉਹਨੂੰ ਡਰ ਸੀ ਕਿ ਜੇ ਫੜਿਆ ਗਿਆ ਤਾਂ ਲੋਕ ਉਹਨੂੰ ਜ਼ਿੰਦਾ ਨਹੀਂ ਛੱਡਣਗੇ। ਉਹਨੇ ਆਪਣਾ ਸਾਰਾ ਜ਼ੋਰ ਲਾਇਆ ਤੇ ਭੱਜ ਕੇ ਵੱਡੇ ਲੀਡਰ ਦੀ ਕੋਠੀ ਵਿਚ ਦਾਖਲ ਹੋ ਗਿਆ।
ਜਦੋਂ ਤਕ ਲੋਕ ਲੀਡਰ ਦੀ ਕੋਠੀ ਉੱਤੇ ਪਹੁੰਚ ਕੋਈ ਕਾਰਵਾਈ ਕਰਦੇ, ਉਸ ਤੋਂ ਪਹਿਲਾਂ ਹੀ ਸਾਧੇ ਨੂੰ ਪਿਛਲੇ ਦਰਵਾਜੇ ਤੋਂ ਕਾਰ ਰਾਹੀਂ ਭਜਾ ਦਿੱਤਾ ਗਿਆ।
ਸਾਧਾ ਜਦੋਂ ਆਪਣੇ ਟਿਕਾਣੇ ਉੱਤੇ ਪਹੁੰਚਿਆ, ਉਹਦੇ ਥੈਲੇ ਵਿਚ ਕੁੱਝ ਜ਼ੇਵਰ ਹੀ ਬਚੇ ਸਨ।
-0-
1 comment:
ਕਿੰਨੀਆਂ ਹੀ ਸਚਾਈਆਂ ਦਾ ਪਰਦਾ ਫਾਸ਼ ਕੀਤਾ ਹੈ..ਅਗਰਵਾਲ਼ ਜੀ ਦੀ ਕਲਮ ਨੇ !
ਸਾਧੂਆਂ ਦੇ ਭੇਸ 'ਚ ਸਾਡੇ ਚਾਰੇ ਪਾਸੇ ਚੋਰ-ਹੀ-ਚੋਰ ਨੇ।
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਰਾਖੀ ਕੌਣ ਕਰੂ ???
ਹਰਦੀਪ
Post a Comment