-moz-user-select:none; -webkit-user-select:none; -khtml-user-select:none; -ms-user-select:none; user-select:none;

Thursday, April 16, 2009

ਕੰਮ ਵਾਲੀਆਂ

ਸ਼ਿਆਮ ਸੁੰਦਰ ਅਗਰਵਾਲ

ਨਾਲ ਦੀ ਗਲੀ ਵਿੱਚੋਂ ਲੰਘਦੇ ਸਮੇਂ ਮੈਡਮ ਪ੍ਰਿਤਪਾਲ ਦੇ ਘਰ ਦਾ ਗੇਟ ਖੁੱਲਾ ਵੇਖ, ਮੇਰੇ ਪੈਰ ਠਿਠਕ ਗਏ। ਨੌਂ ਵੱਜ ਚੁੱਕੇ ਸਨ। ਪ੍ਰਿਤਪਾਲ ਤੇ ਉਹਦਾ ਘਰਵਾਲਾ ਤਾਂ ਸਵਾ ਕੁ ਅੱਠ ਵਜੇ ਹੀ ਨਿਕਲ ਜਾਂਦੇ ਹਨ ਘਰੋਂ, ਸਮੇ ਸਿਰ ਡਿਊਟੀ ਤੇ ਪਹੁੰਚਣ ਲਈ। ਸੁੱਖ ਤਾਂ ਹੈ ? ਦੀ ਸੋਚ ਆਈ ਤੇ ਕਾਲ-ਬੈੱਲ ਦਾ ਬਟਨ ਦਬਾ ਮੈਂ ਘਰ ਅੰਦਰ ਦਾਖਲ ਹੋ ਗਈ। ਉਂਜ ਵੀ ਪ੍ਰਿਤਪਾਲ ਨੂੰ ਮਿਲੇ ਕਈ ਦਿਨ ਹੋ ਗਏ ਸਨ।

ਪ੍ਰਿਤਪਾਲ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਫਿਰ ਖਿੱਚ ਕੇ ਡਰਾਇੰਗ ਰੂਮ ਵਿਚ ਲੈ ਗਈ।

" ਕੀ ਗੱਲ ਅੱਜ ਸਕੂਲ ਨਹੀਂ ਗਈ ? ਠੀਕ ਤਾਂ ਐਂ ?"

" ਭਿਦੀਏ, ਦੋ ਕੱਪ ਚਾਹ ਦੇ ਬਣਾਈਂ," ਦਾ ਹੁਕਮ ਦੇ ਕੇ ਉਹ ਬੋਲੀ, " ਇਹੋ ਜੀ ਤਾਂ ਕੋਈ ਗੱਲ ਨਹੀਂ। ਤਿੰਨ ਦਿਨ ਦੇ ਕਪੜੇ ਧੋਣ ਵਾਲੇ ਸਨ।"

" ਕੀ ਗੱਲ ਕੰਮ ਵਾਲੀ ਨਹੀਂ ਔਂਦੀ ?"

" ਕੰਮ ਵਾਲੀ ਤਾਂ ਭੈਣੇ, ਹਟਾਤੀ। ਲੋੜ ਵੀ ਨਹੀਂ ਰਹੀ ਜਦੋਂ ਦੀ ਆਹ ਨੇੜਲੇ ਬਸੰਤ ਨਗਰ ਵਾਲੇ ਸਕੂਲ 'ਚ ਬਦਲੀ ਹੋਈ ਐ।"

" ਕਿਉਂ ?" ਮੈਂ ਹੈਰਾਨ ਸੀ।

" ਪਿੰਡਾਂ ਦੀਆਂ ਕੁੜੀਆਂ ਆਉਂਦੀਐਂ ਪੜ੍ਹਨ ਸਕੂਲ 'ਚ। ਜਰਾ ਸਵਖਤੇ ਆ ਕੇ ਕਪੜੇ ਧੋ ਜਾਂਦੀਐਂ।" ਉਹ ਥੋੜੀ ਧੀਮੀ ਅਵਾਜ਼ ਵਿਚ ਬੋਲੀ।

ਤਦੇ ਬਾਰਾਂ-ਤੇਰਾਂ ਸਾਲ ਦੀ ਇਕ ਕੁੜੀ ਹੱਥ ਵਿਚ ਪੋਚਾ ਲਈ ਕਮਰੇ ਵਿਚ ਆਈ ਤਾਂ ਮੈਂ ਪ੍ਰਿਤਪਾਲ ਨੂੰ ਇਸ਼ਾਰੇ ਨਾਲ ਹੀ ਪੁੱਛਿਆ, " ਇਹ ਵੀ ?"

" ਇਹ ਛਿੰਦਰ ਐ, ਬੜੀ ਸਿਆਣੀ ਕੁੜੀ ਐ। ਅਜੇ ਸਤਵੀਂ 'ਚ ਪੜ੍ਹਦੀ ਐ, ਪਰ ਪੋਚੇ ਬੜੇ ਸੋਹਣੇ ਲਾਉਂਦੀ ਐ।" ਉਹਨੇ ਕੁੜੀ ਨੂੰ ਵੜਿਆਉਂਦੇ ਹੋਏ ਮੇਰੀ ਗੱਲ ਦਾ ਜਵਾਬ ਦਿੱਤਾ।

ਅੱਠਵੀਂ ਵਿਚ ਪੜ੍ਹਦੀ ਇਕ ਕੁੜੀ ਚਾਹ ਦੇ ਦੋ ਕੱਪ ਰੱਖ ਗਈ।

ਚਾਹ ਦੀ ਘੁੱਟ ਭਰਕੇ ਮੈਂ ਪੁੱਛਿਆ, " ਇਹ ਸਕੂਲ ਲੇਟ ਜਾਂਦੀਆਂ ਨੇ ਤਾਂ ਕੋਈ ਕੁੱਝ ਨਹੀਂ ਕਹਿੰਦਾ ?"

ਕਹਿਣਾ ਕੀਹਨੇ ਐ, ਮੈਂ ਹੀ ਮੁਖੀ ਆਂ ਸਕੂਲ ਦੀ।"

" ਪੜ੍ਹਾਈ ਦਾ ਹਰਜ਼ ਤਾਂ ਹੁੰਦਾ ਹੀ ਹੋਣਾ ਵਿਚਾਰੀਆਂ ਦਾ ?"

" ਪੜ੍ਹਾਈ ਦਾ ਕਾਹਦਾ ਹਰਜ਼! ਇਨ੍ਹਾਂ ਨੂੰ ਪਾਸ ਹੋਣ ਤਾਈਂ ਮਤਲਬ ਐ। ਉਹ ਮੈਂ ਇਨ੍ਹਾਂ ਨਾਲ ਵਾਦਾ ਕੀਤਾ ਹੋਇਐ, ਪਾਸ ਕਰਾਉਣ ਦਾ। ਤਾਂ ਹੀ ਇਹ ਮਨ ਲਾ ਕੇ ਕੰਮ ਕਰਦੀਐਂ।"

-0-


--
SHYAM SUNDER AGGARWAL
MOBILE-09888536437

1 comment:

Anonymous said...

ਅਗਰਵਾਲ਼ ਸਾਹਿਬ,
ਨਹੀਂ ਜਵਾਬ ਆਪ ਦੀ ਲੇਖਣੀ ਦਾ...ਕਮਾਲ ਤੇ ਬੱਸ ਕਮਾਲ.....!!
ਵਾਹ ਨੀ ਵਾਹ ਵੱਡੀ ਭੈਣਜੀਏ...ਤੇਰੇ ਤੋਂ ਹੋਰ ਉਮੀਦ ਵੀ ਕੋਈ ਕੀ ਕਰ ਸਕਦਾ ਹੈ...ਏਹੋ ਤਸਵੀਰ ਤਾਂ ਮਿਲ਼ਦੀ ਹੈ ਸਾਨੂੰ ਹਰ ਪਿੰਡ ਦੇ ਸਕੂਲ ਦੀ...ਜਿਥੇ ਇਹੋ ਜਿਹੀ ਮੱਤ ਦਾ ਵਾਸਾ ਹੋਏ ਓਥੇ ਕਿਸੇ ਤਰੱਕੀ ਦੀ ਕੋਈ ਕਿਵੇਂ ਆਸ ਕਰੇ??
ਇਹ ਪੋਚੇ ..ਤੇ ਚਾਹ ਦਾ ਕੱਪ ਬਣਾਉਣਾ ਤਾਂ ਆਵਦੀਆਂ ਮਾਵਾਂ ਤੋਂ ਵੀ ਸਿੱਖ ਲੈਣਗੀਆਂ....ਜਿਹੜਾ ਇਲਮ ਤੇਰੇ ਕੋਲ਼ ਹੈ ...ਓਹ ਓਹਨਾਂ ਦੀ ਝੋਲ਼ੀ ਪਾ ਦੇ...ਨਹੀਂ ਤਾਂ ਇਹਨਾਂ ਦੀਆਂ ਬਦ-ਅਸੀਸਾਂ ਤੈਨੂੰ ਏਥੇ ਹੀ ਨਰਕ ਵਿਖਾ ਦੇਣਗੀਆਂ ।

ਹਰਦੀਪ