ਵਿਵੇਕ
“ਨਾ ਮੰਮੀ, ਨਾ ਮਾਰੀਂ!” ਦਸ ਕੁ ਸਾਲ ਦੇ ਭੋਲੂ ਨੇ ਆਪਣੀ ਮੰਮੀ ਅੱਗੇ ਹੱਥ ਜੋਡ਼ਦਿਆਂ ਕਿਹਾ।
“ਨਹੀਂ ਮੈਂ ਤੈਨੂੰ ਹੁਣੇ ਦੱਸਦੀ ਆਂ। ਹੁਣ ਖੇਡੇਂਗਾ ਉਹਦੇ ਨਾਲ?” ਕਹਿੰਦਿਆਂ ਊਸ਼ਾ ਦੇਵਾ ਨੇ ਸੋਟੀ ਮੁੰਡੇ ਦੇ
ਗਿੱਟਿਆਂ ਉੱਤੇ ਦੇ ਮਾਰੀ।
ਸੋਟੀ ਵੱਜਦਿਆਂ ਹੀ ਭੋਲੂ ਦੀ ਚੀਕ ਨਿਕਲ ਗਈ। ਊਸ਼ਾ ਦੇਵੀ ਨੇ ਫਿਰ ਤੋਂ ਸੋਟੀ ਮਾਰਨ ਲਈ ਹੱਥ
ਚੁੱਕਿਆ ਹੀ ਸੀ ਕਿ ਉਸਦੇ ਪਤੀ ਪੰਡਿਤ ਕ੍ਰਿਸ਼ਣਕਾਂਤ ਨੇ ਆ ਉਹਦਾ ਹੱਥ ਫਡ਼ ਲਿਆ। ਪਿਤਾ ਨੂੰ ਆਇਆ
ਦੇਖ, ਬਚਾਅ ਲਈ ਭੋਲੂ ਉਹਦੀਆਂ ਲੱਤਾਂ ਨਾਲ ਚਿੰਬਡ਼ ਗਿਆ।
“ਹੁਣ ਕਿੱਧਰ ਜਾਨੈਂ? ਤੈਨੂੰ ਕਿੰਨੀ ਵਾਰ ਕਿਹੈ, ਪਰ ਤੇਰੇ ’ਤੇ ਕੋਈ ਅਸਰ ਨਹੀਂ।” ਊਸ਼ਾ ਦੇਵੀ ਫਿਰ ਭੋਲੂ ਵੱਲ ਹੋਈ।
“ਕੀ ਗੱਲ ਹੋਗੀ? ਕਿਉਂ ਮੁੰਡੇ ਨੂੰ ਮਾਰੀ ਜਾਨੀਂ
ਐਂ? ਸਹਿਮੇ ਮੁੰਡੇ ਦੀ ਪਿੱਠ ਉੱਤੇ ਹੱਥ ਰੱਖਦਿਆਂ ਕ੍ਰਿਸ਼ਣਕਾਂਤ
ਨੇ ਆਪਣੀ ਘਰਵਾਲੀ ਨੂੰ ਪੁੱਛਿਆ।
“ਹੋਣਾ ਕੀ ਐ, ਜਦੋਂ ਵੇਖੋ ਮਜ਼੍ਹਬੀਆਂ ਦੇ ਮੁੰਡੇ ਨਾਲ ਖੇਡਦਾ
ਰਹਿੰਦੈ। ਉਹਦੀ ਬਾਹ ’ਚ ਬਾਂਹ ਪਾ ਤੁਰਿਆ ਫਿਰਦੈ। ਕਦੇ ਉਹਦੇ ਘਰ ਆਪ ਜਾ ਵਡ਼ਦੈ, ਕਦੇ ਉਹਨੂੰ
ਆਪਣੇ ਘਰ ਲੈ ਆਉਂਦੈ…ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲਗਦੀਆਂ…ਇਹਨੂੰ ਕਈ ਵਾਰ ਸਮਝਾਇਐ, ਪਰ
ਸੁਣਦਾ ਈ ਨਹੀਂ। ਅਖੇ, ਉਹ ਮੇਰਾ ਬੇਲੀ ਐ…ਬੇਲੀ ਬਣਾਉਣੈ ਤਾਂ ਜਾਤ ਬਰਾਦਰੀ ਤਾਂ ਵੇਖ ਲੈ…।” ਊਸ਼ਾ ਦੇਵੀ ਨੇ ਮੁੰਡੇ ਨੂੰ ਘੂਰਦਿਆਂ ਕਿਹਾ।
“ਓਏ ਛੱਡ, ਇਹ ਕਿਹਡ਼ੀ ਗੱਲ ਹੋਈ। ਆਪਾਂ ਵੀ ਦਿਹਾਡ਼-ਦੱਪਾ
ਕਰਕੇ ਖਾਣ ਵਾਲੇ ਆਂ ਤੇ ਉਹ ਵੀ ਮਿਹਨਤ-ਮਜ਼ਦੂਰੀ ਕਰਕੇ ਖਾਣ ਵਾਲੇ। ਦੱਸ ਫੇਰ ਫਰਕ ਕੀ ਹੋਇਆ? ਆਪਾਂ ਵੀ ਗਰੀਬ ਤੇ ਉਹ ਵੀ ਗਰੀਬ। ਸਾਡੀ ਤਾਂ ਸਾਂਝ ਐ। ਜਾਤ ਬਿਰਾਦਰੀ ਨੇ ਕਿਤੇ ਰੋਟੀ ਦੇਣੀ
ਐ! ਮਿਹਨਤ-ਮਜ਼ਦੂਰੀ ਕਰਕੇ ਈ ਖਾਣੀ ਐ। ਐਵੇਂ ਨਾ ਮੁੰਡੇ ਨੂੰ
ਮਾਰਿਆ ਕਰ, ਖੇਡਣ ਦੇ ਜੀਹਦੇ ਨਾਲ ਖੇਡਦੈ।” ਇੰਨਾ ਕਹਿ ਉਹਨੇ ਊਸ਼ਾ ਦੇਵੀ ਦੇ ਹੱਥੋਂ ਸੋਟੀ
ਫਡ਼ ਪਰੇ ਸਿੱਟ ਦਿੱਤੀ।
-0-
No comments:
Post a Comment