ਭੀਮ ਸਿੰਘ
ਗਰਚਾ
ਨੌਕਰ ਨੇ ਤਿੰਨ ਗਿਲਾਸ ਲਿਆਕੇ ਮੇਜ਼ ਉੱਤੇ ਪਈ ਸ਼ਰਾਬ ਦੀ ਬੋਤਲ ਕੋਲ
ਰੱਖੇ ਤਾਂ ਜ਼ੈਲੇ ਨੇ ਉਹਨਾਂ ਵਿੱਚੋਂ ਦੋ ਗਿਲਾਸ ਚੁੱਕ ਕੇ ਉਸਨੂੰ ਵਾਪਸ ਮੋੜ ਦਿੱਤੇ। ਫਿਰ ਉਹ ਆਪਣੇ ਨਾਲ ਕੁਰਸੀਆਂ
ਉੱਤੇ ਬੈਠੇ ਦੋਹਾਂ ਦੋਸਤਾਂ ਨੂੰ ਬੋਲਿਆ, “ਜਦ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਤੁਸੀਂ ਦਾਰੂ ਪੀਣ ਲਈ ਤਿੰਨ ਗਿਲਾਸ ਕਿਉਂ ਮੰਗਵਾਏ?”
“ਕਾਹਦਾ ਇਤਰਾਜ਼?” ਉਹਨਾਂ ਦੋਹਾਂ ਵਿੱਚੋਂ ਇਕ ਹੌਲੇ ਜਿਹੇ ਬੋਲਿਆ।
“ਦੇਖੋ ਯਾਰ! ਤੁਸੀਂ ਦੋਵੇਂ ਰਵਿਦਾਸੀਆਂ ਦੇ ਮੁੰਡੇ ਓ ਤੇ ਮੈਂ ਜੱਟਾਂ ਦਾ। ਤੁਹਾਨੂੰ ਪਤਾ ਈ ਐ ਕਿ ਪੁਰਾਣੇ
ਲੋਕ ਤੁਹਾਡੀ ਜਾਤ ਨੂੰ ਨੀਵੀਂ ਜਾਤ ਸਮਝਕੇ ਨਫਰਤ ਦੀ ਨਜ਼ਰ ਨਾਲ ਵੇਖਦੇ ਸਨ। ਅੱਜ ਵੀ ਕਈ ਤੁਹਾਨੂੰ
ਦਿਲੋਂ ਨਫਰਤ ਕਰਦੇ ਨੇ। ਪਰ ਮੇਰੇ ਦਿਲ ’ਚ ਅਜਿਹੀ ਕੋਈ ਗੱਲ ਨਹੀਂ। ਇਸਲਈ ਮੈਨੂੰ ਤੁਹਾਡੇ ਜੂਠੇ
ਗਿਲਾਸ ’ਚ ਦਾਰੂ ਪੀਣ ’ਚ ਕੋਈ ਇਤਰਾਜ਼ ਨਹੀਂ।”
“ਪਰ ਸਾਨੂੰ ਇਤਰਾਜ਼ ਐ।” ਇਸ ਵਾਰ
ਜ਼ੈਲੇ ਦਾ ਦੂਜਾ ਦੋਸਤ ਬੋਲਿਆ।
ਉਸਦੀ ਗੱਲ ਸੁਣ ਜ਼ੈਲਾ ਇਕਦਮ ਤ੍ਰਭਕ ਕੇ ਬੋਲਿਆ, “ਹੈਂ! ਯਾਰ ਤੂੰ ਇਹ ਕੀ ਕਹਿ ਰਿਹੈਂ?”
“ਸੱਚ ਕਹਿ ਰਿਹਾ ਹਾਂ,” ਉਹ ਫਿਰ ਉਸੇ ਤਰ੍ਹਾਂ ਤਿੱਖੀ ਆਵਾਜ਼ ਵਿਚ ਬੋਲਿਆ, “ਜਦੋਂ ਤੂੰ ਹੱਸਦਾ ਏਂ ਤਾਂ ਤੇਰੇ ਮੈਲੇ-ਕੁਚੈਲੇ ਦੰਦਾਂ ਨੂੰ
ਵੇਖਕੇ ਤਾਂ ਉਲਟੀ ਆਉਣ ਨੂੰ ਹੋ ਜਾਂਦੀ ਐ। ਤੂੰ ਦਾਤਣ-ਕੁਰਲੀ ਤਾਂ ਕਦੇ ਕਰਦਾ ਈ ਨਹੀਂ ਲਗਦਾ। ਹਰ
ਵੇਲੇ ਤੇਰੇ ਮੂੰਹ ’ਚੋਂ ਗੰਦੀ ਹਵਾੜ ਮਾਰਦੀ ਰਹਿੰਦੀ ਐ। ਫਿਰ ਕਿਹੜਾ ਪੀ ਲਊ ਤੇਰੇ ਜੂਠੇ ਗਿਲਾਸ
’ਚ?”
-0-
No comments:
Post a Comment