ਡਾ. ਹਰਨੇਕ ਸਿੰਘ
ਕੈਲੇ
ਉਹ ਸੀ
ਤਾਂ ਭਾਵੇਂ ਕਲਰਕ ਹੀ ਅਤੇ ਥੋੜ੍ਹੀ ਤਨਖਾਹ ਹੋਣ ਕਰਕੇ ਉਸ ਦਾ ਗੁਜ਼ਾਰਾ ਵੀ ਔਖਾ ਹੀ ਹੁੰਦਾ ਸੀ। ਪਰ
ਉਹ ਇਲਾਕੇ ਦਾ ਮੰਨਿਆ ਪ੍ਰਮੰਨਿਆ ਸ਼ਾਇਰ ਸੀ ਅਤੇ ਸਾਹਿਤਕ ਹਲਕਿਆਂ ਵਿਚ ਉਸ ਦੀ ਚੰਗੀ ਚਰਚਾ ਸੀ। ਉਸ
ਨੂੰ ਇਕ ਸਥਾਨਕ ਸੰਸਥਾ ਦਾ ਖ਼ਤ ਮਿਲਿਆ ਕਿ ਸੰਸਥਾ ਉਸ ਦੇ ਸਨਮਾਨ ਵਿਚ ਮਹੀਨੇ ਦੇ ਆਖਰੀ ਐਤਵਾਰ
ਸਮਾਰੋਹ ਕਰਨਾ ਚਾਹੁੰਦੀ ਹੈ। ਉਸ ਨੇ ਝੱਟ ਆਪਣੀ ਸਹਿਮਤੀ ਭੇਜ ਦਿੱਤੀ। ਕਾਰਡ ਛਪ ਗਏ।
ਨਿਸਚਿਤ
ਦਿਨ ਉਹ ਨਿਯਤ ਸਮੇਂ ਤੋਂ ਦਸ ਮਿੰਟ ਪਹਿਲਾਂ ਹੀ ਸਮਾਰੋਹ ਵਾਲੇ ਸਥਾਨ ’ਤੇ ਪਹੁੰਚ ਗਿਆ। ਅਜੇ
ਗਿਣਤੀ ਦੇ ਦਰਸ਼ਕ ਹੀ ਉੱਥੇ ਪਹੁੰਚੇ ਸਨ। ਉਸ ਨੇ ਸਟੇਜ ਵੱਲ ਨਜ਼ਰ ਮਾਰੀ। ਕੱਪੜੇ ਦੇ ਬੈਨਰ ’ਤੇ
ਲਿਖਿਆ ਸੀ– ‘ਮਕਬੂਲ ਸਨਮਾਨ ਸਮਾਰੋਹ’।
ਉਹ
ਸੋਚੀਂ ਪੈ ਗਿਆ, ‘ਸਨਮਾਨ ਤਾਂ ਮੇਰਾ ਹੋਣੈ। ਫਿਰ ਬੈਨਰ ’ਤੇ ਮਕਬੂਲ ਦਾ ਨਾਂ ਕਿਵੇਂ? ਨਾਲੇ
ਮਕਬੂਲ ਨੂੰ ਤਾਂ ਅਦਬੀ ਹਲਕਿਆਂ ’ਚ ਬਹੁਤੇ ਲੋਕ ਜਾਣਦੇ ਈ ਨ੍ਹੀ।’
ਇਕ
ਪ੍ਰਬੰਧਕ ਨੇ ਪਿੱਛਿਉਂ ਆ ਕੇ ਉਸ ਦੇ ਮੋਢੇ ’ਤੇ ਪੋਲਾ ਜਿਹਾ ਹੱਥ ਰੱਖਿਆ ਅਤੇ ਉਸ ਨੂੰ ਇਕ ਪਾਸੇ
ਲਿਜਾ ਕੇ ਸਮਝਾਉਣ ਲੱਗਿਆ, “ਮਕਬੂਲ ਨੇ ਸਮਾਰੋਹ ਦਾ ਸਾਰਾ ਖਰਚਾ ਆਪ ਕਰਨ ਤੋਂ ਬਿਨਾਂ ਸੰਸਥਾ
ਨੂੰ ਵੀ ਪੰਜ ਹਜ਼ਾਰ ਦੇਣੈਂ।”
-0-