-moz-user-select:none; -webkit-user-select:none; -khtml-user-select:none; -ms-user-select:none; user-select:none;

Sunday, April 26, 2009

ਸੰਤੂ

ਸ਼ਿਆਮ ਸੁੰਦਰ ਅਗਰਵਾਲ

ਅਧਖੜ ਉਮਰ ਦਾ ਸਿਧਰਾ ਜਿਹਾ ਸੰਤੂ ਬੇਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਹਨੂੰ ਸੁਚੇਤ ਕੀਤਾ, " ਧਿਆਨ ਨਾਲ ਚੜ੍ਹੀਂ । ਪੌੜੀਆਂ 'ਚ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਐਂ । ਡਿੱਗ ਨਾ ਪਈਂ ।"

" ਚਿੰਤਾ ਨਾ ਕਰੋ ਜੀ, ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜ੍ਹਦਾ ਨਹੀਂ ਡਿੱਗਦਾ ।"

ਤੇ ਸਚਮੁਚ ਵੱਡੀਆਂ-ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਢੌਂਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ ਸੀ ਫਿਸਲਿਆ ।

ਦੋ ਰੁਪਏ ਦਾ ਇੱਕ ਨੋਟ ਅਤੇ ਚਾਹ ਦਾ ਕੱਪ ਦਿੰਦਿਆਂ ਪਤਨੀ ਨੇ ਕਿਹਾ, " ਸੰਤੂ, ਤੂੰ ਰੋਜ਼ ਆ ਕੇ ਪਾਣੀ ਭਰ ਜਿਆ ਕਰ ।"

ਚਾਹ ਦੀਆਂ ਚੁਸਕੀਆਂ ਲੈਂਦੇ ਸੰਤੂ ਨੇ ਖੁਸ਼ ਹੁੰਦਿਆਂ ਕਿਹਾ, " ਰੋਜ਼ ਵੀਹ ਰੁਪਏ ਬਣ ਜਾਂਦੇ ਐ ਪਾਣੀ ਦੇ । ਕਹਿੰਦੇ ਐ ਅਜੇ ਮਹੀਨਾ ਪਾਣੀ ਨਹੀਂ ਔਂਦਾ । ਮੌਜਾਂ ਲੱਗ ਗਈਆਂ ।"

ਉਸੇ ਦਿਨ ਨਹਿਰ ਵਿਚ ਪਾਣੀ ਆ ਗਿਆ ਤੇ ਟੂਟੀ ਵਿਚ ਵੀ ।

ਅਗਲੀ ਸਵੇਰ ਪੌੜੀਆਂ ਚੜ੍ਹ ਜਦੋਂ ਸੰਤੂ ਨੇ ਪਾਣੀ ਲਈ ਬਾਲਟੀ ਮੰਗੀ ਤਾਂ ਪਤਨੀ ਨੇ ਕਿਹਾ, " ਹੁਣ ਤਾਂ ਲੋੜ ਨਹੀਂ, ਰਾਤ ਉੱਪਰ ਈ ਟੂਟੀ ਵਿਚ ਪਾਣੀ ਆ ਗਿਆ ਸੀ ।"

" ਨਹਿਰ 'ਚ ਪਾਣੀ ਆ ਗਿਆ !" ਸੰਤੂ ਨੇ ਹਉਕਾ ਲਿਆ ਤੇ ਵਾਪਸੀ ਲਈ ਪੌੜੀਆਂ ਵੱਲ ਕਦਮ ਘੜੀਸਣ ਲੱਗਾ । ਕੁਝ ਛਿਣ ਬਾਦ ਹੀ ਕਿਸੇ ਦੇ ਪੌੜੀਆਂ ਵਿੱਚੋਂ ਡਿੱਗਣ ਦੀ ਆਵਾਜ਼ ਆਈ । ਮੈਂ ਭੱਜ ਕੇ ਵੇਖਿਆ, ਸੰਤੂ ਵਿਹੜੇ ਵਿਚ ਮੂਧੇ ਮੂੰਹ ਪਿਆ ਸੀ ।

-0-



--
SHYAM SUNDER AGGARWAL
MOBILE-09888536437

1 comment:

Anonymous said...

ਸ਼ਿਆਮ ਸੁੰਦਰ ਜੀ,
ਜ਼ਿੰਦਗੀ ਦੀ ਹਕੀਕਤ ਬਿਆਨ ਕੀਤੀ ਹੈ ਤੁਸਾਂ ਨੇ...
ਕਿੰਨਾ ਦਰਦ ਭਰਿਆ ਹੈ ਏਸ ਕਹਾਣੀ 'ਚ ..ਇਹ ਕਹਾਣੀ ਨਹੀਂ ਸਚਾਈ ਹੈ.....ਪਤਾ ਨਹੀਂ ਹਰ ਰੋਜ਼ ਕਿੰਨੇ ਸੰਤੂਆਂ ਦੇ ਜਦੋਂ ਢਿੱਡ 'ਚ ਲੱਤ ਵਜਦੀ ਹੈ ਤਾਂ ਵਿਚਾਰੇ ਕਿਵੇਂ ਮੂਧੇ ਮੂੰਹ ਡਿੱਗਦੇ ਨੇ...?? ਇਹ ਤਾਂ ਗਿਣਤੀ ਕਰਨੀ ਵੀ ਔਖੀ ਹੈ।

ਹਰਦੀਪ