ਵਿਵੇਕ
“ਮੈਂ ਇੱਟਾਂ ਤੇ ਰੇਤ ਦਾ ਆਰਡਰ ਦੇ
ਆਇਐਂ, ਉੱਪਰ ਛੱਤ ਤੇ ਆਪਾਂ ਸਾਰੇ ਪਾਸਿਓਂ ਕੰਧਾਂ ਉੱਚੀਆਂ ਕਰ ਦੇਣੀਐਂ।” ਘਰ ਵੜਦੇ ਹੀ ਕ੍ਰਿਸ਼ਨ
ਲਾਲ ਨੇ ਆਪਣੀ ਘਰਵਾਲੀ ਤ੍ਰਿਪਤਾ ਨੂੰ ਸਾਰੀ ਗੱਲ ਦਸਦਿਆਂ ਪਾਣੀ ਦਾ ਗਿਲਾਸ ਲਿਆਉਣ ਲਈ ਕਿਹਾ। ਨਾਲ
ਹੀ ਉਹ ਹੋਰ ਸਮਾਨ, ਜੋ ਮਿਸਤਰੀ ਨੇ ਕਿਹਾ ਸੀ, ਬਾਰੇ ਸੋਚਣ ਲੱਗਾ।
“ਤੁਸੀਂ ਹੁਣ ਆਹ ਕੰਧਾਂ ਉੱਚੀਆਂ
ਕਰਨ ਵਾਲੀ ਗੱਲ ਕਿੱਧਰੋਂ ਕੱਢ ਲਈ? ਪਹਿਲਾਂ ਤਾਂ ਕਹਿੰਦੇ ਸੀ ਕੰਧਾਂ
ਨੀਵੀਆਂ ਈ ਠੀਕ ਨੇ, ਚੁਫੇਰੇ ਘਰਾਂ ਦੇ ਦਿੱਸਦੇ ਬਨੇਰੇ, ਖੁੱਲ੍ਹਾ ਅਸਮਾਨ, ਦੂਰ ਤਕ ਜਾਂਦੀ ਨਜ਼ਰ! ਨਾਲੇ ਵਧੀਆ ਠੰਡੀ ਹਵਾ
ਵੀ ਆਉਂਦੀ ਐ। ਹੁਣ ਕੀ ਹੋ ਗਿਐ?” ਪਾਣੀ ਦਾ ਗਿਲਾਸ ਆਪਣੇ ਘਰਵਾਲੇ
ਅੱਗੇ ਕਰਦਿਆਂ ਤ੍ਰਿਪਤਾ ਨੇ ਮੱਥੇ ਉੱਤੇ ਤਿਉੜੀ ਜਿਹੀ ਪਾ ਕੇ ਗੱਲ ਕੀਤੀ। ਮਿਸਤਰੀਆਂ ਦੇ ਕੰਮ ਦੀ
ਖੇਚਲ ਅਤੇ ਪੈਸੇ ਦੀ ਤੰਗੀ ਉਸਨੂੰ ਪਰੇਸ਼ਾਨ ਕਰ ਰਹੀ ਸੀ।
“ਤੂੰ ਨਾ ਜ਼ਰਾ ਆਸਾ-ਪਾਸਾ ਵੀ ਵੇਖ ਲਿਆ ਕਰ।
ਇੱਕੋ ਗੱਲ ਨਾ ਫੜ ਲਿਆ ਕਰ। ਤੈਨੂੰ ਦਿੱਸਦਾ ਨਹੀਂ ਅੱਜਕੱਲ੍ਹ ਕੀ ਕੁਝ ਹੋ ਰਿਹੈ। ਘਰ ਜਵਾਨ ਕੁੜੀ
ਏ, ਹਰ ਰੋਜ਼ ਅਖਬਾਰਾਂ ’ਚ ਆਉਂਦੈ ਕਿ ਕੁੜੀਆਂ ਨਾਲ ਜਬਰ-ਜੁਲਮ, ਧੱਕੇਸ਼ਾਹੀ। ਇਹ ਤਾਂ ਘਰਾਂ ’ਚ ਵੀ ਸੁਰੱਖਿਅਤ ਨਹੀਂ। ਕੀ ਲੈਣਾ
ਨੀਵੀਆਂ ਕੰਧਾਂ ਤੋਂ, ਹੁਣ ਤਾਂ ਚੁਫੇਰੇ ਤੋਂ ਗਰਮ ਹਵਾ ਆਉਂਦੀ ਪਈ ਏ।” ਕ੍ਰਿਸ਼ਨ ਲਾਲ ਦੇ ਚਿਹਰੇ ਉੱਤੇ ਚਿੰਤਾਂ ਦੀਆਂ ਲਕੀਰਾਂ ਉੱਭਰ ਆਈਆਂ , “ਜਿਸ ਘਰ ਕੁੜੀਆਂ ਹੋਣ, ਉਸ ਘਰ ਦੀਆਂ ਕੰਧਾਂ ਉੱਚੀਆਂ ਈ
ਚੰਗੀਆਂ।”
ਪਾਣੀ ਦਾ ਖਾਲੀ ਗਿਲਾਸ ਮੇਜ਼ ਤੇ ਰੱਖ ਕ੍ਰਿਸ਼ਨ ਲਾਲ ਨੇ ਘੜੀ
ਵੇਖੀ।
“ਮੈਨੂੰ ਮਿਸਤਰੀ ਨੇ ਇਹੀ ਟੈਮ
ਦਿੱਤਾ ਸੀ ਮਿਲਣ ਦਾ। ਮੈਂ ਉਸ ਨਾਲ ਸਾਰੀ ਗੱਲ ਪੱਕੀ ਕਰ ਆਵਾਂ। ਫਿਰ ਕੰਮ ਸ਼ੁਰੂ ਕਰਵਾਈਏ।” ਏਨਾ ਕਹਿ ਕ੍ਰਿਸ਼ਨ ਲਾਲ
ਫਿਰ ਘਰੋਂ ਬਾਹਰ ਚਲਾ ਗਿਆ।
-0-
No comments:
Post a Comment