-moz-user-select:none; -webkit-user-select:none; -khtml-user-select:none; -ms-user-select:none; user-select:none;

Saturday, March 10, 2012

ਕੰਧ 'ਚ ਮੇਖਾਂ


ਡਾ. ਹਰਦੀਪ ਕੌਰ ਸੰਧੂ

           ਗੁਰਦੇਵ ਸਿੰਘ, ਜਿਸ ਨੂੰ ਸਾਰੇ ਦੇਬਾ ਫੌਜੀ ਕਹਿ ਕੇ ਬੁਲਾਉਂਦੇ ਸਨ, ਆਪਣੀ ਫੌਜ ਦੀ ਨੌਕਰੀ ਪੂਰੀ ਕਰਕੇ ਹੁਣ ਪਿੰਡ ਰਹਿਣ ਲੱਗਾ ਸੀ। ਗੁਸੈਲੇ ਤੇ ਅੜੀਅਲ ਸੁਭਾਅ ਕਰਕੇ ਦੇਬੇ ਫੌਜੀ ਤੋਂ ਸਾਰੇ ਕਿਨਾਰਾ ਜਿਹਾ ਕਰਕੇ ਲੰਘ ਜਾਂਦੇ। ਗੁੱਸਾ ਤਾਂ ਹਰਦਮ ਉਸ ਦੇ ਨੱਕ 'ਤੇ ਬੈਠਾ ਰਹਿੰਦਾ। ਬੋਲਣ ਲੱਗਿਆ ਓਹ ਅੱਗਾ-ਪਿੱਛਾ ਨਾ ਦੇਖਦਾ। ਪਰ ਕੋਈ ਉਸ ਅੱਗੇ ਕੁਝ ਨਾ ਬੋਲਦਾ। ਦੇਬੇ ਨੂੰ ਇਸੇ ਗੱਲ ਦੀ ਹੈਂਕੜ ਸੀ ਕਿ ਸਾਰੇ ਉਸ ਤੋਂ ਡਰਦੇ ਨੇ।
           ਅੱਜ ਗੱਲਾਂ-ਗੱਲਾਂ 'ਚ ਹੀ ਉਸ ਦਾ ੨੦-੨੨ ਸਾਲਾਂ ਦਾ ਮੁੰਡਾ ਸੀਰਾ ਉਸ ਨਾਲ ਪਤਾ ਨਹੀਂ ਕਿਹੜੀ ਗੱਲੋਂ ਖਹਿਬੜ ਪਿਆ ਤੇ ਪਿਓ ਨੂੰ ਉਚਾ-ਨੀਵਾਂ ਬੋਲ ਗਿਆ। ਦੇਬੇ ਦਾ ਦਿਲ ਛਲਣੀ-ਛਲਣੀ ਹੋ ਗਿਆ, ਪਰ ਉਹ ਆਪਣਾ ਗੁੱਸਾ ਅੰਦਰੋ-ਅੰਦਰੀ ਹੀ ਪੀ ਗਿਆ। ਆਪਣੀ ਗਲਤੀ ਦਾ ਅਹਿਸਾਸ ਹੋਣ 'ਤੇ ਮੁੰਡੇ ਨੇ ਪਿਓ ਤੋਂ ਮਾਫੀ ਵੀ ਮੰਗੀ, ਪਰ ਗੁਰਦੇਵ ਸਿੰਘ ਹੁਣ ਬਿਲਕੁਲ ਖ਼ਾਮੋਸ਼ ਸੀ। ਅੱਜ ਉਸ ਨੂੰ ਆਪਣੇ ਸਾਰੀ ਉਮਰ ਬੋਲੇ ਕੌੜੇ ਬੋਲਾਂ ਤੇ ਗੁਸੈਲੇ ਸੁਭਾਅ ਦਾ ਅਹਿਸਾਸ ਹੋਇਆ।
          "ਭਾਪਾ, ਹੁਣ ਤਾਂ ਮੈਂ ਮਾਫ਼ੀ ਵੀ ਮੰਗ ਲਈ, ਅਜੇ ਵੀ ਨਾਰਾਜ਼ਗੀ ਆ ਮੇਰੇ ਨਾਲ਼?" ਸੀਰੇ ਨੇ ਪਿਓ ਦੀ ਖ਼ਾਮੋਸ਼ੀ ਤੋੜਨੀ ਚਾਹੀ, "ਜੋ ਤੂੰ ਚਾਹੇਂਗਾ ਬੱਸ ਓਹੀ ਹੋਊ, ਤੇਰੀ ਹਰ ਸਜ਼ਾ ਮੈਨੂੰ ਮੰਜ਼ੂਰ ਆ" ਸੀਰੇ ਨੇ ਫਿਰ ਤਰਲਾ ਜਿਹਾ ਮਾਰਿਆ।
          "ਪੁੱਤਰਾ, ਸਜ਼ਾ ਤਾਂ ਕਾਹਦੀ ? ਪਰ ਜੇ ਤੂੰ ਮੇਰੀ ਮੰਨੇ ਤਾਂ ਫਿਰ ਇਓਂ ਕਰ ਬਈ ਆਪਣੀ ਬਾਹਰਲੇ ਘਰ ਵਾਲੀ ਪਿਛਲੀ ਕੰਧ 'ਚ  ਮੇਖਾਂ ਗੱਡ ਕੇ ਆ, ਬਾਕੀ ਦਾ ਕੰਮ ਮੈਂ ਫੇਰ ਦੱਸੂੰ" ਆਪਣੀ ਦਿਮਾਗੀ ਉਲਝਣ ਨੂੰ ਆਪੂੰ ਸੁਲਝਾਉਂਦਿਆਂ ਦੇਬੇ ਨੇ ਆਪਣਾ ਫੌਜੀ ਫ਼ਰਮਾਨ ਜਾਰੀ ਕੀਤਾ।
ਸੀਰੇ ਨੇ ਸਾਈਕਲ ਚੁੱਕਿਆ ਤੇ ਬਾਪ ਦਾ ਹੁਕਮ ਵਜਾਉਣ ਬਾਹਰਲੇ ਘਰ ਨੂੰ ਚਲ ਪਿਆ। ਦੋ ਘੰਟਿਆਂ ਮਗਰੋਂ ਮੁੜਕੋ-ਮੁੜਕੀ ਹੋਇਆ ਸੀਰਾ ਜਦੋਂ ਮੁੜ ਕੇ  ਆਇਆ ਤਾਂ ਪਿਓ ਨੇ ਓਹੀਓ ਗੱਡੀਆਂ ਮੇਖਾਂ ਨੂੰ ਪੁਟਣ ਮੁੜ ਭੇਜ ਦਿੱਤਾ। ਸੀਰਾ ਥੋੜਾ ਖਿਝਿਆ, ਪਰ ਪਿਓ ਕੋਲੋਂ ਆਪਣੇ ਹਾਵ-ਭਾਵ ਲੁਕਾਉਂਦਾ ਓਨ੍ਹੀਂ ਪੈਰੀਂ ਮੁੜ ਮੇਖਾਂ ਨੂੰ ਕੰਧ 'ਚੋਂ ਕੱਢਣ ਤੁਰ ਗਿਆ। ਇਸੇ ਠੋਕਣ-ਕੱਢਣ 'ਚ ਸਾਰੀ ਦਿਹਾੜੀ ਲੰਘ ਗਈ।
           "ਭਾਪਾ, ਇੱਕ ਗੱਲ ਪੁੱਛਾਂ?" ਆਥਣੇ ਸੀਰੇ ਨੇ ਥੋੜਾ ਝਿਜਕਦਿਆਂ ਆਪਣੇ ਪਿਓ ਕੋਲ ਦਿਲ ਦੀ ਸ਼ੰਕਾ ਜ਼ਾਹਿਰ ਕਰਨੀ ਚਾਹੀ, "ਅੱਜ ਤੈਂ ਮੈਨੂੰ ਚੰਗੇ ਕਿੱਤੇ ਲਾਇਆ। ਕਦੇ ਮਰ ਚਿੜੀਏ, ਕਦੇ ਜਿਓਂ ਚਿੜੀਏ। ਕਦੇ ਮੇਖਾਂ ਠੋਕ ਤੇ ਕਦੇ ਪੁੱਟ" ਗੁਰਦੇਵ ਸਿੰਘ ਕੁਝ ਨਾ ਬੋਲਿਆ ਤੇ ਸੀਰੇ ਦੀ ਪਿੱਠ 'ਤੇ ਪੋਲਾ ਜਿਹਾ ਧੱਫਾ ਮਾਰ ਉਸ ਨੂੰ ਆਪਣੇ ਨਾਲ ਬਾਹਰਲੇ ਘਰ ਜਾਣ ਲਈ ਇਸ਼ਾਰਾ ਕੀਤਾ।
            ਉਸ ਕੰਧ ਕੋਲ ਪਹੁੰਚ ਕੇ ਦੇਬੇ ਫੌਜੀ ਨੇ ਕੁਝ ਗੰਭੀਰ ਹੁੰਦਿਆਂ ਕਹਿਣਾ ਸ਼ੁਰੂ ਕੀਤਾ, "ਪੁੱਤਰਾ, ਅੱਜ ਮੈਂ ਤੈਨੂੰ ਜ਼ਿੰਦਗੀ ਦੀ ਇੱਕ ਬਹੁਤ ਹੀ ਅਹਿਮ ਗੱਲ ਸਮਝਾਉਣੀ ਆ। ਜਿਸ ਦਾ ਅਹਿਸਾਸ ਮੈਨੂੰ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪਰ ਮੈਂ ਤਾਂ ਸਾਰੀ ਉਮਰ ਹੀ ਕੱਢ ਤੀ ਬਿਨਾਂ ਸਮਝਿਆਂ। ਮੈਂ ਨੀ ਚਾਹੁੰਦਾ ਕਿ ਮੇਰਾ ਪੁੱਤਰ ਵੀ ਓਹੀਓ ਗ਼ਲਤੀ ਦੁਹਰਾਵੇ"
ਭਾਪਾ ਕੀ ਬੁਝਾਰਤਾਂ ਜਿਹੀਆਂ ਪਾਉਣ ਡਿਹਾਂ ਏ। ਖੁੱਲ ਕੇ ਦੱਸ ਕਿਹੜੀ ਕੀਮਤੀ ਗੱਲ ਸਮਝਾਉਣੀ ਏਂ" ਸੀਰੇ ਨੇ ਉਤਾਵਲ਼ੇ ਹੁੰਦਿਆਂ ਸੁਆਲੀਆ ਨਜ਼ਰਾਂ ਨਾਲ਼ ਕਿਹਾ।
ਦੇਬੇ ਨੇ ਸੀਰੇ ਨੂੰ ਆਪਣੀ ਗਲਵਕੜੀ 'ਚ ਲੈਂਦਿਆਂ ਕਹਿਣਾ ਸ਼ੁਰੂ ਕੀਤਾ, "ਪੁੱਤਰਾ, ਅੱਜ ਤੈਂ ਪਹਿਲਾਂ ਮੇਖਾਂ ਕੰਧ 'ਚ ਗੱਡੀਆਂ, ਇਹ ਤੇਰੇ ਵਲੋਂ ਕੀਤੀ ਗਲਤੀ, ਭਾਵ ਮੈਨੂੰ ਕੌੜਾ ਬੋਲਣਾ। ਫੇਰ ਤੂੰ ਮੇਖਾਂ ਪੁੱਟੀਆਂ, ਇਹ ਤੇਰੇ ਵਲੋਂ ਮੰਗੀ ਮਾਫ਼ੀ ਆ"। ਪਰ ਜ਼ਰਾ ਗਹੁ ਨਾਲ ਓਸ  ਕੰਧ ਵੱਲ ਵੇਖ ਦੇਬੇ ਨੇ ਕੰਧ ਵੱਲ ਇਸ਼ਾਰਾ ਕਰਦਿਆਂ ਆਪਣੀ ਗੱਲ ਜਾਰੀ ਰੱਖੀ, " ਭਾਵੇਂ ਤੂੰ ਸਾਰੀਆਂ ਮੇਖਾਂ ਕੱਢਤੀਆਂ, ਪਰ ਕੰਧ 'ਚ ਨਿਸ਼ਾਨ ਅਜੇ ਵੀ ਬਾਕੀ ਨੇ। ਤੂੰ ਕਿਸੇ ਨੂੰ ਕੌੜਾ ਬੋਲਕੇ ਚਾਹੇ ਮਾਫੀ ਵੀ ਮੰਗ ਲਵੇਂ, ਪਰ ਤੇਰੇ ਓਹ ਕੌੜੇ ਬੋਲਾਂ ਦੇ ਧੱਬੇ ਜਿਹੜੇ ਦੂਜੇ ਦੇ ਦਿਲ 'ਤੇ ਲੱਗ ਗਏ ਓਹ ਕਿਵੇਂ ਮਿਟਾਵੇਂਗਾ? ਮੈਂ ਇਹ ਨੀ ਕਹਿੰਦਾ ਬਈ ਤੂੰ ਗਲਤੀ ਕਰਕੇ ਮਾਫੀ ਮੰਗਣੀ ਵੀ ਛੱਡ ਦਵੇਂ। ਹੋਰ ਮਾੜੀਆਂ-ਮੋਟੀਆਂ ਗਲਤੀਆਂ ਤਾਂ ਮਾਫੀ ਯੋਗ ਨੇ ਪਰ ਇੱਕ ਵਾਰ ਕੌੜਾ ਬੋਲਣਾ ਤਾਂ ਸੌ ਗਲਤੀਆਂ ਸਮਾਨ ਆ। ਕੌੜੇ ਬੋਲ ਤਾਂ ਓਹ ਗੁੱਝੇ ਫੱਟ ਦਿੰਦੇ  ਨੇ ਜੋ ਉਮਰ ਭਰ ਨੀ ਭਰਦੇ। ਅੱਜ ਤੋਂ ਬਸ ਇੱਕ ਗੱਲ ਪੱਲੇ ਬੰਨ ਲਾ,ਬਈ ਕਿਸੇ ਨੂੰ ਕੌੜਾ ਨੀ ਬੋਲਣਾ"। ਪੁੱਤਰ ਨੂੰ ਸਮਝਾਕੇ ਦੇਬੇ ਨੂੰ ਜਿਵੇਂ ਮਾਨਸਿਕ ਤਸੱਲੀ ਹੋ ਗਈ ਸੀ ਕਿਉਂਕਿ ਮਨ ਹੀ ਮਨ ਉਸ ਆਪਣੀ ਗ਼ਲਤੀ ਨੂੰ ਵੀ ਦਰੁੱਸਤ ਕਰ ਲਿਆ ਸੀ।
ਓਸ ਦਿਨ ਮਗਰੋਂ ਲੋਕਾਂ ਨੇ ਦੇਬੇ ਫ਼ੌਜੀ 'ਚ ਵੀ ਇੱਕ ਵੱਡਾ ਬਦਲਾਓ ਵੇਖਿਆ। ਹੁਣ ਉਹ ਮਿਠਾਸ ਤੇ ਨਿਮਰਤਾ ਦੀ ਮੂਰਤ ਬਣ ਗਿਆ ਸੀ ਤੇ ਦੇਬੇ ਫ਼ੌਜੀ ਤੋਂ ਲੋਕਾਂ ਦਾ ਚਹੇਤਾ ਫ਼ੌਜੀ ਗੁਰਦੇਵ ਸਿੰਘ
                                        -0-


5 comments:

ਗੁਰਸੇਵਕ ਸਿੰਘ ਧੌਲਾ said...

ਹੁਣ ਦੇਬੇ ਫੌਜੀ ਦੇ ਮੁੰਡੇ ਇਕੱਲੀਆਂ ਮੇਖਾ ਹੀ ਗਡਦੇ ਨੇ ਉਹਨਾਂ ਨੂੰ ਕੱਢਣ ਲਈ ਆਸ ਵੀ ਮਾਪਿਆਂ ਤੇ ਰਖਦੇ ਨੇ , ਅਸਲ ਇਹੀ ਕਾਰਨ ਘਰਾਂ ਚ ਕਾਲਾ ਕਲੰਦਰ ਨਚਦਾ ਰਹਿੰਦਾ ਹੈ , ਹਰਦੀਪ ਭੇਣ ਜੀ ਬਹੁਤ ਵਧਆਿ ਸੁਨੇਹਾ ਦਿੱਤਾ ਹੈ ।

Anonymous said...

ਮਾਣਯੋਗ ਅਗਰਵਾਲ ਜੀ,

ਪੰਜਾਬੀ ਮਿੰਨੀ 'ਤੇ ਕੰਧ 'ਚ ਮੇਖਾਂ ਕਹਾਣੀ ਨੂੰ ਥਾਂ ਦੇਣ ਲਈ ਸ਼ੁਕਰੀਆ।
ਸਿੱਖ ਸਪੋਕਸਮੈਨ ਦੇ ਸੰਪਾਦਕ ਗੁਰਸੇਵਕ ਸਿੰਘ ਧੌਲ਼ਾ ਨੇ ਆਪਣੇ ਵਿਚਾਰ ਈ-ਮੇਲ ਰਾਹੀਂ ਸਾਂਝੇ ਕੀਤੇ ਜੋ ਮੈਂ ਇਥੇ ਪੰਜਾਬੀ ਮਿੰਨੀ ਦੇ ਪਾਠਕਾਂ ਨਾਲ਼ ਸਾਂਝੇ ਕਰ ਰਹੀ ਹਾਂ.....(ਹਰਦੀਪ ਕੌਰ ਸੰਧੂ)
ਗੁਰਸੇਵਕ ਸਿੰਘ ਧੌਲ਼ਾ ਅਨੁਸਾਰ.....
ਹੁਣ ਦੇਬੇ ਫੌਜੀ ਦੇ ਮੁੰਡੇ ਇਕੱਲੀਆਂ ਮੇਖਾ ਹੀ ਗੱਡਦੇ ਨੇ ਉਹਨਾਂ ਨੂੰ ਕੱਢਣ ਲਈ ਆਸ ਵੀ ਮਾਪਿਆਂ ਤੇ ਰੱਖਦੇ ਨੇ , ਅਸਲ ਇਹੀ ਕਾਰਨ ਘਰਾਂ ਚ ਕਾਲਾ ਕਲੰਦਰ ਨੱਚਦਾ ਰਹਿੰਦਾ ਹੈ , ਹਰਦੀਪ ਭੈਣ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ।

Gulshan Dayal said...

bahut hi sohni kahani hai , khud nu vi te chhotian nu sikhia den vali..good example ....thanks for sharing

HARVINDER DHALIWAL said...

ਆਹਾ ! ਕੀ ਵਧੀਆ ਸੁਨੇਹਾ ਦਿੱਤਾ ਤੁਸੀਂ ਹਰਦੀਪ ਭੈਣ ..ਸੱਚੀ ਗੱਲ ਹੈ ਕਿ ਕੌੜਾ ਬੋਲਣ ਵਾਲੇ ਨੂੰ ਸੁਰਤ ਓਦੋਂ ਹੀ ਆਉਂਦੀ ਹੈ ਜਦ ਕੋਈ ਉਸਦਾ ਆਪਣਾ ਹੀ ਉਸ ਨਾਲ ਓਹੋ ਜਿਹਾ ਵਰਤਾਓ ਕਰੇ ...ਬਹੁਤ ਵਧੀਆ ...!!!

udaya veer singh said...

ਵਿਚਾਰ ਹੋਰ ਵਿਚਾਰ ਦੀ ਦਿਸ਼ਾ ਨੂ ਮੰਜਿਲ ਟਿਕ ਮੁਕਾਣ ਲਈ ,ਵਿਸਾਹ ਦੀ ਲੋੜ ਪੈਂਦੀ ਹੈ ...ਦੇਬੇ ਨੂ ਆਪਣੇ ਵਿਚਾਰ ਨੂ ਦਿਸ਼ਾ ਦੇਣ ਲਈ ਪੁੱਤਰ ਦੇ ਪਿਛੇ ਆਪਣੇ ਆਪ ਉਤੇ ਵਿਸਾਹ ਹੋ ਚਲਿਯਾ....ਮਾਮਲਾ ਸਿਧਿ ਰਾਹ ਤੁਰ ਗਿਆ ......./ ਚੰਗਾ ਸੁਨੇਹਾ /