ਰਣਜੀਤ ਕੋਮਲ
ਗਰਮੀ ਪੂਰੇ ਜ਼ੋਰਾਂ ਤੇ ਸੀ। ਪਿੰਡ ਨੂੰ ਜਾਂਦੀ ਸੜਕ ਤੇ ਇਕੱਲੀ ਉਹ ਹੀ ਸਾਇਕਲਾਂ ਦੀ ਮੁਰੰਮਤ ਵਾਲੀ ਦੁਕਾਨ ਸੀ।
ਪ੍ਰਛਾਵੇਂ ਢਲਣ ਤੇ ਆ ਗਏ ਸਨ, ਪਰ ਉਸਨੇ ਅਜੇ ਬੋਹਣੀ ਤੱਕ ਨਹੀਂ
ਸੀ ਕੀਤੀ। ਕਦੇ ਉਹ ਬਕਸੇ ’ਚ ਸਮਾਨ ਵੱਲ ਵੇਖਦਾ ਤੇ ਕਦੇ ਸੜਕ ਵੱਲ। ਉਸਨੂੰ ਗਾਹਕ ਦੇ ਆਉਣ ਦੀ
ਕੋਈ ਆਸ ਨਹੀਂ ਸੀ ਬੱਝ ਰਹੀ। ਉਸਨੂੰ ਬਾਰ ਬਾਰ ਬੱਚਿਆਂ ਦਾ ਖਿਆਲ ਆ ਰਿਹਾ ਸੀ, ਜਿਹਨਾਂ ਨੂੰ ਉਸ ਨੇ ਦਿਹਾੜੀ ਕਮਾ ਕੇ ਰਾਤ ਨੂੰ ਖੁਆਉਣਾ ਸੀ। ਉਸਨੂੰ ਢਲਦੇ ਪ੍ਰਛਾਵੇਂ
ਚੋਂ ਆਸ ਦੀ ਕਿਰਨ ਬੱਝੀ। ਇਕ ਬਜ਼ੁਰਗ ਰਿਕਸ਼ੇ ਵਾਲਾ ਉਸ
ਕੋਲ ਸਾਹੋ ਸਾਹ ਹੋਇਆ ਆ ਖਲੋਤਾ।
“ਇਹਨੂੰ ਵੇਖੀ ਯਾਰ, ਪਤਾ ਨਹੀਂ ਏਹਦੀ ਚਲਦੇ ਦੀ ਹਵਾ ਨਿਕਲ ਗਈ ਏ ਕਿ…।” ਬਜ਼ੁਰਗ ਨੇ ਮੁੜ੍ਹਕਾ ਪੂੰਝਦੇ ਪਿਛਲੇ ਟਾਇਰ ਵੱਲ ਇਸ਼ਾਰਾ ਕਰਦਿਆਂ ਕਿਹਾ।
ਟਾਇਰ ਖੋਲ੍ਹਣ ਲੱਗਿਆਂ ਦੁਕਾਨਦਾਰ ਨੇ ਇਕ ਮਿੰਟ ਨਾ ਲਾਇਆ। ਉਸ
ਨੇ ਟਿਯੂਬ ਚੈੱਕ ਕਰਨੀ ਸ਼ੁਰੂ ਕਰ ਦਿੱਤੀ। ਉੱਪਰ ਥੱਲੇ ਤਿੰਨ ਪੈਂਚਰ ਵੇਖ ਦੁਕਾਨਦਾਰ ਦੇ ਚਿਹਰੇ ਤੇ
ਮੁਸਕਰਾਹਟ ਆ ਗਈ। ਤਿੰਨ ਪੈਂਚਰ ਵੇਖ ਬਜ਼ੁਰਗ ਦਾ ਚਿਹਰਾ ਮੁਰਝਾ ਗਿਆ। ਕਿਉਂ ਜੋ ਉਸ ਨੇ ਵੀ ਅਜੇ ਤਕ
ਬੋਹਣੀ ਨਹੀਂ ਸੀ ਕੀਤੀ।
-0-