ਨਾਇਬ ਸਿੰਘ ਮੰਡੇਰ
ਬੱਸ ਅੱਡੇ ਉੱਤੇ ਬੈਠੀ ਤਾਰੋ ਦਾ ਰੋਣਾ ਆਪ ਮੁਹਾਰੇ ਹੀ ਫੁੱਟ ਪਿਆ। ਉਹ ਏਨਾ ਰੋਈ ਕਿ ਹਟਕੋਰੇ ਲੈਂਦਿਆਂ ਉਸ ਦਾ ਸੰਘ ਸੁੱਕ ਗਿਆ ਤੇ ਬੇਹੋਸ਼ ਹੋ ਗਈ। ਆਪਣੀ ਧੀ ਨੂੰ ਤੀਆਂ ਦਾ ਸਮਾਨ ਦੇ ਕੇ ਬੱਸ ਤੋਂ ਉਤਰੀ ਮੇਲੋ ਨੇ ਦੇਖਿਆ ਕਿ ਤਾਰੋ ਥਡ਼ੇ ਉੱਤੇ ਹੀ ਮੱਧੇ ਮੂੰਹ ਪਈ ਹੈ। ਉਹਨੇ ਤਾਰੋ ਨੂੰ ਹਿਲਾਇਆ ਤੇ ਭੱਜਕੇ ਨਲਕੇ ਤੋਂ ਬੁੱਕ ਨਾਲ ਹੀ ਪਾਣੀ ਲਿਆਕੇ ਉਹਦੇ ਮੂੰਹ ਨੂੰ ਲਾਇਆ। ਤਾਰੋ ਨੂੰ ਹੋਸ਼ ਆ ਗਈ।
“ਕਿਵੇਂ ਅਡ਼ੀਏ, ਤੇਰਾ ਇਹ ਹਾਲ?” ਮੇਲੋ ਨੇ ਕਿਹਾ।
ਤਾਰੋ ਬਿਨਾ ਕੁਝ ਬੋਲਿਆਂ ਮੇਲੋ ਦੀ ਹਿੱਕ ਨਾਲ ਲੱਗਕੇ ਫੇਰ ਹੁਬਕੀ ਹੁਬਕੀ ਰੋਣ ਲੱਗੀ।
“ਨੀ, ਸੁੱਖ ਨਾਲ ਤੈਨੂੰ ਕਿਸ ਚੀਜ ਦੀ ਥੋਡ਼ ਐ! ਚੰਗੀ ਜ਼ਮੀਨ ਜਾਇਦਾਦ। ਨੂੰਹ-ਪੁੱਤ ਤੇਰੀ ਸੇਵਾ ਕਰਨ ਨੂੰ। ਕੁਡ਼ੀ ਤੇਰੇ ਹੈ ਨਹੀਂ, ਬਈ ਉਹਦਾ ਦੁੱਖ ਐ।” ਮੇਲੋ ਨੇ ਹਟਕੋਰੇ ਲੈਂਦੀ ਤਾਰੋ ਨਾਲ ਗੱਲ ਕਰਦਿਆਂ ਕਿਹਾ।
ਤਾਰੋ ਨੇ ਚੁੰਨੀ ਦੇ ਪੱਲੇ ਨਾਲ ਮੂੰਹ ਪੂੰਝਦਿਆਂ ਕਿਹਾ, “ਮੇਲੋ, ਤੂੰ ਤਾਂ ਮੇਰੇ ਨਾਲੋਂ ਸੌ ਗੁਣਾ ਚੰਗੀ ਐਂ, ਜੀਦ੍ਹੀ ਇੱਕੋ ਇੱਕ ਕੁਡ਼ੀ ਕੰਡਾ ਵੱਜੇ ਤੇ ਵੀ ਭੱਜੀ ਆਉਂਦੀ ਐ। ਮੇਰੀ ਜੂਨ ਕਿੰਨੀ ਮਾਡ਼ੀ ਐ, ਇਹ ਮੈਨੂੰ ਈ ਪਤੈ। ਦਸ ਦਿਨ ਹੋਗੇ ਭੈਡ਼ੀ ਬਿਮਾਰੀ ਲੱਗੀ ਨੂੰ, ਕਿਸੇ ਨੇ ਜਾਤ ਨਹੀਂ ਪੁੱਛੀ। ਧੀ ਹੁੰਦੀ ਤਾਂ ਹੱਥਾਂ ਤੇ ਚੁੱਕ ਲੈਂਦੀ।” ਆਪਣਾ ਦਰਦ ਦੱਸ ਤਾਰੋ ਫੇਰ ਫਿੱਸ ਪਈ।
“ਨਾ ਅਡ਼ੀਏ, ਮਨ ਹੌਲਾ ਨਾ ਕਰ, ਰੱਬ ਭਲੀ ਕਰੂ। ਚੱਲ ਘਰ ਚੱਲੀਏ।”
“ਨੀ ਮੇਲੋ, ਕਿਹਡ਼ੇ ਘਰ ਦੀ ਗੱਲ ਕਰਦੀ ਐਂ! ਘਰ ਤਾਂ ਉਦੋਂ ਦਾ ਈ ਓਪਰਾ ਹੋ ਗਿਆ ਸੀ, ਜਦੋਂ ਦਾ ਤੇਰਾ ਜੇਠ ਗੁਜਰਿਐ। ਕੋਈ ਜਾਤ ਨਹੀਂ ਪੁੱਛਦਾ।” ਤਾਰੋ ਨੇ ਦੁਖੀ ਮਨ ਨਾਲ ਦਰਦ ਦੱਸਿਆ।
“ਨੀ, ਨੂੰਹ ਨਹੀਂ ਬੁਲਾਊ, ਪੁੱਤ ਨੂੰ ਤਾਂ ਤਰਸ ਆਊ। ਚੱਲ ਮੇਰੇ ਨਾਲ ਘਰ।” ਮੇਲੋ ਨੇ ਜ਼ੋਰ ਦੇ ਕੇ ਕਿਹਾ।
“ਮੇਲੋ, ਕਿਹਡ਼ੇ ਪੁੱਤ ਦੀ ਗੱਲ ਕਰਦੀ ਐਂ, ਉਸ ਕੋਲੋਂ ਤਾਂ ਸਹੁਰੇ ਈ ਨਹੀਂ ਸੰਭਦੇ। ਉਹਨੇ ਅੱਜ ਮੈਨੂੰ ਧੱਕੇ ਦੇ ਕੇ ਘਰੋਂ ਕੱਢਤਾ। ਹਾਏ ਓਏ ਮੇਰਿਆ ਰੱਬਾ! ਕੀ ਰੱਖਿਆ ਸੀ ਪੁੱਤ ਨੂੰ, ਮੈਨੂੰ ਤਾਂ ਇੱਕ ਧੀ ਈ ਦੇ ਦਿੰਦਾ।” ਤਾਰੋ ਫੇਰ ਬੇਹੋਸ਼ ਹੋ ਗਈ।
ਪਿੰਡ ਦੀ ਪੰਚਾਇਤ ਤਾਰੋ ਨੂੰ ਚੁੱਕ ਕੇ ਘਰ ਲੈ ਗਈ। ਪੁੱਤ ਦਾ ਮੂੰਹ ਦੇਖਣ ਨੂੰ ਤਰਸਦੀ ਮੇਲੋ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, “ਪੁੱਤ ਦੀ ਮਾਂ ਨਾਲੋਂ ਤਾਂ ਧੀ ਦੀ ਮਾਂ ਹੋਣਾ ਈ ਚੰਗੈ।”
-0-
No comments:
Post a Comment