ਦਰਸ਼ਨ
ਜੋਗਾ
“ਕੱਲ੍ਹ ਜੋ ਪਾਠ ਪੜ੍ਹਾਇਆ ਸੀ, ਉਸ ਨੂੰ ਸਾਰੇ ਯਾਦ ਕਰੋ।” ਕਹਿੰਦਿਆਂ ਅਧਿਆਪਕਾ ਕੁਰਸੀ ਉੱਤੇ ਬੈਠ ਗਈ।
ਲੜਕੇ ਅਤੇ ਲੜਕੀਆਂ ਪਾਠ ਯਾਦ ਕਰਨ ਲੱਗੇ। ਪਿਛਾਂਹ ਬੈਠੀਆਂ ਦੋ ਲੜਕੀਆਂ ਆਪਸ ਵਿਚ ਹੌਲੀ-ਹੌਲੀ
ਕੁਝ ਕਹਿ ਰਹੀਆਂ ਸਨ।
“ਹਾਏ-ਹਾਏ ਨੀ ਦੱਸਾਂ ਮੈਡਮ ਨੂੰ!” ਇਕ ਲੜਕੀ ਇਕਦਮ ਉੱਚੀ ਆਵਾਜ਼ ਵਿਚ ਹੋਲੀ, ਜਿਵੇਂ ਦੂਸਰੀ ਨੇ ਕੋਈ ਬਹੁਤ ਹੀ ਗਲਤ ਗੱਲ ਕਹਿ
ਦਿੱਤੀ ਹੋਵੇ।
ਅਧਿਆਪਕਾ ਅਵਾਜ਼ ਸੁਣਦਿਆਂ ਇਕਦਮ ਲਾਲ-ਪੀਲੀ ਹੁੰਦੀ ਕੜਕੀ, “ਇੱਧਰ ਆਓ ਨੀ ਕੀ ਕਰਦੀਓਂ, ਕੀ ਕਹਿੰਦੀ ਸੀ ਦੱਸ ਤੂੰ?”
ਅਧਿਆਪਕਾ ਨੇ ਲੜਕੀ ਨੂੰ ਕੋਲ ਬੁਲਾ ਕੇ ਡਾਂਟਣਾ ਸ਼ੁਰੂ ਕਰ ਦਿੱਤਾ।
ਲੜਕੀ ਅਧਿਆਪਕਾ ਅੱਗੇ ਨੀਵੀਂ ਪਾਈ ਚੁੱਪ ਖੜੀ ਸੀ।
“ਨੀ ਬੋਲਦੀ ਕਿਉਂ ਨ੍ਹੀਂ? ਘਰਦੇ ਥੋਨੂੰ ਪੜ੍ਹਨ ਭੇਜਦੇ ਐ, ਤੁਸੀਂ ਪਤਾ ਨ੍ਹੀਂ ਕੀ ਊਲ-ਜਲੂਲ ਕਰਦੀਆਂ ਰਹਿਨੀਉਂ। ਫਟਾਫਟ
ਦੱਸ, ਨਹੀਂ ਤਾਂ ਡੰਡਾ ਐ ਮੇਰੇ ਕੋਲ…।”
“ਤੂੰ ਦੱਸ ਨੀਂ, ਕੀ ਕਹਿੰਦੀ ਸੀ ਤੈਨੂੰ ਇਹ? ਅਧਿਆਪਕਾ ਦਾ ਗੁੱਸਾ ਦੂਜੀ ਲੜਕੀ ਵੱਲ ਵੀ ਵਰ੍ਹ ਰਿਹਾ ਸੀ।
ਉਹ ਵੀ ਅਧਿਆਪਕਾ ਦਾ ਗੁੱਸਾ ਵੇਖਕੇ ਬੋਲ ਨਾ ਸਕੀ।
“ਥੋਨੂੰ ਸ਼ਰਮ ਨ੍ਹੀਂ ਆਉਂਦੀ, ਹੁਣ ਬੋਲਦੀਆਂ ਕਿਉਂ ਨ੍ਹੀਂ? ਹਾਂ ਦੱਸ, ਨਹੀਂ ਮੈਂ ਤੈਨੂੰ ਜਮਾਤ ’ਚੋਂ ਬਾਹਰ ਕੱਢ ਦੂੰ,
ਨਾਲੇ ਤੇਰੇ ਘਰਦਿਆਂ ਨੂੰ ਬੁਲਾ ਕੇ ਦੱਸੂੰ। ਜਲਦੀ ਕਰ ਨਹੀਂ ਤਾਂ…।”
ਡੰਡਾ ਨੇੜੇ ਆਉਂਦਾ ਵੇਖਕੇ ਲੜਕੀ ਦੀਆਂ ਅੱਖਾਂ ਪਿਆਲਿਆਂ ਵਾਂਗ ਭਰ ਆਈਆਂ।
“ਮੈਡਮ ਜੀ, ਇਹ ਤਾਂ ਊਈਂ ਕਰਦੀ ਐ, ਮੈਂ ਤਾਂ ਕਿਹਾ ਸੀ ਬੀ, ਮੈਡਮ ਜੀ ਤਾਂ ਮੈਨੂੰ
ਮੇਰੀ ਮੰਮੀ ਵਰਗੇ ਲਗਦੇ ਐ। ਮੇਰੀ ਮੰਮੀ ਵਰਗਾ ਮੜ੍ਹੰਗੈ, ਮੇਰਾ ਜੀ ਕਰਦੈ ਗੋਦੀ ’ਚ ਬੈਠ ਜਾਂ।
ਮੇਰੀ ਮੰਮੀ ਮਰੀ ਨੂੰ ਦੋ ਸਾਲ ਹੋਗੇ ਜੀ।”
ਭਰੇ ਹੋਏ ਗਲੇ ਨਾਲ ਬੋਲਦੀ ਕੁੜੀ ਦੀਆਂ ਅੱਖਾਂ ਵਿੱਚੋਂ ਤਰਿਪ-ਤਰਿਪ ਪਾਣੀ ਡਿੱਗਣ ਲੱਗਾ।
ਬੱਚੀ ਦੀ ਗੱਲ ਸੁਣਕੇ ਮੈਡਮ ਦਾ ਡੰਡੇ ਵਾਲਾ ਹੱਥ ਇਕਦਮ ਢਿੱਲਾ ਪੈ ਗਿਆ। ਉਸਨੇ ਲੜਕੀ ਦੇ ਸਿਰ
ਉੱਤੇ ਹੱਥ ਫੇਰਦਿਆਂ ਕਿਹਾ, “ਜਾ, ਆਪਣੀ ਜਗ੍ਹਾ ’ਤੇ ਬੈਠ ਜਾ।”
ਕੁਰਸੀ ਉੱਤੇ ਬੈਠਿਆਂ ਉਸਨੂੰ ਆਪਣਾ ਆਪ ਛੋਟਾ-ਛੋਟਾ ਤੇ ਬੋਝਲ ਜਾਪ ਰਿਹਾ ਸੀ।
ਜਮਾਤ ਵਿਚ ਬੈਠੇ ਛੋਟੇ-ਛੋਟੇ ਬੱਚੇ ਰਿਸ਼ੀ ਲੱਗ ਰਹੇ ਸਨ।
-0-
No comments:
Post a Comment