ਹਰਭਜਨ ਖੇਮਕਰਨੀ
ਬੀ.ਐਸ. ਗਿੱਲ ਦੀ ਨੇਮ-ਪਲੇਟ ਪੜ੍ਹਦਿਆਂ ਅਮਰੀਕ ਸਿੰਘ ਗਿੱਲ ਨੇ ਬੈੱਲ ਵਜਾਈ ਤਾਂ ਇਕ ਬਜ਼ੁਰਗ ਨੇ ਗੇਟ ਖੋਲ੍ਹਿਆ ।
'ਗਿੱਲ ਸਾਹਿਬ ਨੂੰ ਮਿਲਣੈ, ਦਫਤਰੋਂ ਆਇਐਂ ।' ਬਜ਼ੁਰਗ ਨੂੰ ਸਤਿਕਾਰ ਦੇਂਦਿਆਂ ਉਸ ਨੇ ਕਿਹਾ ।
'ਲੰਘ ਆਓ, ਬੈਠਕ ਵਿਚ ਬੈਠੇ ਨੇ ।'
ਉਹ ਬੈਠਕ ਵੱਲ ਹੋ ਗਿਆ ਤਾਂ ਉਹ ਬਜ਼ੁਰਗ ਵੀ ਆ ਗਿਆ । ਗਿੱਲ ਸਾਹਿਬ ਨੇ ਆਪਣੇ ਪਿਤਾ ਜੀ ਨਾਲ ਉਸਦੀ ਜਾਣ ਪਛਾਣ ਕਰਾਈ, 'ਬਾਪੂ ਜੀ, ਇਹ ਅਮਰੀਕ ਸਿੰਘ ਗਿੱਲ ਮੇਰੇ ਨਾਲ ਹੀ ਅਫਸਰ ਨੇ ।'
'ਇਹ ਤਾਂ ਫਿਰ ਆਪਣੇ ਹੀ ਹੋਏ ਕਿ ?' ਚਿਹਰੇ ਤੇ ਮੁਸਕਰਾਹਟ ਲਿਆਉਂਦਿਆਂ ਬਜ਼ੁਰਗ ਨੇ ਕਿਹਾ।
ਦਫਤਰੀ ਮਸਲਿਆਂ ਤੋਂ ਵਿਹਲੇ ਹੋ ਉਹ ਘੁੱਟ ਘੁੱਟ ਲਾਉਣ ਲੱਗ ਪਏ ਤਾਂ ਬਜ਼ੁਰਗ ਵੀ ਉਨ੍ਹਾਂ ਦਾ ਸਾਥੀ ਬਣ ਗਿਆ । ਅਮਰੀਕ ਸਿੰਘ ਗਿੱਲ ਨੂੰ ਧਰਮ ਪਾਲ ਵੱਲੋਂ ਖਲਾਅ ਵਿਚ ਛੱਡੇ ਅਧੂਰੇ ਵਾਕ 'ਗਿੱਲ ਸਾਹਿਬ ਦਾ ਗੋਤੀ ਅਫਸਰ ਆ ਰਿਐ, ਹੁਣ ਲੱਗ ਜਾਣਗੇ ਪਤੇ ਬਈ…ਕਹਿੰਦੇ ਆ ਨਾ ਕਿ ਇਕ ਇਕ ਤੇ ਦੋ ਯਾਰਾਂ' ਨੇ ਸਵੇਰ ਤੋਂ ਹੀ ਪ੍ਰੇਸ਼ਾਨ ਕੀਤਾ ਹੋਇਆ ਸੀ । ਇਸ ਅਧੂਰੇ ਵਾਕ ਵਿਚ ਕੜਵਾਹਟ, ਈਰਖਾ, ਡਰ…ਕਿੰਨਾ ਕੁਝ ਆਪਣੇ ਆਪ ਆ ਰਲਿਆ ਸੀ । ਸ਼ਾਇਦ ਗੋਤ-ਭਾਈ ਸਮਝਦਿਆਂ ਹੀ ਮੈਨੂੰ ਘਰ ਬੁਲਾਇਆ ਹੋਵੇ । ਤੀਸਰੇ ਪੈੱਗ ਦੇ ਖਤਮ ਹੁੰਦਿਆਂ ਹੀ ਉਹ ਨਸ਼ੇ ਦੇ ਲੋਰ ਵਿਚ ਬੋਲਿਆ, 'ਗਿੱਲ ਸਾਹਿਬ ! ਸ਼ਾਇਦ ਗੋਤ-ਭਾਈ ਹੋਣ ਕਰਕੇ ਤੁਸੀਂ ਆਹ ਖੇਚਲ ਕੀਤੀ ਏ, ਪਰ ਜਿਹੜੀ ਗੱਲ ਚਾਰ ਦਿਨਾਂ ਨੂੰ ਕਿਸੇ ਨੇ ਕਹਿਣੀ ਆ ਉਹ ਮੈਂ ਹੀ ਦਸ ਦੇਣਾ ਚਾਹਾਂਗਾ ਕਿ ਮੈਂ ਗਿੱਲ ਨਹੀਂ ਹਾਂ । ਇਹ ਤਾਂ ਮੇਰਾ ਪਿੰਡ ਗਿੱਲ-ਕਲਾਂ ਹੋਣ ਕਰਕੇ ਮੇਰੇ ਨਾਂ ਨਾਲ ਜੁੜ ਗਿਐ ।'
' ਛੱਡ ਯਾਰ ਇਹਨਾਂ ਗੱਲਾਂ ਨੂੰ । ਪੰਜਾਹ ਸਾਲ ਹੋ ਗਏ ਆਪਾਂ ਨੂੰ ਆਜ਼ਾਦ ਹੋਇਆਂ, ਪਰ ਇਸ ਜਾਤ ਗੋਤ ਨੇ ਸਾਨੂੰ ਅਜੇ ਵੀ ਓਨਾ ਈ ਜਕੜਿਆ ਏ, ਜਿੰਨਾ ਪੰਜ ਸੌ ਸਾਲ ਪਹਿਲਾਂ । ਤੇਰੀ ਇਸ ਸਾਫਗੋਈ ਨੇ ਮੇਰੇ ਦਿਲ ਵਿਚ ਹੋਰ ਇੱਜ਼ਤ ਵਧਾ ਦਿੱਤੀ ਏ, ਉਂਜ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਮਜ਼੍ਹਬੀ-ਗਿੱਲ ਏਂ ।'
ਇੰਨੀ ਗੱਲ ਸੁਣਦਿਆਂ ਹੀ ਬਜ਼ੁਰਗ ਦੇ ਮੱਥੇ ਤੇ ਤਿਉੜੀਆਂ ਉਭਰ ਆਈਆਂ । ਅਮਰੀਕ ਸਿੰਘ ਪੈੱਗ ਖਾਲੀ ਕਰਦਿਆਂ ਉੱਠਿਆ ਤੇ ਇਜ਼ਾਜ਼ਤ ਲੈ ਗੇਟ ਵੱਲ ਵਧਿਆ । ਅਜੇ ਉਹ ਸਕੂਟਰ ਸਟਾਰਟ ਕਰਨ ਹੀ ਲੱਗਾ ਸੀ ਕਿ ਉਸ ਨੇ ਸ਼ੀਸ਼ੇ ਦਾ ਗਲਾਸ ਟੁੱਟਣ ਦੀ ਆਵਾਜ਼ ਇਸ ਤਰ੍ਹਾਂ ਦੀ ਸੁਣੀ ਜਿਉਂ ਗਲਾਸ ਨੂੰ ਜਾਣ ਬੁੱਝ ਕੇ ਕੰਧ ਨਾਲ ਮਾਰਿਆ ਗਿਆ ਹੋਵੇ ।
-0-
No comments:
Post a Comment