ਬਿਕਰਮਜੀਤ ਨੂਰ
ਦੋ ਮਹੀਨੇ ਅੱਖ ਦੇ ਫੋਰ ਵਿੱਚ ਬੀਤ ਗਏ ਸਨ। ਵਾਪਸੀ ਦਾ ਨਿਸ਼ਚਿਤ ਦਿਨ ਅਤੇ ‘ਉਡਾਣ’ ਦਾ ਸਮਾ ਆ ਹੀ ਗਿਆ ਸੀ। ਘਰ, ਪਰਵਾਰ, ਰਿਸ਼ਤੇਦਾਰ ਅਤੇ ਖਾਸ ਕਰ ਦੋਸਤਾਂ-ਮਿੱਤਰਾਂ ਨੂੰ ਮਿਲਦਿਆਂ-ਕਰਦਿਆਂ, ਦੁਪਹਿਰ-ਸ਼ਾਮ ਦੇ ਖਾਣਿਆਂ, ਮਹਿਫਲਾਂ, ਗੋਸ਼ਟੀਆਂ ਵਿੱਚ ਹਾਜ਼ਰੀਆਂ ਭਰਦਿਆਂ ਪਤਾ ਹੀ ਨਾ ਲੱਗਾ ਅਤੇ ਅੱਜ ਦੋਵੇਂ ਮੀਆਂ-ਬੀਵੀ ਅੰਤਰ-ਰਾਸ਼ਟਰੀ ਹਵਾਈ ਅੱਡੇ ਉੱਤੇ ਆ ਪੁੱਜੇ ਸਨ। ਵਿਦਾ ਕਰਨ ਵਾਸਤੇ ਕੁਝ ਖਾਸ ਸਾਕ-ਸੰਬੰਧੀ ਵੀ ਨਾਲ ਆਏ ਸਨ।
ਪਰੰਤੂ ਇੱਕ ਸਮੱਸਿਆ ਖੜ੍ਹੀ ਹੋ ਗਈ ਸੀ। ਤੁਰਨ ਤੋਂ ਪਹਿਲਾਂ ਸਮਾਨ ਦੀ ਬਥੇਰੀ ਛਾਂਟਾ-ਛਾਂਟੀ ਕੀਤੀ ਸੀ, ਪਰ ਹੁਣ ਇੱਥੇ ਮਸ਼ੀਨ ਫੇਰ ਵੀ ਭਾਰ
ਵੱਧ ਦੱਸ ਰਹੀ ਸੀ। ਇੱਧਰ ਕੁੱਝ ਦੇਰੀ ਨਾਲ ਪੁੱਜਣ ਕਾਰਨ ਉਡਾਣ ਦਾ ਵਕਤ ਵੀ ਘੱਟ ਰਹਿ ਗਿਆ ਸੀ।
ਪਤਨੀ ਵਾਲੇ ਬੈਗ ਨੂੰ ਨਾ ਛੇੜਿਆ ਗਿਆ। ਪਤੀ ਦੇਵ ਨੇ ਆਪਣਾ ਬੈਗ ਖੋਲ੍ਹ ਲਿਆ ਸੀ। ਬੂਟਾਂ ਦੇ ਜੋੜੇ, ਜੀਨਾਂ, ਖਾਣ-ਪੀਣ ਦਾ ਲਜ਼ੀਜ਼ ਨਿੱਕ-ਸੁੱਕ। ਬਾਹਰਲੇ ਮਿੱਤਰਾਂ ਵਾਸਤੇ ਤੋਹਫ਼ੇ। ਕਿਸੇ ਚੀਜ਼ ਨੂੰ ਕਤਈ ਕੁਰਬਾਨ ਨਹੀਂ ਕੀਤਾ ਜਾ ਸਕਦਾ ਸੀ। ਵਾਧੂ ਕੁਝ ਵੀ ਨਹੀਂ ਜਾਪ ਰਿਹਾ
ਸੀ।
ਬੈਗ ਵਿੱਚ ਨੀਝ ਨਾਲ ਨਿਗਾਹ ਮਾਰਦਿਆਂ ਪਤਨੀ ਨੇ ਕਿਹਾ, “ਆਹ ਥੱਲੇ ਕਰਕੇ ਭਾਰਾ ਜਿਹਾ ਪੈਕਟ ਕਾਹਦਾ ਰੱਖਿਆ ਹੋਇਐ?”
“ਲੈ, ਏਸੇ ਨੇ ਭਾਰ ਵਧਾ ਰੱਖਿਐ,” ਪਤੀ ਨੇ ਕਾਹਲੀ ਨਾਲ ਬੰਡਲ ਚੁੱਕਿਆ ਅਤੇ ਨੇੜੇ ਹੀ ਰੱਖੇ ਹੋਏ ਵਿਸ਼ਾਲ ਡਸਟਬਿਨ ਵਿੱਚ ਸੁੱਟ ਦਿੱਤਾ।
ਇਹ ਕਿਤਾਬਾਂ ਸਨ, ਜਿਹੜੀਆਂ ਕੁਝ ਸੱਜਣਾਂ ਨੇ ਆਪਣੇ ਇਸ ਐਨ.ਆਰ ਆਈ. ਮਿੱਤਰ ਨੂੰ ‘ਸਤਿਕਾਰ ਸਹਿਤ’ ਭੇਂਟ ਕੀਤੀਆਂ ਸਨ।
-0-
No comments:
Post a Comment