-moz-user-select:none; -webkit-user-select:none; -khtml-user-select:none; -ms-user-select:none; user-select:none;

Sunday, March 18, 2012

ਸਵਾਦ


ਸਤਿਪਾਲ ਖੁੱਲਰ

ਕੀ ਸੇਵਾ ਕਰਾਂ?
ਨਹੀਂ ਯਾਰ ਤੂੰ ਦੱਸ?
ਬੱਸ, ਚਲਦੇ ਐਂ ਪਿੰਡ ਨੂੰ।
ਆ ਯਾਰ, ਦੇਰ ਬਾਦ ਮਿਲੇ ਆਂ। ਗੱਲਾਂ-ਬਾਤਾਂ ਕਰਦੇ ਆਂ।
ਚੱਲ, ਜਿਵੇਂ ਤੇਰੀ ਮਰਜੀ।
ਨਾ ਚਾਹੁੰਦੇ ਹੋਏ ਵੀ, ਦੋਵੇਂ ਇਕ ਨਵੀਂ ਖੁੱਲੀ ਦੁਕਾਨ ਵੱਲ ਹੋ ਤੁਰੇ।
ਅਜੇ ਬੈਠੇ ਹੀ ਸਨ ਕਿ ਨੌਕਰ ਪਾਣੀ ਦੇ ਗਿਲਾਸ ਰੱਖ ਕੇ ਆਰਡਰ ਲੈਣ ਲੱਗਾ, ਕੋਲਡ ਡਰਿੰਕ, ਕੋਲਡ ਕਾਫੀ, ਆਈਸ ਕ੍ਰੀਮ, ਰੱਸਮਲਾਈ…?
ਤਿੰਨ ਰਸਮਲਾਈ! ਦਰਵਾਜੇ ਵੱਲੋਂ ਆਈ ਆਵਾਜ਼ ਸੁਣ ਕੇ, ਨੌਕਰ ਸਣੇ ਉਹ ਦੋਵੇਂ ਵੀ ਚੌਂਕ ਪਏ।
ਓਏ ਚੰਦਨ ਤੂੰ! ਦੋਵੇਂ ਇੱਕਠੇ ਬੋਲ ਪਏ।
ਕੱਲੇ-ਕੱਲੇ ਖਾਣ ਲੱਗੇ ਸੀ, ਚੋਰੀ-ਚੋਰੀ।
ਚੰਦਨ ਕਾਲਜ ਵੇਲੇ ਦਾ ਉਹਨਾਂ ਦਾ ਦੋਸਤ ਸੀ।
ਤਿੰਨੇਂ ਰਸਮਲਾਈ ਖਾਣ ਲੱਗੇ। ਇਕ ਨੇ ਸਾਹਮਣੇ ਲੱਗੀ ਰੇਟ-ਲਿਸਟ ਪਡ਼੍ਹ ਲਈ ਤੇ ਦੂਜੇ ਨੇ ਸ਼ੀਸ਼ੇ ਵਿੱਚੋਂ ਦੀ ਪਡ਼੍ਹ ਲਈ। ‘ਏਨੀ ਮਹਿੰਗੀ’–ਦੋਵੇਂ ਸੋਚੀਂ ਪੈ ਗਏ।
ਉਹ ਦੋਵੇਂ ਹੌਲੀ-ਹੌਲੀ ਖਾ ਰਹੇ ਸਨ ਤੇ ਚੰਦਨ ਤੇਜ਼ੀ ਨਾਲ। ਉਹ ਵਿਚ-ਵਿਚ ਗੱਲਾਂ ਵੀ ਕਰੀ ਜਾਂਦੇ।
‘ਤਿੰਨਾਂ ਪਲੇਟਾਂ ਦੇ ਪੈਸੇ! ਚੰਦਨ ਤਾਂ ਕਾਲਜ ਸਮੇਂ ਵੀ ਯਾਰਾਂ-ਮਿੱਤਰਾਂ  ਤੋਂ ਹੀ ਖਾਂਦਾ ਸੀ। ਪੈਸੇ ਤਾਂ ਸਾਨੂੰ ਹੀ ਦੇਣੇ ਪੈਣੇ ਹਨ। ਉਹ ਵੀ ਕਿਸੇ ਇਕ ਨੂੰ।’ ਦੋਵੇਂ ਸੋਚ ਰਹੇ ਸਨ।
ਚੰਦਨ ਨੇ ਪਲੇਟ ਖਾਲੀ ਕਰ ਦਿੱਤੀ ਤੇ ਉੱਠ ਖਲੋਤਾ। ਉਹ ਅਜੇ ਹੌਲੀ-ਹੌਲੀ ਚੱਮਚ ਚਲਾ ਰਹੇ ਸਨ। ਪਹਿਲ ਕੌਣ ਕਰੇ…?
ਚੰਗਾ ਯਾਰੋ! ਮੈਨੂੰ ਕੰਮ ਐ…ਹੋਰ ਦੱਸੋ ਕਿਵੇਂ ਲੱਗੀ ਰਸਮਲਾਈ?…ਸੱਚ, ਮੈਂ ਦੱਸਣਾ ਭੁੱਲ ਗਿਆ, ਇਹ ਦੁਕਾਨ ਮੈਂ ਹੁਣੇ ਖੋਲ੍ਹੀ ਐ, ਨਵੀਂ ਨਵੀਂ…ਹੋਰ ਕੋਈ ਕੰਮ ਤਾਂ ਮਿਲਿਆ ਨ੍ਹੀਂ। ਹਾਂ ਸਵਾਦ ਐ ਨਾ ਰਸਮਲਾਈ?
ਹਾਂ-ਹਾਂ, ਸਵਾਦ ਐ, ਬਹੁਤ ਸਵਾਦ! ਦੋਵੇਂ ਇਕ-ਦੂਜੇ ਤੋਂ ਨਜ਼ਰਾਂ ਚੁਰਾਉਂਦੇ ਚੰਦਨ ਵੱਲ ਦੇਖਣ ਲੱਗੇ।
ਹੁਣ ਉਹ ਤੇਜ਼ੀ ਨਾਲ ਰਸਮਲਾਈ ਦਾ ਸਵਾਦ ਮਾਨਣ ਲੱਗੇ।
                                          -0-

               
                                                                                


No comments: