ਡਾ. ਬਲਦੇਵ ਸਿੰਘ ਖਹਿਰਾ
ਮਨਿੰਦਰ ਨੂੰ ਚੰਗਾ ਪਤੀ ਅਤੇ ਜ਼ਿੰਦਗੀ ਦੇ ਸਾਰੇ ਸੁੱਖ-ਸਾਧਨ ਸਹਿਜੇ ਹੀ ਮਿਲ ਗਏ, ਪਰ
ਫਿਰ ਵੀ ਉਹ ਖੁਸ਼ ਨਹੀਂ ਸੀ। ਉਹਦਾ ਪਤੀ ਮਹੀਨੇ ਵਿੱਚੋਂ ਵੀਹ ਦਿਨ ਦੌਰੇ ਤੇ ਹੀ ਰਹਿੰਦਾ। ਮਨਿੰਦਰ
ਅਤੇ ਉਹਦੀ ਤਿੰਨ ਸਾਲਾਂ ਦੀ ਧੀ ਮਹਿਕ ਬਹੁਤ ਹੀ ਇਕੱਲਤਾ ਮਹਿਸੂਸ ਕਰਦੀਆਂ।
ਇੱਕ ਦਿਨ ਮਨਿੰਦਰ ਦੇ ਪੇਕੇ ਸ਼ਹਿਰ ਤੋਂ ਉਹਦੇ ਕਾਲਜ ਦੇ
ਦੋਸਤ ਸ਼ੈਲੀ ਦੀ ਬਦਲੀ ਇਸੇ ਸ਼ਹਿਰ ਵਿੱਚ ਹੋ ਗਈ। ਆਉਣ ਜਾਣ ਕੁਦਰਤੀ ਸੀ। ਮਨਿੰਦਰ ਦੀ ਉਦਾਸੀ ਅਤੇ
ਬੋਰੀਅਤ ਕਾਫੀ ਹੱਦ ਤੱਕ ਦੂਰ ਹੋ ਗਈ।
ਅੱਜ ਸਾਰਾ ਦਿਨ ਘੁੰਮਣ ਫਿਰਨ ਤੋਂ ਬਾਅਦ ਸ਼ੈਲੀ ਉਨ੍ਹਾਂ
ਨੂੰ ਘਰ ਛੱਡਣ ਆਇਆ ਤਾਂ ਵਾਪਿਸ ਜਾਣ ਤੋਂ ਪਹਿਲਾਂ ਕੌਫੀ ਲਈ ਕਹਿਕੇ ਸੋਫੇ ’ਤੇ ਹੀ ਟੇਢਾ ਹੋ ਗਿਆ।
ਬਜ਼ਾਰੋਂ ਲਿਆਂਦੀਆਂ ਚੀਜ਼ਾਂ ਵਿੱਚੋਂ ਆਪਣੇ ਛੋਟੇ ਛੋਟੇ ਸੂਟ ਕੱਢਦੀ ਬਿਟੀਆ ਮਹਿਕ
ਅਚਾਨਕ ਬੋਲੀ, “ਅੰਕਲ! ਆਪ ਹਮਾਰੇ ਪਾਪਾ ਹੋॽ”
“ਨਹੀਂ ਤਾਂ…” ਸ਼ੈਲੀ ਨੇ ਹੈਰਾਨ ਹੋ ਕੇ ਨਾਂਹ ਵਿੱਚ ਸਿਰ ਹਿਲਾਇਆ।
“ਫਿਰ ਤੁਮ ਪਾਪਾ ਕੀ ਤਰਹ ਮੰਮੀ ਕੋ ਪੱਪੀ ਕਿਉਂ ਕਰ ਰਹੇ
ਥੇॽ”
ਤਿੱਖੀ ਜਿਹੀ ਆਵਾਜ਼ ਵਿੱਚ
ਬੋਲਦਿਆਂ ਮਹਿਕ ਨੇ ਆਪਣੇ ਹੱਥ ਵਿੱਚ ਫੜਿਆ ਦੋ ਨੰਬਰ ਦਾ ਬੂਟ ਸ਼ੈਲੀ ਦੇ ਮੂੰਹ ’ਤੇ ਵਗਾਹ ਮਾਰਿਆ।
-0-